ਜਲੰਧਰ : ਨੂਰਮਹਿਲ ’ਚ ਡੇਰਾ ਚਲਾ ਰਹੇ ਬਿਹਾਰੀ ਸਾਧ ਆਸ਼ੂਤੋਸ਼ ਦੀ ਬੀਤੀ ਰਾਤ ਮੌਤ ਹੋ ਗਈ | ਉਸਦੇ ਡੇਰੇ ਦੇ ਪ੍ਰਬੰਧਕ ਉਸ ਦੀ ਮੌਤ ਦੀ ਖ਼ਬਰ ਨੂੰ ਅਫ਼ਵਾਹ ਕਰਾਰ ਦੇ ਕੇ ਖੰਡਨ ਕਰ ਰਹੇ ਹਨ | ਬੀਤੀ ਰਾਤ ਕਰੀਬ ਸਵਾ 12 ਕੁ ਵਜੇ ਉਸ ਨੂੰ ਛਾਤੀ ‘ਚ ਤੇਜ਼ ਦਰਦ ਹੋਇਆ ਤੇ ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਜਾਗਰਤੀ ਸੰਸਥਾਨ ਦੇ ਬੁਲਾਰਿਆਂ ਸ ਵਿਸਾਲਾ ਨੰਦ ਅਤੇ ਵਿਸ਼ਵਾ ਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਦਾਅਵਾ ਕੀਤਾ ਕਿ ਆਸ਼ੂਤੋਸ਼ ‘ਗਹਿਰੀ ਸਮਾਧੀ’ ਵਿਚ ਲੀਨ ਹੋ ਗਿਆ ਹੈ, ਉਥੇ ਨਾਲ ਹੀ ਕਿਹਾ ਕਿ ਡਾਕਟਰਾਂ ਵੱਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਹੈ | ਦੋਵਾਂ ਬੁਲਾਰਿਆਂ ਨੇ ਕਿਹਾ ਕਿ ਆਸ਼ੂਤੋਸ਼ ਦਾ ਡਾਕਟਰੀ ਪ੍ਰਣਾਲੀ ਦੇ ਲਿਹਾਜ਼ ਨਾਲ ਦਿਹਾਂਤ ਹੋ ਗਿਆ ਹੈ, ਪਰ ਅਧਿਆਤਮਕ ਤੌਰ ‘ਤੇ ਅਜਿਹਾ ਨਹੀਂ ਹੁੰਦਾ ਉਨ੍ਹਾਂ ਦਾਅਵਾ ਕੀਤਾ ਕਿ ਆਸ਼ੂਤੋਸ਼ 11-12 ਸਾਲ ਪਹਿਲਾਂ ਵੀ ‘ਸਮਾਧੀ’ ਵਿਚ ਚਲਾ ਗਿਆ ਸੀ|
ਭਾਵੇਂ ਜਾਗਰਤੀ ਸੰਸਥਾਨ ਦੇ ਪ੍ਰਬੰਧਕ ਆਸ਼ੂਤੋਸ਼ ਦੀ ਮੌਤ ਨੂੰ ਅਫ਼ਵਾਹ ਆਖ ਰਹੇ ਸਨ, ਪਰ ਅੰਦਰੂਨੀ ਤੌਰ ‘ਤੇ ਉਨ੍ਹਾਂ ਦੇ ਸਸਕਾਰ ਦੀਆਂ ਤਿਆਰੀਆਂ ਦਾ ਆਲਮ ਵੀ ਉਥੇ ਹੀ ਨਜ਼ਰ ਆ ਰਿਹਾ ਸੀ |
ਸੰਸਥਾਨ ਦੇ ਮੁੱਖ ਗੇਟ ਦੇ ਸਾਹਮਣੇ ਹਰੇ ਚਾਰੇ ਦੇ ਖੇਤ ਵਿਹਲੇ ਕਰਨ ਲਈ ਦਰਜਨਾਂ ਮਜ਼ਦੂਰ ਲੱਗੇ ਹੋਏ ਸਨ | ਅਜਿਹਾ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਬੈਠਣ ਲਈ ਜਗ੍ਹਾ ਬਣਾਉਣ ਵਾਸਤੇ ਕੀਤਾ ਜਾ ਰਿਹਾ ਦੱਸਿਆ ਜਾਂਦਾ ਹੈ | ਸੰਸਥਾਨ ਵਿਖੇ ਅੱਜ ਹੀ ਆਸ਼ੂਤੋਸ਼ ਦੀ ਮੌਤ ਦੀ ਖ਼ਬਰ ਸੁਣ ਕੇ ਕਾਫੀ ਗਿਣਤੀ ਵਿਚ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ ਸਨ | ਇਹ ਆਮ ਚਰਚਾ ਸੀ ਕਿ ਸ਼ੁੱਕਰਵਾਰ ਨੂੰ ਸ੍ਰੀ ਆਸ਼ੂਤੋਸ਼ ਦਾ ਅੰਤਿਮ-ਸੰਸਕਾਰ ਡੇਰੇ ਵਿਖੇ ਹੀ ਕੀਤਾ ਜਾਵੇਗਾ | ਪੁਲਿਸ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧਾਂ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ | ਆਈ. ਜੀ. ਜਲੰਧਰ ਜ਼ੋਨ ਸਾਰੇ ਪ੍ਰਬੰਧਾਂ ਦੀ ਖੁਦ ਦੇਖ-ਰੇਖ ਕਰ ਰਹੇ ਸਨ ਤੇ ਐਸ. ਐਸ. ਪੀ. ਦਿਹਾਤੀ ਸ: ਜਸਪ੍ਰੀਤ ਸਿੰਘ ਸਿੱਧੂ ਹੋਰ ਸੀਨੀਅਰ ਅਧਿਕਾਰੀਆਂ ਨਾਲ ਡੇਰੇ ਵਿਖੇ ਹੀ ਪੱਕਾ ਡੇਰਾ ਲਗਾ ਕੇ ਬੈਠੇ ਹੋਏ ਹਨ | ਸੁਰੱਖਿਆ ਪ੍ਰਬੰਧਾਂ ਲਈ ਦੁਆਬੇ ਦੇ ਚਾਰ ਜ਼ਿਲਿ੍ਹਆਂ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਕਪੂਰਥਲਾ ਦੀ ਪੁਲਿਸ ਭਾਰੀ ਗਿਣਤੀ ਵਿਚ ਨੂਰਮਹਿਲ ਨੂੰ ਜਾਂਦੀਆਂ ਸੜਕਾਂ ‘ਤੇ ਡੇਰੇ ਵਿਖੇ ਤਾਇਨਾਤ ਕਰ ਦਿੱਤੀ ਗਈ ਹੈ |
ਗੱਦੀਨਸ਼ੀਨੀ ਨੂੰ ਲੈ ਕੇ ਕਸ਼ਮਕਸ਼
ਜਾਗਰਤੀ ਸੰਸਥਾਨ ਦੇ ਪ੍ਰਬੰਧਕ ਉਂਝ ਤਾਂ ਮਿਣ-ਤੋਲ ਕੇ ਹੀ ਬੋਲ ਰਹੇ ਸਨ ਤੇ ਕਿਸੇ ਵੀ ਕਿਸਮ ਦੀ ਗੱਲਬਾਤ ‘ਚ ਪੈਣ ਨੂੰ ਤਿਆਰ ਨਹੀਂ ਸਨ, ਪਰ ਫਿਰ ਵੀ ਉਥੇ ਆਮ ਚਰਚਾ ਹੈ ਕਿ ਦਿਵਿਆ ਜੋਤੀ ਜਾਗਰਤੀ ਸੰਸਥਾਨ ਦੀ ਅਰਬਾਂ ਦੀ ਜਾਇਦਾਦ ਹੈ ਤੇ ਇਹ ਵੱਡੀ ਸੰਸਥਾ ਹੈ | ਆਸ਼ੂਤੋਸ਼ ਨੇ ਜਿਊਦੇ ਜੀਅ ਕਿਸੇ ਨੂੰ ਵੀ ਅੱਗੇ ਨਹੀਂ ਲਿਆਂਦਾ | ਪਰ ਉਸ ਦੀ ਅਚਾਨਕ ਮੌਤ ਕਾਰਨ ਗੱਦੀਨਸ਼ੀਨੀ ਬਾਰੇ ਕਸ਼ਮਕਸ਼ ਚਲ ਪਈ ਹੈ | ਇਸੇ ਕਾਰਨ ਹੀ ਸੰਸਥਾਨ ਵੱਲੋਂ ਆਸ਼ੂਤੋਸ਼ ਨੂੰ ਮਿ੍ਤਕ ਐਲਾਨੇ ਜਾਣ ‘ਚ ਦੇਰੀ ਕੀਤੀ ਜਾ ਰਹੀ ਹੈ | ਇਹ ਵੀ ਚਰਚਾ ਹੈ ਕਿ ਸੰਸਥਾਨ ਦੇ ਸ਼ਕਤੀਸ਼ਾਲੀ ਪ੍ਰਬੰਧਕ ਅਦਿਤਿਆ ਨੰਦ ਤੇ ਨਰੇਂਦਰਾ ਨੰਦ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਗੱਦੀਨਸ਼ੀਨ ਬਣਾਉਣ ਦੀ ਦੌੜ ਵਿਚ ਹਨ, ਪਰ ਪੰਜਾਬ ਵਿਚ ਪ੍ਰਬੰਧਕ ਵਿਅਕਤੀ ਦੀ ਥਾਂ ਸੰਸਥਾਨ ਦੀ ਸੰਚਾਲਨਾ ਲਈ ਕਮੇਟੀ ਸਥਾਪਤ ਕਰਨ ਦੀ ਗੱਲ ਕਹਿ ਰਹੇ ਹਨ |
ਸਿੱਖ ਕੌਮ ਨਾਲ ਵੈਰ
ਨੂਰਮਹਿਲ ‘ਚ ਸਥਾਪਤ ਦਿਵਿਆ ਜੋਤੀ ਜਾਗਰਤੀ ਸੰਸਥਾਨ ਅਤੇ ਇਸ ਦਾ ਮੁੱਖੀ ਆਸ਼ੂਤੋਸ਼ ਕਰੀਬ ਡੇਢ ਦਹਾਕਾ ਪਹਿਲਾਂ ਸਿੱਖ ਸੰਸਥਾਵਾਂ ਨਾਲ ਹੋਏ ਟਕਰਾਵਾਂ ਕਾਰਨ ਚਰਚਾ ‘ਚ ਆਉਣਾ ਸ਼ੁਰੂ ਹੋਇਆ ਸੀ| ਸਟੇਟ ਦੀ ਸਰਪ੍ਰਸਤੀ ਹੇਠ ਉਸਨੇ ਆਪਣੇ ਸਮਾਗਮਾਂ ਵਿੱਚ ਸਿੱਖ ਕੌਮ ਨੂੰ ਸਿੱਧਾ ਲਲਕਾਰਨਾ ਸ਼ੁਰੂ ਕਰ ਦਿੱਤਾ ਸੀ। ਉਸ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਕਾਰਨ ਅੰ ਮਿ੍ਤਸਰ, ਤਰਨ ਤਾਰਨ ਤੇ ਲੁਧਿਆਣਾ ‘ਚ ਕਾਫੀ ਵੱਡੇ ਟਕਰਾਅ ਵੀ ਹੁੰਦੇ ਰਹੇ ਹਨ ਅਤੇ ਲੁਧਿਆਣਾ ਵਿੱਚ ਤਾਂ ਉਸਦਾ ਸਮਾਗਮ ਰੋਕਣ ਦੀ ਮੰਗ ਕਰ ਰਹੇ ਸਿੱਖਾਂ ’ਤੇ ਪੁਲਿਸ ਨੇ ਗੋਲੀਆਂ ਵੀ ਚਲਾ ਦਿੱਤੀਆਂ ਸਨ ਜਸ ਨਾਲ ਭਾਈ ਦਰਸ਼ਨ ਸਿੰਘ ਲੁਹਾਰਾ ਨਾਂ ਦਾ ਇੱਕ ਸਿੱਖ ਸ਼ਹੀਦ ਤੇ ਕਈ ਹੋਰ ਜਖ਼ਮੀ ਹੋ ਗਏ ਸਨ।