ਅੰਮ੍ਰਿਤਸਰ, 27 ਜਨਵਰੀ : ਲੰਮੇ ਸਮੇਂ ਤੋਂ ਵਿਚਾਲੇ ਲਟਕ ਰਹੀ ਸਿਟੀ ਬੱਸ ਸੇਵਾ ਨੂੰ ਆਖ਼ਰਕਾਰ ਭਲਕੇ 28 ਜਨਵਰੀ ਨੂੰ ਸਰਕਾਰ ਵੱਲੋਂ ਹਰੀ ਝੰਡੀ ਦਿੱਤੀ ਜਾ ਰਹੀ ਹੈ ਪਰ ਇਸ ਮੌਕੇ ਹੋਣ ਵਾਲੇ ਸਮਾਗਮ ਲਈ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਨਾ ਦੇ ਕੇ ਇੱਕ ਵਾਰ ਫਿਰ ਸਰਕਾਰ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਸਮਾਗਮ ਲਈ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਨੂੰ ਤਾਂ ਸੱਦਾ ਦਿੱਤਾ ਗਿਆ ਹੈ ਪਰ ਸ੍ਰੀ ਸਿੱਧੂ ਨੂੰ ਕੋਈ ਸੱਦਾ ਪੱਤਰ ਨਹੀਂ ਭੇਜਿਆ ਗਿਆ। ਸ੍ਰੀ ਸਿੱਧੂ ਦੇ ਸਿਆਸੀ ਸਕੱਤਰ ਅਮਨ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਸ ਸਬੰਧੀ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਨਾ ਭੇਜਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ ਕਿਉਂਕਿ ਉਹ ਸਿਟੀ ਬੱਸ ਸੇਵਾ ਦੇ ਸ਼ੁਰੂ ਹੋਣ ਦਾ ਸਿਹਰਾ ਆਪਣੇ ਗਲ ਪਾਉਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਆਖਿਆ ਕਿ ਇਹ ਸੇਵਾ ਦਾ ਸ਼ੁਰੂ ਹੋਣਾ ਅੰਮ੍ਰਿਤਸਰ ਦੇ ਵਿਕਾਸ ਲਈ ਇੱਕ ਵੱਡਾ ਮੀਲ ਪੱਥਰ ਹੈ ਅਤੇ ਉਹ ਇਸ ਦੀ ਸ਼ੁਰੂਆਤ ’ਤੇ ਬਹੁਤ ਖੁਸ਼ ਹਨ, ਇਸ ਲਈ ਉਹ ਸੇਵਾ ਨੂੰ ਸ਼ੁਰੂ ਕਰਨ ਵਾਸਤੇ ਹਰੇਕ ਵਿਅਕਤੀ ਦਾ ਧੰਨਵਾਦ ਕਰਦੇ ਹਨ। ਸਰਕਾਰ ਵੱਲੋਂ ਲਗਾਤਾਰ ਉਨ੍ਹਾਂ ਨੂੰ ਅਣਡਿੱਠੇ ਕਰਨ ਬਾਰੇ ਸ੍ਰੀ ਸਿੱਧੂ ਨੇ ਆਖਿਆ ਕਿ ਉਹ ਹਮੇਸ਼ਾਂ ਹੀ ਸੱਚ ਦੀ ਰਾਹ ’ਤੇ ਚੱਲੇ ਹਨ ਅਤੇ ਉਨ੍ਹਾਂ ਨੇ ਕਦੇ ਕੋਈ ਡਰ ਮਹਿਸੂਸ ਨਹੀਂ ਕੀਤਾ। ਉਹ ਅੰਮ੍ਰਿਤਸਰ ਵਾਸੀਆਂ ਦਾ ਵਿਸ਼ਵਾਸ ਨਹੀਂ ਤੋੜ ਸਕਦੇ ਅਤੇ ਭਵਿੱਖ ਵਿਚ ਜੇਕਰ ਕੋਈ ਚੋਣ ਲੜਨਗੇ ਤਾਂ ਸਿਰਫ਼ ਅੰਮ੍ਰਿਤਸਰ ਤੋਂ ਹੀ ਚੋਣ ਲੜਨਗੇ। ਉਨ੍ਹਾਂ ਆਖਿਆ ਕਿ ਉਹ ਸਿਆਸਤ ਵਿੱਚ ਇੱਕ ਮਿਸ਼ਨ ਲੈ ਕੇ ਸ਼ਾਮਲ ਹੋਏ ਸਨ ਕਿ ਲੋਕ ਸਿਆਸੀ ਆਗੂਆਂ ’ਤੇ ਵਿਸ਼ਵਾਸ ਕਰਨ। ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਨੂੰ ਕੁਝ ਦਿਨ ਪਹਿਲਾਂ 12 ਜਨਵਰੀ ਵਾਲੇ ਦਿਨ ਪੁਲ ਦੇ ਉਦਘਾਟਨ ਮੌਕੇ ਵੀ ਨਜ਼ਰਅੰਦਾਜ਼ ਕੀਤਾ ਗਿਆ ਸੀ।
ਨਗਰ ਨਿਗਮ ਵੱਲੋਂ ਸਿਟੀ ਬੱਸ ਸੇਵਾ ਦੇ ਪਹਿਲੇ ਪੜਾਅ ਵਿੱਚ 40 ਬੱਸਾਂ ਚਲਾਈਆਂ ਜਾਣਗੀਆਂ। ਇਸ ਲਈ ਦਬੁਰਜੀ ਤੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਬੱਸ ਅੱਡੇ ਤੋਂ ਅਟਾਰੀ ਲਈ ਰੂਟ ਤੈਅ ਕੀਤੇ ਗਏ ਹਨ। ਨਗਰ ਨਿਗਮ ਵੱਲੋਂ ਸਿਟੀ ਬੱਸ ਸੇਵਾ ਲਈ ਲਗਪਗ 112 ਬੱਸਾਂ ਦੀ ਖਰੀਦ ਕੀਤੀ ਗਈ ਹੈ ਅਤੇ ਪਹਿਲੇ ਪੜਾਅ ਵਿੱਚ 40 ਬੱਸਾਂ ਪੁੱਜੀਆਂ ਹਨ। ਇਹ ਬੱਸ ਸੇਵਾ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਹੈ।