ਨਵੀਂ ਦਿੱਲੀ, 7 ਮਾਰਚ : ਪਾਰਟੀ ਪ੍ਰਧਾਨ ਸੋਨੀਆ ਗਾਧੀ ਦੀ ਅਗਵਾਈ ਵਾਲੀ ਕੇਂਦਰੀ ਚੋਣ ਕਮੇਟੀ ਨੇ ਹਰਿਆਣਾ ਲਈ 7 ਲੋਕ ਸਭਾ ਉਮੀਦਵਾਰ ਅਤੇ ਪੰਜਾਬ ਲਈ 4 ਉਮੀਦਵਾਰ ਦੇ ਨਾਮ ਪਾਸ ਕਰ ਦਿੱਤੇ ਹਨ ਜਦਕਿ ਬਾਕੀ ਸੀਟਾਂ ’ਤੇ ਫੈਸਲਾ ਹੋਣਾ ਹਾਲੇ ਬਾਕੀ ਹੈ।
ਹਰਿਆਣਾ ਵਿੱਚ ਕੁੱਲ 10 ਲੋਕ ਸਭਾ ਸੀਟਾਂ ਹਨ ਜਿਨ੍ਹਾਂ ਵਿੱਚੋਂ 9 ਕਾਂਗਰਸ ਕੋਲ ਹਨ ਅਤੇ ਪੰਜਾਬ ’ਚ 13 ਲੋਕ ਸਭਾ ਹਲਕੇ ਹਨ ਜਿਨ੍ਹਾਂ ਵਿੱਚੋਂ ਕਾਂਗਰਸ ਕੋਲ ਅੱਠ ਸੀਟਾਂ ਹਨ।
ਕਾਂਗਰਸ ਪਰਾਟੀ ਵਿਚਲੇ ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ ਤਿੰਨ ਵਰਤਮਾਨ ਸੰਸਦ ਮੈਂਬਰਾਂ ਦੇ ਨਾਮ ਪਾਸ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਪਟਿਆਲਾ ਤੋਂ ਪ੍ਰਨੀਤ ਕੌਰ, ਸੰਗਰੂਰ ਤੋਂ ਵਿਜੈਇੰਦਰ ਸਿੰਗਲਾ, ਆਨੰਦਪੁਰ ਸਾਹਿਬ ਤੋਂ ਰਵਨੀਤ ਸਿੰਘ ਬਿੱਟੂ ਅਤੇ ਖਡੂਰ ਸਾਹਿਬ ਤੋਂ ਹਰਮਿੰਦਰ ਸਿੰਘ ਗਿੱਲ ਹਨ।
ਸੂਤਰਾਂ ਅਨੁਸਾਰ ਇਨ੍ਹਾਂ ਤਿੰਨ ਉਮੀਦਵਾਰਾਂ ਲਈ ਸਰਬਸਹਿਮਤੀ ਬਣੀ। ਬਾਕੀ ਸੀਟਾਂ ਲਈ ਫੈਸਲਾ ਚੋਣ ਕਮੇਟੀ ਦੀ ਅਗਲੀ ਮੀਟਿੰਗ ਵਿੱਚ 12 ਮਾਰਚ ਨੂੰ ਹੋਵੇਗਾ। ਇਹ ਸਮਝਿਆ ਜਾ ਰਿਹਾ ਹੈ ਕਿ ਕਾਂਗਰਸੀ ਲੀਡਰਸ਼ਿਪ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਵਰਤਮਾਨ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਮੁੜ ਲੋਕ ਸਭਾ ਚੋਣ ਲੜਨ ਲਈ ਕਾਫੀ ਪ੍ਰੇਰਿਆ, ਪਰ ਉਹ ਸ਼ਸੋਪੰਜ ਵਿੱਚ ਹਨ।
ਸੂਤਰਾਂ ਅਨੁਸਾਰ ਅੱਜ ਮੀਟਿੰਗ ਵਿੱਚ ਕੁਝ ਸੀਈਸੀ ਮੈਂਬਰ ਬਾਜਵਾ ਦੇ ਬਚਾਅ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਉਸ ਨੂੰ ਚੋਣ ਮੁਹਿੰਮ ਲਈ ਵਿਹਲੇ ਰੱਖਿਆ ਜਾਣਾ ਚਾਹੀਦਾ ਹੈ ਪਰ ਬਹੁਤੇ ਮੈਂਬਰ ਚਾਹੁੰਦੇ ਸਨ ਕਿ ਉਹ ਚੋਣ ਲੜਨ। ਕਾਂਗਰਸ ਦੇ ਉੱਚ ਸੂਤਰਾਂ ਅਨੁਸਾਰ ਬਾਜਵਾ ਨੂੰ ਚੋਣ ਲੜਨ ਲਈ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਜੇਕਰ ਉਹ ਗੁਰਦਾਸਪੁਰ ਤੋਂ ਨਹੀਂ ਚਾਹੁੰਦੇ ਤਾਂ ਕਿਸੇ ਹੋਰ ਸੀਟ ਤੋਂ ਉਨ੍ਹਾਂ ਨੂੰ ਚੋਣ ਲੜਾਈ ਜਾ ਸਕਦੀ ਹੈ। ਪੰਜਾਬ ’ਚ ਪੀਪੀਪੀ ਦੇ ਮਨਪ੍ਰੀਤ ਬਾਦਲ ਤੇ ਸੀਪੀਆਈ ਨਾਲ ਸੀਟਾਂ ਬਾਰੇ ਸਮਝੌਤਾ ਹੋਣ ਮਗਰੋਂ ਪਾਰਟੀ ਬਠਿੰਡਾ ਤੇ ਫਰੀਦਕੋਟ ਬਾਰੇ ਐਲਾਨ ਕਰੇਗੀ।
ਲੁਧਿਆਣਾ, ਜਿੱਥੋਂ ਸੂਚਨਾ ਮੰਤਰੀ ਮਨੀਸ਼ ਤਿਵਾੜੀ ਵਰਤਮਾਨ ਸੰਸਦ ਮੈਂਬਰ ਹਨ, ਲਈ ਵੀ ਫੈਸਲਾ ਫਿਰੋਜ਼ਪੁਰ, ਜਲੰਧਰ, ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ (ਜਿੱਥੋਂ ਸੰਸਦ ਮੈਂਬਰ ਸੰਤੋਸ਼ ਚੌਧਰੀ ਨੂੰ ਨਾ ਲਿਆਂਦੇ ਜਾਣ ਦੀ ਸੰਭਾਵਨਾ ਹੈ) ਬਾਰੇ ਤੈਅ ਕੀਤੇ ਜਾਣ ਦੌਰਾਨ ਹੀ ਲਿਆ ਜਾਵੇਗਾ। ਗੁਰਦਾਸਪੁਰ ਤੋਂ ਨਹਿਰੂ ਯੁਵਾ ਕੇਂਦਰੀ ਸੰਗਠਨ ਦੇ ਉਪ-ਪ੍ਰਧਾਨ ਅਮਰਦੀਪ ਸਿੰਘ ਚੀਮਾ ਅਤੇ ਰਮਨ ਭੱਲਾ ਕਾਂਗਰਸ ਦੇ ਪੈਨਲ ਵਿੱਚ ਬਿਨੈਕਾਰ ਹਨ ਤੇ ਜੇਕਰ ਬਾਜਵਾ ਲੜਨੋਂ ਨਾਂਹ ਕਰਦੇ ਹਨ ਤਾਂ ਇਸ ਸੀਟ ਤੋਂ ਇਨ੍ਹਾਂ ਵਿੱਚੋਂ ਇਕ ਨੂੰ ਟਿਕਟ ਦੇ ਦਿੱਤੀ ਜਾਵੇਗੀ।
ਹਰਿਆਣਾ ਤੋਂ ਅੱਜ ਚੋਣ ਕਮੇਟੀ ਨੇ ਪੰਜ ਵਰਤਮਾਨ ਸੰਸਦ ਮੈਂਬਰ ਨੂੰ ਮਨਜ਼ੂਰੀ ਦਿੱਤੀ ਜਿਨ੍ਹਾਂ ਵਿੱਚ ਨਵੀਨ ਜਿੰਦਲ (ਕੁਰੂਕਸ਼ੇਤਰ), ਸ਼ਰੁਤੀ ਚੌਧਰੀ (ਭਿਵਾਨੀ, ਮਹਿੰਦਰਗੜ੍ਹ), ਅਰਵਿੰਦ ਸ਼ਰਮਾ (ਕਰਨਾਲ), ਦੀਪਿੰਦਰ ਹੁੱਡਾ (ਰੋਹਤਕ) ਤੇ ਅਵਤਾਰ ਸਿੰਘ ਭੜਾਨਾ ਫਰੀਦਾਬਾਦ ਤੋਂ ਹਨ। ਸੋਨੀਪਤ ਤੋਂ ਵਰਤਮਾਨ ਸੰਸਦ ਮੈਂਬਰ ਜਤਿੰਦਰ ਮਲਿਕ ਨੇ ਚੋਣ ਲੜਨੋਂ ਨਾਂਹ ਕਰ ਦਿੱਤੀ ਸੀ। ਉੱਥੋਂ ਹੁਣ ਵਿਧਾਇਕ ਜਗਬੀਰ ਮਲਿਕ ਤੇ ਹਿਸਾਰ ਤੋਂ ਪ੍ਰੋ. ਸੰਪਤ ਸਿੰਘ ਦੇ ਨਾਮ ਪਾਸ ਕੀਤੇ ਗਏ ਦੱਸੇ ਜਾ ਰਹੇ ਹਨ। ਉਮੀਦਵਾਰਾਂ ਦੀ ਸੂਚੀ ਦਾ ਨਾਮ ਕਿਸੇ ਵੀ ਸਮੇਂ ਹੋ ਸਕਦਾ ਹੈ।
ਚੰਡੀਗੜ੍ਹ ਸੀਟ ਤੋਂ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਬਾਰੇ ਫੈਸਲਾ ਵੀ ਹਾਲੇ ਬਕਾਇਆ ਹੈ।