ਚੰਡੀਗੜ੍ਹ, 9 ਅਪਰੈਲ – ਗੁਰਦਾਸਪੁਰ ਵਿੱਚ ਭੀੜ ਨੂੰ ਖਿੰਡਾਉਣ ਲਈ ਪੁਲੀਸ ਵੱਲੋਂ ਚਲਾਈ ਗਈ ਗੋਲੀ ਕਾਰਨ ਭਾਈ ਜਸਪਾਲ ਸਿੰਘ ਦੇ ਸ਼ਹੀਦ ਹੋ ਜਾਣ ਤੋਂ ਕਰੀਬ ਇਕ ਸਾਲ ਬਾਅਦ ਪੰਜਾਬ ਸਰਕਾਰ ਨੇ ਗੁਰਦਾਸਪੁਰ ਦੇ ਤਤਕਾਲੀ ਐਸਐਸਪੀ ਵਰਿੰਦਰਪਾਲ ਸਿੰਘ ਅਤੇ ਤਤਕਾਲੀ ਡੀਐਸਪੀ ਮਨਪ੍ਰੀਤ ਸਿੰਘ ਖ਼ਿਲਾਫ਼ ਕਾਰਵਾਈ ਬੰਦ ਕਰਨ ਦਾ ਫੈਸਲਾ ਲਿਆ ਹੈ।
ਇਸ ਸਬੰਧੀ ਇਕ ਹਲਫਨਾਮਾ ਸੇਵਾਮੁਕਤ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬੀ.ਸੀ. ਗੁਪਤਾ ਵੱਲੋਂ ਦਾਖਲ ਕੀਤਾ ਗਿਆ ਹੈ। ਉਨ੍ਹਾਂ ਸੇਵਾਮੁਕਤ ਆਈਏਐਸ ਸੀ.ਐਸ. ਤਲਵਾੜ ਦੀ ਥਾਂ ਇਸ ਮਾਮਲੇ ਦੀ ਜਾਂਚ ਕੀਤੀ ਸੀ। ਸ੍ਰੀ ਗੁਪਤਾ ਨੇ ਦੱਸਿਆ ਕਿ ਦੋਸ਼ ਸਾਬਤ ਨਾ ਹੋ ਸਕਣ ਕਾਰਨ ਇਹ ਮਾਮਲਾ ਬੰਦ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਪਹਿਲਾਂ ਇਸ ਮਾਮਲੇ ਵਿੱਚ ਅਧੀਨ ਸਕੱਤਰ (ਗ੍ਰਹਿ) ਸੇਵਾ ਸਿੰਘ ਦਾ ਸਾਲਾਨਾ ਇਨਕਰੀਮੈਂਟ ਰੋਕਣ ਦੇ ਹੁਕਮ ਦਿੱਤੇ ਜਾ ਚੁੱਕੇ ਸਨ। ਹੁਣ ਸਰਕਾਰ ਨੇ ਪੀਸੀਐਸ ਅਫਸਰ ਤੇਜਿੰਦਰ ਪਾਲ ਸਿੰਘ ਨੂੰ ਵੀ ਦੋਸ਼ ਮੁਕਤ ਕਰਨ ਦਾ ਫੈਸਲਾ ਲਿਆ ਹੈ ਕਿਉਂਕਿ ਜਾਂਚ ਵਿੱਚ ਉਨ੍ਹਾਂ ਖਿਲਾਫ ਵੀ ਡਿਊਟੀ ਵਿੱਚ ਕੋਤਾਹੀ ਵਰਤਣ ਦੇ ਦੋਸ਼ ਸਿੱਧ ਨਹੀਂ ਹੋਏ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਪੁਲੀਸ ਨੇ ਗੋਲੀ ਚਲਾ ਦਿੱਤੀ ਸੀ। ਇਸ ਸਬੰਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।