ਬਠਿੰਡਾ, 14 ਜਨਵਰੀ (ਹੁਕਮ ਚੰਦ ਸ਼ਰਮਾ, ਕੰਵਲਜੀਤ ਸਿੰਘ ਸਿੱਧੂ)-ਪੰਜਾਬ ਵਿਚ ਅੱਤਵਾਦ ਦੌਰਾਨ ਬਠਿੰਡਾ ਵਿਖ਼ੇ 22 ਸਾਲ ਪਹਿਲਾਂ ਬਠਿੰਡਾ ਛਾਉਣੀ ਦੇ ਅਸਲਾ ਡਿਪੂ ਵਿਚ ਫਾਇਰਮੈਨ ਵਜੋਂ ਤੈਨਾਤ ਇਕ ਗੁਰਸਿੱਖ ਨੌਜਵਾਨ ਪਰਮਜੀਤ ਸਿੰਘ (28) ਪੁੱਤਰ ਗੁਰਦਿੱਤ ਸਿੰਘ ਵਾਸੀ ਬਠਿੰਡਾ ਨੂੰ ਹਿਰਾਸਤ ਵਿਚ ਲੈਕੇ ਉਸ ਦਾ ਖੁਰ੍ਹਾ-ਖੋਜ਼ ਮਿਟਾਉਣ ਦੇ ਦੋਸ਼ ਹੇਠ ਬਠਿੰਡਾ ਦੇ ਵਧੀਕ ਸੈਸ਼ਨ ਜੱਜ ਸ:ਮਹਿੰਦਰ ਪਾਲ ਸਿੰਘ ਪਾਹਵਾ ਦੀ ਅਦਾਲਤ ਨੇ ਅੱਜ ਇੱਕ ਬਰਖ਼ਾਸਤ ਪੁਲਿਸ ਇੰਸਪੈਕਟਰ ਸਮੇਤ ਅੱਠ ਪੁਲਿਸ ਕਰਮਚਾਰੀਆਂ ਨੂੰ ਉਮਰ ਕੈਦ ਅਤੇ ਹੋਰ ਕਈ ਫ਼ੌਜਦਾਰੀ ਧਾਰਵਾਂ ਅਧੀਨ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦੋ ਕਿ ਇਸ ਕੇਸ ਵਿਚ ਮੁੱਖ ਨਾਮਜ਼ਦ ਦੋਸ਼ੀ ਡੀ.ਐਸ.ਪੀ ਗੁਰਜੀਤ ਸਿੰਘ ਜੋ ਕਿ ਪਹਿਲਾਂ ਹੀ ਇੱਕ ਵੱਖ਼ਰੇ ਕਤਲ ਕੇਸ ਵਿਚ ਹੋਈ ਉਮਰਕੈਦ ਦਾ ਭਗੌੜਾ ਦੋਸ਼ੀ ਹੈ, ਨੂੰ ਇਸ ਕੇਸ ਵਿਚ ਵੀ ਭਗੋੜਾ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ਦੇ ਦੋ ਦੋਸ਼ੀਆਂ ਦੀ ਕੇਸ ਦੀ ਸੁਣਵਾਈ ਦੌਰਾਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਅੱਜ ਅਦਾਲਤ ਵਿਚ ਹਾਜ਼ਰ ਜਿੰਨ੍ਹਾਂ ਦੋਸ਼ੀਆਂ ਨੂੰ ਉਪਰੋਕਤ ਸਜ਼ਾ ਸੁਣਾਈ ਹੈ ਉਨ੍ਹਾਂ ਵਿਚ ਕਿਸੇ ਹੋਰ ਮਾਮਲੇ ਵਿਚ ਨੌਂਕਰੀ ਤੋਂ ਬਰਖ਼ਾਸਤ ਪੁਲਿਸ ਇੰਸਪੈਕਟਰ ਬਲਜਿੰਦਰ ਕੁਮਾਰ ਸ਼ਰਮਾਂ ਨੂੰ ਧਾਰਾ 302 ਹਿੰਦ ਦੰਡਾਵਲੀ ਅਧੀਨ ਉਮਰਕੈਦ, 10 ਹਜ਼ਾਰ ਰੁਪਏ ਜੁਰਮਾਨਾ, ਧਾਰਾ 201 ਤਾਜੀਰਾਤ ਹਿੰਦ ਤਹਿਤ ਤਿੰਨ ਸਾਲ ਦੀ ਕੈਦ 5 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 364 ਤਾਜ਼ੀਰਾਤ ਹਿੰਦ ਤਹਿਤ 7 ਸਾਲ ਦੀ ਕੈਦ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਇਹ ਸਜ਼ਾਵਾਂ ਇੱਕਠੀਆਂ ਚੱਲਣਗੀਆਂ। ਇਸ ਕੇਸ ਦੇ ਬਾਕੀ ਦੋਸ਼ੀਆਂ ਏ.ਐਸ.ਆਈ ਗੁਰਬਚਨ ਸਿੰਘ, ਸੇਵਾ ਮੁਕਤ ਹੌਲਦਾਰ ਮਲ ਸਿੰਘ, ਹਰਿੰਦਰ ਸਿੰਘ, ਕਮਲਜੀਤ ਸਿੰਘ, ਹੋਮ ਗਾਰਡ ਦੇ ਸੇਵਾ ਮੁਕਤ 2 ਜਵਾਨਾਂ ਤਰਲੋਕ ਸਿੰਘ ਤੇ ਜਰਨੈਲ ਸਿੰਘ ਨੂੰ ਵੀ ਅਗੁਵਾ, ਹੱਤਿਆ ਅਤੇ ਲਾਸ਼ ਨੂੂੰ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਵੱਖ-ਵੱਖ਼ ਫ਼ੌਜਦਾਰੀ ਧਾਰਵਾਂ ਅਧੀਨ ਕੈਦ ਅਤੇ ਜੁਰਮਾਨੇ ਦੀਆਂ ਸਜ਼ਾਵਾਂ ਸੁਣਾ ਕੇ ਉਨ੍ਹਾਂ ਨੂੰ ਵੀ ਕੇਂਦਰੀ ਜੇਲ੍ਹ ਬਠਿੰਡਾ ਵਿਖ਼ੇ ਭੇਜ ਦਿੱਤਾ ਗਿਆ ਹੈ ਜਦਕਿ ਇਸ ਕੇਸ ਦੇ ਦੋ ਦੋਸ਼ੀ ਏ.ਐਸ.ਆਈ ਲਖ਼ਵੀਰ ਸਿੰਘ ਅਤੇ ਪਾਲ ਸਿੰਘ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ।
ਇਥੇ ਜ਼ਿਕਰਯੋਗ ਹੈ ਕਿ 17 ਜੁਲਾਈ 1992 ਨੂੰ ਬਠਿੰਡਾ ਛਾਉਣੀ ਦੇ ਅਸਲਾ ਡਿਪੂ ਵਿਚ ਫਾਇਰਮੈਨ ਵਜੋਂ ਕੰਮ ਕਰਦੇ ਗੁਰਸਿੱਖ਼ ਨੌਜਵਾਨ ਪਰਮਜੀਤ ਸਿੰਘ (28) ਨੂੰ ਡੀ.ਐਸ.ਪੀ.ਗੁਰਜੀਤ ਸਿੰਘ ਦੀ ਅਗਵਾਈ ਵਿਚ ਬਠਿੰਡਾ ਪੁਲਿਸ ਦੀ ਇਕ ਟੀਮ ਨੇ ਸਥਾਨਕ ਬੀਬੀ ਵਾਲਾ ਚੌਕ ਸਥਿੱਤ ਉਨ੍ਹਾਂ ਦੀ ਹੀ ਆਟਾ ਚੱਕੀ ਤੋਂ ਅੱਤਵਾਦੀ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਸ਼ੱਕ ਹੇਠ ਹਿਰਾਸਤ ਵਿਚ ਲੈ ਲਿਆ ਸੀ, ਇਸ ਦੇ ਕੁਝ ਦਿਨਾਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿਚੋ ਫ਼ਰਾਰ ਕਰਾਰ ਦੇ ਦਿੱਤਾ ਗਿਆ ਸੀ। ਇਸ ਦੇ ਬਾਅਦ ਉਸ ਦਾ ਪਿਤਾ ਗੁਰਦਿੱਤ ਸਿੰਘ ਨੇ ਇਨਸਾਫ਼ ਲੈਣ ਲਈ ਲੰਬੀ ਕਾਨੂੰਨੀ ਲੜਾਈ ਲੜੀ। 23 ਮਾਰਚ 1999 ਨੂੰ ਸੁਪਰੀਮ ਕੋਰਟ ਨੇ ਇਸ ਕੇਸ ਦੀ ਨਿਆਂਇਕ ਪੜਤਾਲ ਦਾ ਹੁਕਮ ਦਿੱਤਾ ਬਾਅਦ ਵਿਚ ਪੰਜਾਬ ਹਰਿਆਣਾ ਹਾਈਕੋਰਟ ਨੇ ਜਿਲ੍ਹਾ ਤੇ ਸ਼ੈਸ਼ਨ ਜੱਜ ਬਠਿੰਡਾ ਸ: ਕੇ.ਐਸ ਗਰੇਵਾਲ ਨੂੰ ਇਸ ਕੇਸ ਦੀ ਜਾਂਚ ਦਾ ਕੰਮ ਸੌਂਪਿਆ, ਜਿਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸੌਂਪੀ ਆਪਣੀ ਰਿਪੋਰਟ ਵਿਚ ਬਠਿੰਡਾ ਪੁਲਿਸ ਦੇ ਡੀ.ਐਸ.ਪੀ ਗੁਰਜੀਤ ਸਿੰਘ ਸਮੇਤ ਉਪਰੋਕਤ 11 ਦੋਸ਼ੀਆਂ ਨੂੰ ਪਰਮਜੀਤ ਸਿੰਘ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਉਸ ਦੀ ਹੱਤਿਆ ਕਰਨ ਦੇ ਬਾਅਦ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ੀ ਠਹਿਰਾਇਆ ਸੀ। ਹਾਈਕੋਬਰਟ ਦੇ ਅਦੇਸ਼ ‘ਤੇ 23 ਜੁਲਾਈ 1999 ਨੂੰ ਇੰਨ੍ਹਾਂ ਦੋਸ਼ੀਆਂ ਖਿਲਾਫ਼ ਮਾਮਲਾ ਬਠਿੰਡਾ ਥਾਣਾ ਵਿਚ ਦਰਜ ਕੀਤਾ ਗਿਆ ਸੀ। ਬਠਿੰਡਾ ਦੇ ਵਧੀਕ ਸੈਸ਼ਨ ਜੱਜ਼ ਦੀ ਅਦਾਲਤ ਵਿਚ ਇੰਨ੍ਹਾਂ ਦੋਸ਼ੀਆਂ ਤੇ ਸਾਲ 2007 ਵਿਚ ਦੋਸ਼ ਆਇਦ ਕੀਤੇ ਗਏ ਸਨ। ਗੁਰਦਿੱਤ ਸਿੰਘ ਆਪਣੇ ਨਿਰਦੋਸ਼ ਪੁੱਤਰ ਦੇ ਕਾਤਲ ਪੁਲਿਸ ਕਰਮਚਾਰੀਆਂ ਨੂੰ ਸਜ਼ਾ ਦਿਵਾਉਣ ਲਈ ਲਗਾਤਾਰ ਸ਼ੰਘਰਸ਼ ਸ਼ੀਲ ਰਿਹਾ ਅਤੇ ਦੇਸ਼ ਦੀ ਸਰਬਉਚ ਅਦਾਲਤ ਸੁਪਰੀਮ ਕੋਰਟ ਤੱਕ ਉਸ ਨੇ ਪਹੁੰਚ ਕੀਤੀ, ਪ੍ਰੰਤੂ ਅੱਜ ਇਸ ਕੇਸ ਦੇ ਫ਼ੈਸਲਾ ਹੋਣ ਤੋਂ ਤਕਰੀਬਨ 2 ਸਾਲ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਹੈ।
ਪੁਲਿਸ ਸੂਤਰਾਂ ਅਨੁਸਾਰ ਇਸ ਕੇਸ ਦਾ ਮੁੱਖ ਦੋਸ਼ੀ ਡੀ.ਐਸ.ਪੀ ਗੁਰਜੀਤ ਸਿੰਘ ਨੂੰ ਅੱਤਵਾਦ ਦੇ ਦੌਰਾਨ ਜਿਲ੍ਹਾ ਬਰਨਾਲਾ ਦੇ ਪਿੰਡ ਸ਼ੇਰਪੁਰ ਦੇ ਇੱਕ ਨੌਜ਼ਵਾਨ ਨੂੂੰ ਹਿਰਾਸਤ ਵਿਚ ਲੈ ਕੇ ਉਸ ਤੇ ਤਸ਼ੱਦਦ ਕਰਕੇ ਉਸ ਦੀ ਹੱਤਿਆ ਕਰਨ ਦੇ ਦੋਸ਼ ਹੇਠ ਬਰਨਾਲਾ ਦੀ ਅਦਾਲਤ ਨੇ ਸਾਲ 2007 ਵਿਚ ਉਮਰਕੈਦ ਦੀ ਸਜ਼ਾ ਸੁਣਾਈ ਸੀ 31 ਜੁਲਾਈ 2007 ਨੂੰ ਉਹ ਜੇਲ੍ਹ ਵਿਚੋ ਪੈਰੋਲ ‘ਤੇ ਰਿਹਾਈ ਦੇ ਬਾਅਦ ਭਗੋੜਾ ਚੱਲਿਆ ਆ ਰਿਹਾ ਹੈ। ਗੁਰਜੀਤ ਸਿੰਘ ਡੀ.ਐਸ.ਪੀ ਦਾ ਨਾਮ ਪਟਿਆਲਾ ਦੇ ਪਸਿਆਣਾ ਥਾਣਾ ਵਿਖ਼ੇ ਦਰਜ ਸੈਕਸ ਕਾਂਡ ਨਾਲ ਵੀ ਜੁੜਿਆ ਹੋਇਆ ਹੈ। ਪਟਿਆਲਾ ਪੁਲਿਸ ਨੇ ਉਸ ਦੀ ਭਾਲ ਵਿਚ ਬਠਿੰਡਾ ਵਿਖੇ ਛਾਪੇਮਾਰੀ ਕੀਤੀ ਸੀ। ਪਰਮਜੀਤ ਸਿੰਘ ਦੇ ਪਰਿਵਾਰ ਵਲੋਂ ਇਸ ਕੇਸ ਦੀ ਪੈਰਵੀ ਬਠਿੰਡਾ ਦੇ ਵਕੀਲ ਗੁਰਜੀਤ ਸਿੰਘ ਸਿੱਧੂ ਨੇ ਕੀਤੀ ਸੀ। ਅਦਾਲਤ ਵਲੋਂ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਤੇ ਪਰਮਜੀਤ ਸਿੰਘ ਦੇ ਭਰਾਵਾਂ ਬਲਜੀਤ ਸਿੰਘ ਢਿੱਲੋਂ, ਸਰਬਜੀਤ ਸਿੰਘ ਢਿੱਲੋਂ ਨੇ ਪ੍ਰਤਿਕ੍ਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਭਾਵੇ ਮਾਮਲੇ ਵਿਚ ਇਨਸਾਫ਼ ਦੇਰ ਨਾਲ ਮਿਲਿਆ ਹੈ ਪਰ ਉਹ ਅਦਾਲਤ ਦੇ ਫ਼ੈਸਲੇ ਤੋਂ ਸੰਤੁਸ਼ਟ ਹਨ। ਦੂਜੀ ਧਿਰ ਦੇ ਵਕੀਲਾ ਦਾ ਕਹਿਣਾ ਸੀ ਕਿ ਉਹ ਇਸ ਫ਼ੈਸਲੇ ਦੇ ਖਿਲਾਫ਼ ਹਾਈਕੇਰਟ ਵਿਚ ਅਪੀਲ ਕਰਨਗੇ।