ਇਸਲਾਮ ਧਰਮ ਨਹੀਂ ਕਬੂਲਿਆ : ਹੰਸ ਰਾਜ ਹੰਸ

Must Read

ਜਲੰਧਰ : ਪੰਜਾਬੀ ਸੂਫੀ ਗਾਇਕ ਅਤੇ  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਹੰਸ ਰਾਜ ਹੰਸ ਨੇ ਉਨ੍ਹਾਂ ਵਲੋਂ  ਇਸਲਾਮ ਧਰਮ ਅਪਣਾਉਣ ਦੀਆਂ ਚੱਲ ਰਹੀਆਂ ਅਫਵਾਹਾਂ ‘ਤੇ ਵੀਰਵਾਰ ਰੋਕ ਲਾਉਂਦੇ ਹੋਏ ਕਿਹਾ ਕਿ ਉਹ ਧਰਮ ਤਬਦੀਲੀ ਦੇ ਵਿਰੁੱਧ ਹਨ ਅਤੇ ਹਰ ਸਾਲ ਸਰਹੱਦ ਪਾਰ ਜਾ ਕੇ ਇਹੀ ਸੰਦੇਸ਼ ਦਿੰਦੇ ਆ ਰਹੇ ਹਨ।

ਮੁੰਬਈ ਤੋਂ ਫੋਨ ‘ਤੇ  ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਪਾਕਿਸਤਾਨ ਦਾ ਗੁਲਾਮ ਨਹੀਂ ਹਾਂ। ਮੈਂ ਆਪਣੇ ਮੁਲਕ ਅਤੇ ਮਜ਼੍ਹਬ ਪ੍ਰਤੀ ਵਫਾਦਾਰ ਹਾਂ। ਇਹੀ ਸੰਦੇਸ਼ ਮੈਂ ਦੋਵਾਂ ਦੇਸ਼ਾਂ ਨੂੰ ਦਿੰਦਾ ਆ ਰਿਹਾ ਹਾਂ ਕਿ ਆਪਣੇ-ਆਪਣੇ ਮੁਲਕ ਪ੍ਰਤੀ ਵਫਾਦਾਰੀ ਨਿਭਾਓ।

ਹੰਸ ਨੇ ਕਿਹਾ ਕਿ ਮੈਂ ਜਨਮ-ਜਾਤ ਸੂਫੀ ਹਾਂ ਅਤੇ ਸੂਫੀ ਨੂੰ ਧਰਮ ਦੇ ਬੰਧਨ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਮੈਂ ਤਾਂ ਸਭ ਧਰਮਾਂ ਦਾ ਸਤਿਕਾਰ ਕਰਦਾ ਹਾਂ ਪਰ ਕੁਝ ਲੋਕ ਉਨ੍ਹਾਂ ਨੂੰ ਮਜ਼੍ਹਬ ਤੇ ਧਰਮ ਦੇ ਨਾਂ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰਾ ਧਰਮ ਸਿਰਫ ਇਨਸਾਨੀਅਤ ਹੈ।  ਮੈਂ ਸਭ  ਧਰਮਾਂ ਲਈ ਸਾਂਝਾ ਹਾਂ। ਗਾਇਕ ਨੂੰ ਕਿਸੇ ਬੰਧਨ ਵਿਚ ਨਹੀਂ ਬੰਨ੍ਹਿਆ ਜਾ ਸਕਦਾ।

ਇਹ ਪੁੱਛੇ ਜਾਣ ‘ਤੇ ਕਿ ਕੀ ਪਾਕਿਸਤਾਨ ਦੌਰੇ ਦੌਰਾਨ ਇਸਲਾਮ ਧਰਮ ਦੀ ਚਰਚਾ ਨੂੰ ਹੱਲਾਸ਼ੇਰੀ ਮਿਲੀ ਸੀ? ਤਾਂ ਉਨ੍ਹਾਂ ਕਿਹਾ ਕਿ ਅਸਲ ਵਿਚ ਉਹ ਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਮੈਨੂੰ ਨਹੀਂ   ਪਤਾ ਕਿ ਇਸ ਸਬੰਧੀ ਅਫਵਾਹ ਕਿਸ ਨੇ ਉਡਾਈ। ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਤਾਂ ਸਮੁੱਚੀ ਮਨੁੱਖਤਾ ਨੂੰ ਵਧੀਆ ਇਨਸਾਨ ਬਣਨ ਦੀ  ਸਿੱਖਿਆ ਦਿੰਦਾ ਹਾਂ। ਇਸ ਹਾਲਤ ਵਿਚ ਮੈਂ ਕਿਵੇਂ ਧਰਮ ਤਬਦੀਲ ਕਰ ਸਕਦਾ ਹਾਂ? ਉਨ੍ਹਾਂ ਕਿਹਾ ਕਿ ਮੈਂ ਹੁਣ ਪਾਕਿਸਤਾਨ ਤੋਂ ਵਾਪਸ ਆ ਚੁੱਕਾ ਹਾਂ। ਇਸ ਸਮੇਂ ਮੈਂ ਮੁੰਬਈ ਸਥਿਤ ਆਪਣੇ ਨਿਵਾਸ ਵਿਖੇ ਹਾਂ। ਜਲਦੀ ਹੀ ਮੈਂ ਜਲੰਧਰ ਆਵਾਂਗਾ। ਉਨ੍ਹਾਂ ਕਿਹਾ ਕਿ ਉਹ ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਸਮੁੱਚੀ ਦੁਨੀਆ ਨੂੰ ਦਿੰਦੇ ਆ ਰਹੇ ਹਨ ਅਤੇ ਭਵਿੱਖ ਵੀ ਉਨ੍ਹਾਂ ਦੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਗਾਇਕ ਨੂੰ ਕਿਸੇ ਬੰਧਨ ਵਿਚ ਬੰਨ੍ਹਣਾ ਠੀਕ ਨਹੀਂ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ  ਕਿ ਇਸਲਾਮ ਧਰਮ ਕਬੂਲ ਕਰਨ ਬਾਰੇ ਉਨ੍ਹਾਂ ਕਿਸੇ ਨੂੰ ਕੋਈ ਬਿਆਨ ਨਹੀਂ ਦਿੱਤਾ ਹੈ।

ਸੋਸ਼ਲ ਮੀਡੀਆ ਕਾਰਨ ਚਰਚਾ ਨੂੰ ਮਿਲੀ ਸ਼ਹਿ
ਹੰਸ ਰਾਜ ਹੰਸ ਵਲੋਂ ਇਸਲਾਮ ਧਰਮ ਅਪਣਾਉਣ ਦੀ ਚਰਚਾ ਬੁੱਧਵਾਰ ਸ਼ਾਮ ਸੋਸ਼ਲ ਮੀਡੀਆ ਖਾਸ ਤੌਰ ‘ਤੇ ਫੇਸਬੁੱਕ ਰਾਹੀਂ ਸ਼ੁਰੂ ਹੋਈ ਜਦੋਂ ਕੁਝ ਲੋਕਾਂ ਨੇ ਫੇਸਬੁੱਕ ‘ਤੇ ਇਹ ਸਟੇਟਸ ਪਾ ਦਿੱਤਾ ਕਿ ਹੰਸ ਰਾਜ ਹੰਸ ਨੇ ਇਸਲਾਮ  ਧਰਮ ਕਬੂਲ ਕਰ ਲਿਆ ਹੈ। ਇਸ ਪਿੱਛੋਂ ਫੇਸਬੁੱਕ ‘ਤੇ ਇਹ ਚਰਚਾ ਲਗਾਤਾਰ ਜ਼ੋਰ ਫੜਦੀ ਗਈ। ਮੀਡੀਆ ਨੇ ਵੀ ਇਹੀ ਸਮਝ ਲਿਆ ਕਿ ਹੰਸ ਰਾਜ ਹੰਸ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ। ਇਸ ਦਾ ਉਨ੍ਹਾਂ ਖੁਦ ਹੀ ਵੀਰਵਾਰ ਨੂੰ ਖੰਡਨ ਕਰ ਦਿੱਤਾ।

ਅਕਾਲੀ ਦਲ ਨੇ ਜਿਸ ਨੂੰ ਚੰਗਾ ਸਮਝਿਆ, ਉਸ ਨੂੰ ਟਿਕਟ ਦਿੱਤੀ- ਜਲੰਧਰ ਲੋਕ ਸਭਾ ਹਲਕੇ ਤੋਂ ਪਿਛਲੀ ਵਾਰ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨ ਵਾਲੇ ਹੰਸ ਰਾਜ ਹੰਸ ਨੇ ਕਿਹਾ ਕਿ ਇਸ ਵਾਰ ਅਕਾਲੀ ਦਲ ਨੇ ਜਿਸ   ਨੂੰ ਠੀਕ ਸਮਝਿਆ ਹੈ, ਉਸ ਨੂੰ ਟਿਕਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹਾਂ ਅਤੇ ਪਾਰਟੀ ਦੇ ਹਰ ਫੈਸਲੇ ਨੂੰ ਪ੍ਰਵਾਨ ਕਰਦਾ ਹਾਂ। ਪਿਛਲੀ ਵਾਰ ਮੈਨੂੰ ਟਿਕਟ ਦਿੱਤੀ ਗਈ ਸੀ ਅਤੇ ਹੁਣ ਪਵਨ ਕੁਮਾਰ ਟੀਨੂੰ ਨੂੰ । ਮੈਂ ਨਾ ਤਾਂ  ਪਾਰਟੀ ਵਿਰੁੱਧ ਜਾਵਾਂਗਾ ਅਤੇ ਨਾ ਹੀ ਪਾਰਟੀ ਲੀਡਰਸ਼ਿਪ ਦੇ ਫੈਸਲੇ ਦੀ ਨੁਕਤਾਚੀਨੀ ਕਰਾਂਗਾ।

- Advertisement -
- Advertisement -

Latest News

Sussan Ley becomes first woman to lead Australian Liberal Party

The Australian federal Liberal party has elected its first female leader, with Sussan Ley narrowly defeating Angus Taylor by...

More Articles Like This

- Advertisement -