ਅੰਮ੍ਰਿਤਸਰ, 13 ਮਾਰਚ : ਰਾਜਸਥਾਨ ਦੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅਤੇ ਭਾਈ ਬਲਾਕਾ ਸਿੰਘ ਸੰਘਰਸ਼ ਮੋਰਚਾ ਬੁੱਢਾ ਜੋਹੜ ਰਾਜਸਥਾਨ ਦੇ ਆਗੂਆਂ ਨੇ ਅੱਜ ਇੱਥੇ ਦੋਸ਼ ਲਾਇਆ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖ਼ੁਦ ਤਨਖਾਹੀਆ ਕਰਾਰ ਦਿੱਤੇ ਵਿਅਕਤੀਆਂ ਕੋਲੋਂ ਸਿਰੋਪਾ ਲੈ ਕੇ ਆਪਣੇ ਹੀ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਜਥੇਬੰਦੀ ਦੇ ਆਗੂ ਹਰਦੀਪ ਸਿੰਘ ਡਿਬਡਿਬਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਰਾਜਸਥਾਨ ਦੇ ਗੁਰਦੁਆਰਾ ਬੁੱਢਾ ਜੋਹੜ ਦੇ ਵਿਦਿਅਕ ਟਰਸੱਟ ਸਬੰਧੀ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਬੀਤੀ 27 ਜਨਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਟਰਸੱਟ ਦੀ ਇੱਕ ਧਿਰ ਦੇ ਮੈਂਬਰਾਂ ਗੁਰਪ੍ਰਤਾਪ ਸਿੰਘ, ਪਰਮਜੀਤ ਸਿੰਘ, ਕੰਵਲਜੀਤ ਸਿੰਘ ਹੁੰਦਲ, ਬਲਦੇਵ ਸਿੰਘ ਬਰਾੜ, ਗੁਰਦੀਪ ਸਿੰਘ, ਮਲਕੀਤ ਸਿੰਘ, ਨਿਰੰਜਨ ਸਿੰਘ, ਹਾਕਮ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਇਸ ਸਬੰਧੀ ਜਾਰੀ ਹੁਕਮਨਾਮੇ ਵਿੱਚ ਸੰਗਤ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਜਦੋਂ ਤੱਕ ਇਹ ਸਾਰੇ ਆਪਣੀ ਭੁੱਲ ਸ੍ਰੀ ਅਕਾਲ ਤਖ਼ਤ ’ਤੇ ਹਾਜ਼ਰ ਹੋ ਕੇ ਨਹੀਂ ਬਖ਼ਸ਼ਾਉਂਦੇ, ਉਦੋਂ ਤੱਕ ਦੇਸ਼ ਵਿਦੇਸ਼ ਦੀ ਸੰਗਤ ਇਨ੍ਹਾਂ ਨਾਲ ਧਾਰਮਿਕ ਅਤੇ ਸਮਾਜਿਕ ਤੌਰ ’ਤੇ ਕੋਈ ਸਹਿਯੋਗ ਨਾ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਬੀਤੀ 3 ਮਾਰਚ ਨੂੰ ਗੁਰਦੁਆਰਾ ਬੁੱਢਾ ਜੋਹੜ ਵਿਖੇ ਹੋਏ ਸਮਾਗਮ ਵਿੱਚ ਗਿਆਨੀ ਗੁਰਬਚਨ ਸਿੰਘ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਖ਼ੁਦ ਹੀ ਹੁਕਮਨਾਮਾ ਜਾਰੀ ਕਰਕੇ ਤਨਖਾਹੀਆ ਕਰਾਰ ਦਿੱਤੇ ਗਏ ਹਾਕਮ ਸਿੰਘ ਟਰਸੱਟੀ ਕੋਲੋਂ ਸਿਰੋਪਾ ਪ੍ਰਾਪਤ ਕੀਤਾ ਸੀ।
ਉਨ੍ਹਾਂ ਆਖਿਆ ਕਿ ਇਸ ਪ੍ਰੋਗਰਾਮ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਸੀ। ਉਨ੍ਹਾਂ ਇੱਕ ਹੋਰ ਦੋਸ਼ ਲਾਇਆ ਕਿ ਜਥੇਦਾਰ ਨੇ 25 ਸਤੰਬਰ 2010 ਨੂੰ ਹਨੂੰਮਾਨਗੜ੍ਹ ਸਥਿਤ ਗੁਰਦੁਆਰਾ ਸੁੱਖਾ ਸਿੰਘ ਮਹਿਤਾਬ ਸਿੰਘ ਵਿਖੇ ਇੱਕ ਅਜਿਹੇ ਪੁਲੀਸ ਇੰਸਪੈਕਟਰ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਸੀ, ਜਿਸਨੇ ਦੋ ਸਿੱਖ ਵਿਅਕਤੀਆਂ ਹਰਦੇਵ ਸਿੰਘ ਸਿੱਧੂ ਤੇ ਸਿਕੰਦਰ ਸਿੰਘ ਨੂੰ ਚਾਰ ਅਪਰੈਲ 1991 ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਇਸ ਦੇ ਬਦਲੇ ਪੁਲੀਸ ਕਰਮਚਾਰੀ ਨੂੰ ਤਰੱਕੀ ਵੀ ਪ੍ਰਾਪਤ ਹੋਈ ਸੀ। ਸਿੱਖ ਆਗੂਆਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਮਾਮਲਿਆਂ ਵਿੱਚ ਗਿਆਨੀ ਗੁਰਬਚਨ ਸਿੰਘ ਦੀ ਜਵਾਬਦੇਹੀ ਤੈਅ ਕਰਨ।
ਇਸ ਮਾਮਲੇ ਸਬੰਧੀ ਰਾਜਸਥਾਨ ਦੇ ਸਿੱਖਾਂ ਵੱਲੋਂ ਜਲਦੀ ਹੀ ਸਮੂਹ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਸੱਦ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ, ਜਿਸ ਤਹਿਤ ਸ਼ੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਹੋਰ ਸਿੰਘ ਸਾਹਿਬਾਨਾਂ ਨੂੰ ਮੰਗ ਪੱਤਰ ਦੇ ਕੇ ਜਥੇਦਾਰ ਖ਼ਿਲਾਫ਼ ਕਾਰਵਾਈ ਲਈ ਅਪੀਲ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਿੰਘ ਸਾਹਿਬਾਨ ਵੱਲੋਂ ਕੀਤੇ ਜਾ ਰਹੇ ਵਧੇਰੇ ਫੈਸਲੇ ਸਿਆਸੀ ਧਿਰਾਂ ਦੇ ਪ੍ਰਭਾਵ ਨਾਲ ਹੁੰਦੇ ਹਨ। ਉਨ੍ਹਾਂ ਮਿਸਾਲ ਦਿੱਤੀ ਕਿ ਸਿੰਘ ਸਾਹਿਬਾਨ ਵੱਲੋਂ ਗੁਰਦੁਆਰਾ ਬੁੱਢਾ ਜੋਹੜ ਟਰਸੱਟ ਦੇ ਜਿਨ੍ਹਾਂ ਟਰਸੱਟੀਆਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਉਨ੍ਹਾਂ ਖ਼ਿਲਾਫ਼ ਅਗਲੇ ਫੈਸਲੇ ਲਈ 13 ਫਰਵਰੀ ਦੀ ਤਰੀਕ ਨਿਯਤ ਕੀਤੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸਿੱਖ ਆਗੂਆਂ ਨੇ ਕੁੱਲ ਹਿੰਦ ਸਿੱਖ ਗੁਰਦੁਆਰਾ ਐਕਟ ਬਣਾਉਣ ’ਤੇ ਵੀ ਜ਼ੋਰ ਦਿੱਤਾ ਹੈ ਅਤੇ ਹੋਰ ਸੂਬਿਆਂ ਵਿੱਚ ਵੱਖਰੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਥਾਪਤ ਕਰਨ ਦੀ ਹਮਾਇਤ ਕੀਤੀ ਹੈ।
ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਰਾਜਸਥਾਨ ਦੇ ਸਿੱਖਾਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਉਹ ਤਨਖਾਹੀਆ ਕਰਾਰ ਦਿੱਤੇ ਗਏ ਵਿਅਕਤੀਆਂ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਸਨ ਸਗੋਂ ਉਹ ਤਾਂ ਇਤਿਹਾਸਕ ਗੁਰਦੁਆਰਾ ਬੁੱਢਾ ਜੋਹੜ ਵਿਖੇ ਗਏ ਸਨ, ਜਿਥੇ ਉਹ ਪਹਿਲਾਂ ਵੀ ਕਈ ਵਾਰ ਜਾ ਚੁੱਕੇ ਹਨ। ਉਥੇ ਹੋਏ ਸਮਾਗਮ ਵਿੱਚ ਟਰਸੱਟੀ ਹਾਕਮ ਸਿੰਘ ਦੀ ਸ਼ਮੂਲੀਅਤ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਂਜ ਵੀ ਸਮਾਗਮ ਸਿੱਖ ਜਥੇਬੰਦੀਆਂ ਵੱਲੋਂ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਨਹੀਂ ਸੀ ਕਿ ਇਹ ਹਾਕਮ ਸਿੰਘ ਤਨਖਾਹੀਆ ਕਰਾਰ ਦਿੱਤਾ ਵਿਅਕਤੀ ਹੈ ਜਾਂ ਅਸਤੀਫ਼ਾ ਦੇਣ ਵਾਲਿਆਂ ’ਚ ਸ਼ਾਮਲ ਹਾਕਮ ਸਿੰਘ ਹੈ। ਉਨ੍ਹਾਂ ਆਖਿਆ ਕਿ ਉਕਤ ਟਰਸੱਟੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦਕਿ ਅਗਲੀ ਕਾਰਵਾਈ ਲੰਬਿਤ ਸੀ।