ਗੁਰਦਾਸਪੁਰ (10 ਅਪਰੈਲ, 2014): ਸ਼ਹੀਦ ਭਾਈ ਜਸਪਾਲ ਸਿੰਘ ਦੀ ਮਾਤਾ ਜੀ , ਬੀਬੀ ਸਰਬਜੀਤ ਕੌਰ ਨੇ ਅੱਜ ਇਲਾਕੇ ਦੇ ਅਕਾਲੀ ਐਮ ਐਲ ਏ ਗੁਰਬਚਨ ਸਿੰਘ ਬੱਬੇ ਹਾਲੀ ਨੂੰ ਛਿਤਰਾਂ ਨਾਲ ਕੁਟਿਆ। ਬੱਬੇਹਾਲੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਖੇ ਵੋਟਾਂ ਮੰਗਣ ਗਿਆ ਸੀ।
ਜਿਉਂ ਹੀ ਬੱਬੇਹਾਲੀ ਆਪਣੀ ਗੱਡੀ ਵਿੱਚੋਂ ਪਾਰਟੀ ਦੀ ਮੀਟਿੰਗ ਕਰਨ ਲਈ ਪਿੰਡ ਦੀ ਸਰਪੰਚ ਦੇ ਘਰ ਜਾਣ ਲਈ ਉਤਰਿਆ ਤਾਂ ਸ਼ਹੀਦ ਭਾਈ ਜਸਪਾਲ ਸਿੰਘ ਦੀ ਮਾਤਾ ਬੀਬੀ ਸਰਬਜੀਤ ਕੌਰ ਜੋ ਕਿ ਇੱਕ ਨੇੜਲੇ ਘਰ ਵਿੱਚ ਹੀ ਸੀ ,ਉਸ ਨੂੰ ਦੇਖ ਕੇ ਰੋਹ ਵਿੱਚ ਆ ਗਈ ਅਤੇ ਬੱਬੇਹਾਲੀ ਵੱਲ ਚੱਪਲ ਮਾਰਨ ਨੂੰ ਭੱਜੀ।ਪਹਿਲੀ ਚੱਪਲ ਬੱਬੇਹਾਲੀ ਦੀ ਗੱਡੀ ‘ਤੇ ਵੱਜੀ ਜਦਕਿ ਬੀਬੀ ਨੇ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਤੋਂ ਬਾਅਦ ਬੱਬੇਹਾਲੀ ਤੇ ਜਸਪਾਲ ਸਿੰਘ ਦੇ ਕਾਤਲਾਂ ਨੂੰ ਬਚਾਉਣ ਦਾ ਦੋਸ਼ ਲਾਉਦਿਆਂ ਦੂਜੀ ਚੱਪਲ ਉਸ ਦੇ ਸਿੱਧੀ ਮੁੰਹ ‘ਤੇ ਮਾਰ ਦਿੱਤੀ ।
ਇਹ ਬੱਬੇਹਾਲੀ ਸ਼ੁਰੂ ਤੋਂ ਸ਼ਿਵ ਸੇਨਾ ਦਾ ਸਮਰਥਕ ਰਿਹਾ ਹੈ ਅਤੇ ਭਾਈ ਜਸਪਾਲ ਸਿੰਘ ਦੇ ਪਰਿਵਾਰ ਦੇ ਖਿਲਾਫ਼ ਅਕਸਰ ਬਿਆਨ-ਬਾਜ਼ੀ ਕਰਦਾ ਰਹਿੰਦਾ ਹੈ। ਇਸ ਦੀ ਭਾਈ ਸਾਹਿਬ ਦੇ ਕਤਲ ਵਿਚ ਸ਼ਾਮਿਲ ਪੁਲਿਸ ਵਾਲਿਆ ਨੂੰ ਬਚਾਉਣ ਵਿਚ ਵੱਡੀ ਭੂਮਿਕਾ ਰਹੀ ਹੈ।
ਜ਼ਿਕਰਯੋਗ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ‘ਤੇ ਚੜ੍ਹਾਏ ਜਾਣ ਦੇ ਅਦਾਲਤੀ ਹੁਕਮ ਉਪਰੰਤ ਪੰਜਾਬ ਵਿਚ ਸਿੱਖ ਜਥੇਬੰਦੀਆਂ ਨੇ ਗੁਰਦਾਸਪੁਰ ਵਿਚ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਦੌਰਾਨ ਚੱਲੀ ਪੁਲਿਸ ਗੋਲੀ ਕਾਰਨ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ। ਇਸ ਸਬੰਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।
ਇਥੇ ਇਹ ਦੱਸਣਾ ਜਰੂਰੀ ਹੈ ਕਿ ਜਸਪਾਲ ਸਿੰਘ ਦੇ ਕੇਸ ਨਾਲ ਸਬੰਧਿਤ ਰਿਪੋਰਟ ਪਿਛਲੇ ਬੁਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤੀ ਗਈ, ਜਿਸ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਇਹ ਦੱਸਿਆ ਕਿ ਇਸ ਕੇਸ ਦੀ ਜਾਂਚ ਸੇਵਾ ਮੁਕਤ ਐਡੀਸ਼ਨਲ ਅਤੇ ਸ਼ੈਸਨ ਜੱਜ ਬੀ.ਸੀ ਗੁਪਤਾ ਨੁੰ ਸੌਪੀ ਗਈ ਸੀ। ਸੇਵਾ ਮੁਕਤ ਜੱਜ ਗੁਪਤਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਸਮੇਂ ਦੇ ਗੁਰਦਾਸਪੁਰ ਦੇ ਐਸ. ਐਸ. ਪੀ ਵਰਿੰਦਰ ਪਾਲ ਸਿੰਘ,ਉਸ ਵੇਲੇ ਦੇ ਡੀ. ਐਸ. ਪੀ ਮਨਪ੍ਰੀਤ ਸਿੰਘ ਦੇ ਵਿਰੁੱਧ ਲੱਗੇ ਦੋਸ਼ ਸਹੀ ਨਹੀਂ ਹਨ।ਇਸ ਤਰਾਂ ਪੰਜਾਬ ਸਰਕਾਰ ਨੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਕਾਤਲ ਪੁਲਿਸ ਅਪਸਰਾਂ ਨੂੰ ਦੋਸ਼ ਮੁਕਤ ਕਰ ਦਿੱਤਾ ਹੈ।