ਲੁਧਿਆਣਾ, 2 ਜਨਵਰੀ – ਲੁਧਿਆਣਾ ਦੀ ਕੁੜੀ ਨੂੰ ਮਾਡਲਿੰਗ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਜੇਲ੍ਹ ਪਹੁੰਚੇ ਗਾਇਕ ਨਛੱਤਰ ਗਿੱਲ ਨੂੰ ਹਾਈ ਸਕਿਓਰਟੀ ਬੈਰਕ ਵਿੱਚ ਰੱਖਿਆ ਗਿਆ ਹੈ। ਗਾਇਕ ਨਛੱਤਰ ਗਿੱਲ ਸਵੇਰੇ ਤੜਕਸਾਰ ਉੱਠ ਕੇ ਪਾਠ ਕਰਦਾ ਹੈ ਤੇ ਉਸ ਦਾ ਸਾਰਾ ਦਿਨ ਲੋਕਾਂ ਨੂੰ ਗਾਣੇ ਸੁਣਾਉਣ ਵਿੱਚ ਬੀਤ ਜਾਂਦਾ ਹੈ।
ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਬਹੁਤ ਹੀ ਖ਼ਤਰਨਾਕ ਕੈਦੀ ਵੀ ਹਨ, ਇਸ ਕਰਕੇ ਨਛੱਤਰ ਗਿੱਲ ਨੂੰ ਹਾਈ ਸਕਿਓਰਟੀ ਬੈਰਕ ਵਿੱਚ ਬੰਦ ਕੀਤਾ ਗਿਆ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਾਇਕ ਨਛੱਤਰ ਗਿੱਲ ਦਿਨ ਵੇਲੇ ਵੀ ਆਪਣੀ ਬੈਰਕ ਵਿੱਚੋਂ ਬਾਹਰ ਨਹੀਂ ਆਉਂਦਾ। ਜੇਲ੍ਹ ਸੁਪਰਡੈਂਟ ਸੁਰਿੰਦਰ ਪਾਲ ਖੰਨਾ ਦਾ ਕਹਿਣਾ ਹੈ ਕਿ ਨਛੱਤਰ ਗਿੱਲ ਨੂੰ ਖਾਣਾ ਵੀ ਜੇਲ੍ਹ ਦਾ ਹੀ ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਬਾਕੀ ਕੈਦੀਆਂ ਵਾਸਤੇ ਬਣਦਾ ਹੈ। ਨਾਲ ਹੀ ਸਿਰਫ਼ ਉਸ ਦੇ ਰਿਸ਼ਤੇਦਾਰਾਂ ਨੂੰ ਹੀ ਉਸ ਨਾਲ ਮਿਲਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਗਾਇਕ ਨਛੱਤਰ ਗਿੱਲ ਨੂੰ 24 ਦਸੰਬਰ ਨੂੰ ਥਾਣਾ ਪੀ.ਏ.ਯੂ. ਦੀ ਪੁਲੀਸ ਨੇ ਫੜਿਆ ਸੀ, ਜਿਸ ਤੋਂ ਬਾਅਦ ਪੰਜ ਦਿਨ ਪੁਲੀਸ ਰਿਮਾਂਡ ’ਚ ਰੱਖਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਗਾਇਕ ਨਛੱਤਰ ਗਿੱਲ ਜੇਲ੍ਹ ਪਹੁੰਚਿਆ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਸੋਚ ਪੈ ਗਈ ਕਿ ਉਸ ਨੂੰ ਕਿਹੜੀ ਬੈਰਕ ਵਿੱਚ ਰੱਖਿਆ ਜਾਵੇ, ਕਿਉਂਕਿ ਜੇਲ੍ਹ ਵਿੱਚ 3300 ਕੈਦੀ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਖ਼ਤਰਨਾਕ ਕੈਦੀ ਹਨ। ਫਿਰ ਜੇਲ੍ਹ ਪ੍ਰਸ਼ਾਸਨ ਨੇ ਨਛੱਤਰ ਗਿੱਲ ਨੂੰ ਜੇਲ੍ਹ ਦੇ ਅੰਦਰ ਹੀ ਬਣਾਈ ਗਈ ਹਾਈ ਸਕਿਓਰਟੀ ਬੈਰਕ ਵਿੱਚ ਬੰਦ ਕਰ ਦਿੱਤਾ। ਇਸ ਵਿੱਚ ਪਹਿਲਾਂ ਤੋਂ ਵਿਦੇਸ਼ੀ ਕੈਦੀ, ਹਰਪ੍ਰੀਤ ਤੇਜ਼ਾਬ ਕਾਂਡ ਦੇ ਮੁਲਜ਼ਮ ਤੇ ਕਰੀਬ 100 ਹੋਰ ਕੈਦੀ ਬੰਦ ਹਨ।
ਇਸ ਹਾਈ ਸਕਿਓਰਟੀ ਬੈਰਕ ਵਿੱਚ ਬੰਦ ਇਕ ਕੈਦੀ ਜੋ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਇਆ ਸੀ, ਨੇ ਦੱਸਿਆ ਕਿ ਬੈਰਕ ਵਿੱਚ ਨਛੱਤਰ ਗਿੱਲ ਉਨ੍ਹਾਂ ਨੂੰ ਜਦੋਂ ਮਨ ਹੋਏ ਗਾਣੇ ਸੁਣਾ ਦਿੰਦਾ ਹੈ, ਪਰ ਕਈ ਵਾਰੀ ਆਪਣੇ ਆਪ ਵਿੱਚ ਹੀ ਗੁਣ ਗੁਣਾਂਦਾ ਰਹਿੰਦਾ ਹੈ। ਜੇਲ੍ਹ ਸੁਪਰਡੈਂਟ ਖੰਨਾ ਨੇ ਦੱਸਿਆ ਕਿ ਉਸ ਨੂੰ ਹਾਈ ਸਕਿਓਰਟੀ ਬੈਰਕ ਵਿੱਚ ਇਸ ਵਾਸਤੇ ਰੱਖਿਆ ਗਿਆ ਹੈ, ਕਿਉਂਕਿ ਕਈ ਵਾਰ ਬਾਕੀ ਕੈਦੀ ਲੜ ਪੈਂਦੇ ਹਨ। ਉਸ ’ਤੇ ਕੋਈ ਹਮਲਾ ਨਾ ਕਰ ਦੇਵੇ ਇਸ ਕਰਕੇ ਉਸ ਨੂੰ ਵੱਖਰੀ ਤੇ ਸੁਰੱਖਿਅਤ ਬੈਰਕ ਵਿੱਚ ਰੱਖਿਆ ਹੈ ਪਰ ਉਸ ਦੇ ਨਾਲ ਵਰਤਾਰਾ ਆਮ ਕੈਦੀਆਂ ਵਾਂਗ ਹੀ ਕੀਤਾ ਜਾ ਰਿਹਾ ਹੈ।