ਅੰਮ੍ਰਿਤਸਰ—ਵਰਪਾਲ ਸਥਿਤ ਗੁਰਦਵਾਰਾ ਰੋੜੀ ਸਾਹਿਬ ਦੇ ਗ੍ਰੰਥੀ ਵਰਿਆਮ ਸਿੰਘ ਨੂੰ ਗੁਰਦੁਆਰੇ ਵਿਚ ਹੀ ਮਾਰ ਕੇ ਸਾੜ ਦਿੱਤਾ ਗਿਆ। ਨਿਹੰਗ ਸ਼ਮਸ਼ੇਰ ਸਿੰਘ ਸ਼ੇਰਾ ਨੇ ਆਪਣੇ ਲੜਕੇ ਸਾਜਨ ਅਤੇ ਪਤਨੀ ਰਾਜ ਕੌਰ ਨਾਲ ਮਿਲ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਐੱਸ. ਪੀ. ਅਟਾਰੀ ਸੁਖਵਿੰਦਰ ਸਿੰਘ ਤੇ ਥਾਣਾ ਇੰਚਾਰਜ ਪੁਲਸ ਬਲ ਦੇ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਸੜਕ ਤੋਂ ਚੁੱਕੀ ਗ੍ਰੰਥੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀਆਂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਕੇ, ਉਨ੍ਹਾਂ ਦੀ ਫੜੋ-ਫੜੀ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਗਈ ਹੈ। ਵਰਿਆਮ ਸਿੰਘ ਵਰਪਾਲ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ਵਿਚ ਗ੍ਰੰਥੀ ਦੀ ਭੂਮਿਕਾ ਨਿਭਾਅ ਰਹੇ ਸਨ। ਪਿੰਡ ਦਾ ਹੀ ਰਹਿਣ ਵਾਲਾ ਸ਼ਮਸ਼ੇਰ ਸਿੰਘ ਗੁਰਦੁਆਰਾ ਰੋੜੀ ਸਾਹਿਬ ‘ਤੇ ਕਬਜ਼ੇ ਦੀ ਨੀਅਤ ਨਾਲ ਆਇਆ ਸੀ। ਬੀਤੀ ਰਾਤ ਉਹ ਆਪਣੀ ਪਤਨੀ ਅਤੇ ਲੜਕੇ ਦੇ ਨਾਲ ਫਿਰ ਗੁਰਦੁਆਰੇ ਮੱਥਾ ਟੇਕਣ ਦੇ ਬਹਾਨੇ ਆਇਆ ਅਤੇ ਉਥੇ ਰੁੱਕ ਗਿਆ।
ਉਸ ਨੇ ਪਹਿਲਾਂ ਗੁਰਦੁਆਰੇ ‘ਚ ਮੌਜੂਦ ਲੋਕਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਬਾਅਦ ਵਿਚ ਆਪਣੀ ਪਤਨੀ, ਲੜਕੇ ਅਤੇ ਸਾਥੀਆਂ ਨਾਲ ਮਿਲ ਕੇ ਵਰਿਆਮ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਉੱਥੇ ਪਈਆਂ ਲੱਕੜੀਆਂ ਰੱਖ ਕੇ ਉਨ੍ਹਾਂ ਦੀ ਲਾਸ਼ ਨੂੰ ਅੱਗ ਲਗਾ ਦਿੱਤੀ। ਦੋਸ਼ੀ ਫਿਲਹਾਲ ਪੁਲਸ ਦੀ ਪਹੁੰਚ ਤੋਂ ਬਾਹਰ ਹਨ।