ਤਪਾ ਮੰਡੀ, 30 ਮਾਰਚ : ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਬਾਹਰਲੇ ਬੱਸ ਸਟੈਂਡ ਕੋਲ ਸਥਿਤ ਪਾਲ ਫਿਲਿੰਗ ਸਟੇਸ਼ਨ ਦੇ ਮਾਲਕ ਦੀ ਅੱਜ ਤੇਜ਼ ਰਫ਼ਤਾਰ ਔਰਬਿਟ ਬੱਸ ਦੀ ਲਪੇਟ ਵਿੱਚ ਆ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਉਰਫ਼ ਮੇਸ਼ੀ ਪੁੱਤਰ ਬਾਬੂ ਰਾਮ ਆਪਣੇ ਚੇਤਕ ਸਕੂਟਰ (ਪੀ.ਬੀ. 13.ਜੇ/6855) ’ਤੇ ਬਾਹਰਲੇ ਬੱਸ ਸਟੈਂਡ ’ਤੇ ਸਥਿਤ ਪੈਟਰੌਲ ਪੰਪ ਤੋਂ ਵਾਪਸ ਆਪਣੇ ਘਰ ਜਾਣ ਲਈ ਨਿਕਲਿਆ ਹੀ ਸੀ ਕਿ ਬਠਿੰਡਾ ਤੋਂ ਗਲਤ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਔਰਬਿਟ ਬੱਸ (ਨੰਬਰ ਪੀ.ਬੀ. 10 ਡਬਲਯੂ/ 7257) ਨੇ ਉਸਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸਨੂੰ ਕਾਫ਼ੀ ਦੂਰ ਤੱਕ ਘੜੀਸਦੀ ਰਹੀ। ਇਸ ਕਾਰਨ ਰਮੇਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਤੁਰੰਤ ਉਸ ਨੂੰ ਮਿੰਨੀ ਸਹਾਰਾ ਦੀ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਤਪਾ ਵਿਖੇ ਲਿਆਂਦਾ ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
ਦੂਜੇ ਪਾਸੇ ਲੋਕਾਂ ਨੇ ਬਾਹਰਲੇ ਬਸ ਸਟੈਂਡ ਤੇਜ਼ ਰਫ਼ਤਾਰ ਬੱਸ ਚਲਾਉਣ ’ਤੇ ਬਾਦਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਬੱਸ ’ਤੇ ਪਥਰਾਅ ਵੀ ਕੀਤਾ। ਦੱਸਿਆ ਜਾਂਦਾ ਹੈ ਕਈ ਸਵਾਰੀਆਂ ਦੇ ਵੀ ਸੱਟਾਂ ਵੱਜੀਆਂ ਅਤੇ ਬੱਸ ਚਾਲਕ ਰਾਮਪੁਰਾ ਕੋਲ ਵੀ ਕਿਸੇ ਨੂੰ ਫੇਟ ਮਾਰ ਕੇ ਆਇਆ ਸੀ। ਭੜਕੇ ਲੋਕਾਂ ਨੇ ਸਵੇਰੇ ਤਪਾ ਬੰਦ ਦਾ ਸੱਦਾ ਦਿੱਤਾ। ਇਸਦੇ ਮੱਦੇਨਜ਼ਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭਲਕੇ ਹੋਣ ਵਾਲੀ ਰੈਲੀ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਇੱਕ ਸੀਨੀਅਰ ਕਾਂਗਰਸੀ ਆਗੂ ਦਾ ਰਿਸ਼ਤੇਦਾਰ ਹੈ। ਦੂਜੇ ਪਾਸੇ ਡੀ.ਐੱਸ.ਪੀ. ਤਪਾ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੱਸ ਚਾਲਕ ਫਰਾਰ ਹੈ ਜਿਸ ਦੀ ਭਾਲ ਜਾਰੀ ਹੈ।