ਲੁਧਿਆਣਾ, 15 ਦਸੰਬਰ : ਵਿਸ਼ਵ ਕਬੱਡੀ ਕੱਪ ਤੋਂ ਪਹਿਲਾਂ ਲਾੜੀ ਵਾਂਗ ਸਜੇ ਗੁਰੂ ਨਾਨਕ ਸਟੇਡੀਅਮ ਦੀ ਹਾਲਤ ਅੱਜ ਸਵੇਰੇ ਕੂੜੇ ਦੇ ਢੇਰ ਵਰਗੀ ਸੀ। ਥਾਂ-ਥਾਂ ਪੱਕੇ ਖਾਣੇ ਵਾਲੇ ਡੱਬੇ, ਲਿਫਾਫੇ, ਸੋਡੇ ਦੀਆਂ ਬੋਤਲਾਂ ਰੋਟੀਆਂ ਦੇ ਟੁਕੜੇ, ਪਾਣੀ ਦੀਆਂ ਖਾਲੀ ਬੋਤਲਾਂ, ਬਿਸਕੁਟ, ਨੂਡਲਜ਼ ਤੋਂ ਹੋਰ ਨਿਕ-ਸੁੱਕ ਖਿੱਲਰੇ ਪਏ ਹਨ। ਸਟੇਡੀਅਮ ’ਚੋਂ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਲਹਿੰਦੇ (ਪਾਕਿ) ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਜਾਣ ਦੀ ਦੇਰ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਉਸੇ ਵੇਲੇ ਰਫੂਚੱਕਰ ਹੋ ਗਿਆ। ਇਥੋਂ ਤਕ ਕਿ ਇਸ ਕੂੜੇ ਨੂੰ ਚੁੱਕਣ ਲਈ ਨਗਰ ਨਿਗਮ ਦਾ ਕੋਈ ਟਰੱਕ ਵੀ ਉਥੇ ਨਹੀਂ ਪੁੱਜਿਆ।
ਈਵੈਂਟ ਮੈਨੇਜਮੈਂਟ ਕੰਪਨੀ ਨੂੰ ਪੰਜਾਬ ਸਰਕਾਰ ਨੇ 6.50 ਕਰੋੜ ਰੁਪਏ ਇਸ ਮੈਗਾ ਈਵੈਂਟ ਕਰਵਾਉਣ ਲਈ ਦਿੱਤੇ ਹਨ। ਇਹ ਕੰਪਨੀ ਵੀ ਪ੍ਰੋਗਰਾਮ ਖਤਮ ਹੁੰਦਿਆਂ ਹੀ ਚੰਡੀਗੜ੍ਹ ਦੇ ਰਾਹ ਪੈ ਗਈ।
ਜ਼ਿਲ੍ਹਾ ਸਪੋਰਟਸ ਅਥਾਰਟੀ ਕੋਲ ਇੰਨੇ ਬੰਦੇ ਹੀ ਨਹੀਂ ਕਿ ਉਹ ਸਟੇਡੀਅਮ ਦੀ ਸਫਾਈ ਕਰਵਾ ਸਕੇ। ਇਸ ਸਟੇਡੀਅਮ ਵਿਚ ਰੋਜ਼ਾਨਾ ਪ੍ਰੈਕਟਿਸ ਕਰਨ ਵਾਲੇ ਖਿਡਾਰੀ ਜਦੋਂ ਸਵੇਰ ਦੀ ਰਿਹਰਸਲ ਲਈ ਉਥੇ ਪੁੱਜੇ ਤਾਂ ਅੰਤਾਂ ਦੀ ਗੰਦਗੀ ਦੇਖ ਕੇ ਬਹੁਤ ਨਿਰਾਸ਼ ਹੋਏ। ਇਹ ਕੂੜੇ ਦੇ ਢੇਰ ਕਿੰਨੇ ਦਿਨ ਇਥੇ ਪਏ ਰਹਿਣਗੇ। ਇਸ ਬਾਰ ਖੇਡ ਵਿਭਾਗ ਕੁਝ ਵੀ ਨਾ ਦੱਸ ਸਕਿਆ। ਜ਼ਿਲ੍ਹਾ ਵਿਭਾਗ ਕੋਲ ਸਫਾਈ ਸੇਵਕ ਹੀ ਨਹੀਂ ਹਨ। ਜ਼ਿਲ੍ਹਾ ਸਪੋਰਟਸ ਅਫਸਰ ਕਰਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਫਾਈ ਦਾ ਕੰਮ ਆਰੰਭ ਕਰਵਾ ਦਿੱਤਾ ਹੈ। ਸਫਾਈ ਹੋਣ ’ਤੇ ਕੁਝ ਦਿਨ ਲੱਗ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਕਰਮਚਾਰੀ ਘੱਟ ਹਨ।