ਮਰਦਮਸ਼ੁਮਾਰੀ ਕੀ ਹੈ?
ਹਰ ਪੰਜ ਸਾਲਾਂ ਬਾਅਦ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਆਸਟ੍ਰੇਲੀਆ ਵਿੱਚ ਹਰੇਕ ਵਿਅਕਤੀ ਅਤੇ ਘਰ ਨੂੰ ਗਿਣਦਾ ਹੈ। ਇਸ ਨੂੰ ਮਰਦਮਸ਼ੁਮਾਰੀ ਕਿਹਾ ਜਾਂਦਾ ਹੈ। ਇਹ ਤੁਹਾਡੀ ਉਮਰ, ਜਨਮ ਦਾ ਦੇਸ਼, ਧਰਮ, ਵੰਸ਼, ਘਰ ਵਿੱਚ ਵਰਤੀ ਜਾਂਦੀ ਭਾਸ਼ਾ, ਕੰਮ ਅਤੇ ਸਿੱਖਿਆ ਵਰਗੀਆਂ ਚੀਜ਼ਾਂ ਬਾਰੇ ਸਵਾਲ ਪੁੱਛਦੀ ਹੈ। ਹਰ ਉਸ ਵਿਅਕਤੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜੋ 10 ਅਗਸਤ 2021 ਨੂੰ ਤੁਹਾਡੇ ਘਰ ਵਿੱਚ ਰਹਿ ਰਿਹਾ ਹੈ। ਇਸ ਵਿੱਚ ਅੰਤਰਰਾਸ਼ਟਰੀ ਸੈਲਾਨੀ ਅਤੇ ਬੱਚੇ ਸ਼ਾਮਲ ਹਨ।
ਤੁਹਾਨੂੰ ਮਰਦਮਸ਼ੁਮਾਰੀ ਕਰਨ ਦੀ ਲੋੜ ਕਿਉਂ ਹੈ
ਮਰਦਮਸ਼ੁਮਾਰੀ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਸਾਨੂੰ ਹੁਣ, ਅਤੇ ਭਵਿੱਖ ਵਿੱਚ ਕੀ ਚਾਹੀਦਾ ਹੈ।
ਮਰਦਮਸ਼ੁਮਾਰੀ ਤੋਂ ਮਿਲੀ ਜਾਣਕਾਰੀ ਦੇਸ਼ ਭਰ ਵਿੱਚ ਸਰਕਾਰਾਂ, ਕਾਰੋਬਾਰਾਂ ਨੂੰ ਅਤੇ ਬੇ-ਮੁਨਾਫਾ ਸੰਗਠਨਾਂ ਵਾਸਤੇ, ਸੂਚਿਤ ਫੈਸਲੇ ਲੈਣ ਵਿੱਚ ਮਦਦ ਕਰਦੀ ਹੈ। ਇਹ ਭਾਈਚਾਰੇ ਦੇ ਸਮੂਹਾਂ ਨੂੰ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਵਾਸਤੇ ਸਥਾਨਕ ਸੇਵਾਵਾਂ ਦੀ ਯੋਜਨਾ ਬਨਾਉਣ ਵਿੱਚ ਵੀ ਮਦਦ ਕਰਦੀ ਹੈ। ਉਦਾਹਰਣ ਲਈ:
- ਲਾਇਬ੍ਰੇਰੀਆਂ ਸਥਾਨਕ ਭਾਈਚਾਰਿਆਂ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੂੰ ਸਮਝਣ ਲਈ ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਵਰਤੋਂ ਕਰਦੀਆਂ ਹਨ ਤਾਂ ਜੋ ਉਹ ਆਪਣੇ ਪਾਠਕਾਂ ਲਈ ਉਸ ਭਾਸ਼ਾ ਵਿੱਚ ਕਿਤਾਬਾਂ ਰੱਖ ਸਕਣ
- ਸੁਪਰ ਮਾਰਕੀਟਾਂ ਆਪਣੇ ਗਾਹਕਾਂ ਵਾਸਤੇ ਉਤਪਾਦਾਂ ਦਾ ਭੰਡਾਰ ਕਰਨ ਲਈ ਸੂਚਨਾ ਵਾਸਤੇ ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਵਰਤੋਂ ਕਰਦੀਆਂ ਹਨ, ਜਿਸ ਵਿੱਚ ਅੰਤਰਰਾਸ਼ਟਰੀ ਭੋਜਨ ਵੀ ਸ਼ਾਮਲ ਹਨ।
- ਪ੍ਰਸਾਰਕ ਇਹ ਨਿਰਣਾ ਕਰਨ ਲਈ ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਵਰਤੋਂ ਕਰਦੇ ਹਨ, ਕਿ ਉਹਨਾਂ ਦੇ ਸਰੋਤਿਆਂ ਵਾਸਤੇ ਕਿਹੜੀਆਂ-ਕਿਹੜੀਆਂ ਭਾਸ਼ਾਈ ਰੇਡੀਓ ਅਤੇ ਮੀਡੀਆ ਸੇਵਾਵਾਂ ਦੀ ਲੋੜ ਹੈ।
ਮਰਦਮਸ਼ੁਮਾਰੀ ਅੰਕੜਿਆਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਸ ਦੀਆਂ ਹੋਰ ਉਦਾਹਰਣਾਂ ਵੇਖੋ।
ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਂਦਾ ਹੈ
ਤੁਹਾਡੀ ਨਿੱਜੀ ਜਾਣਕਾਰੀ ਦੀ ਕਾਨੂੰਨ ਦੁਆਰਾ ਰੱਖਿਆ ਕੀਤੀ ਜਾਂਦੀ ਹੈ। ਇਸ ਨੂੰ ਹੋਰ ਸਰਕਾਰੀ ਅਦਾਰਿਆਂ ਜਾਂ ਕਿਸੇ ਹੋਰ ਨਾਲ ਸਾਂਝਾ ਨਹੀਂ ਕੀਤਾ ਜਾਂਦਾ ਹੈ। ਮਰਦਮਸ਼ੁਮਾਰੀ ਵਿੱਚ ਤੁਹਾਡੇ ਵੱਲੋਂ ਆਪਣੇ ਬਾਰੇ ਜਾਂ ਆਪਣੇ ਪਰਿਵਾਰ ਬਾਰੇ ਸਾਂਝੀ ਕੀਤੀ ਜਾਣਕਾਰੀ ਦੁਆਰਾ ਤੁਹਾਡੀ ਪਛਾਣ ਨਹੀਂ ਕੀਤੀ ਜਾ ਸਕਦੀ।
ਮਰਦਮਸ਼ੁਮਾਰੀ ਨੂੰ ਕਿਵੇਂ ਅਤੇ ਕਦੋਂ ਪੂਰਾ ਕਰਨਾ ਹੈ
ਤੁਸੀਂ ਆਪਣੀ ਮਰਦਮਸ਼ੁਮਾਰੀ ਨੂੰ ਔਨਲਾਈਨ, ਕਾਗਜ਼ ਰਾਹੀਂ, ਜਾਂ ਸਾਡੀ ਮਦਦ ਨਾਲ ਪੂਰਾ ਕਰ ਸਕਦੇ ਹੋ। ਤੁਸੀਂ ਨਿਰਦੇਸ਼ ਮਿਲਦੇ ਹੀ ਸ਼ੁਰੂ ਕਰ ਸਕਦੇ ਹੋ, ਜੇ ਤੁਹਾਨੂੰ ਪਤਾ ਹੈ ਕਿ ਮਰਦਮਸ਼ੁਮਾਰੀ ਵਾਲੀ ਰਾਤ ਨੂੰ ਕੌਣ ਘਰ ਹੋਵੇਗਾ।
- ਜ਼ਿਆਦਾਤਰ ਪਰਿਵਾਰਾਂ ਨੂੰ ਡਾਕ ਰਾਹੀਂ ਇਸ ਨੂੰ ਔਨਲਾਈਨ ਪੂਰਾ ਕਰਨ ਲਈ ਨਿਰਦੇਸ਼ ਮਿਲਣਗੇ। ਇਸ ਵਿੱਚ ਤੁਹਾਡਾ ਵਿਲੱਖਣ ਮਰਦਮਸ਼ੁਮਾਰੀ ਨੰਬਰ ਅਤੇ ਅਸਥਾਈ ਪਾਸਵਰਡ ਹੋਵੇਗਾ। ਅਗਸਤ 2021 ਦੇ ਸ਼ੁਰੂ ਵਿੱਚ ਜਦੋਂ ਤੁਸੀਂ ਆਪਣੇ ਨਿਰਦੇਸ਼ ਪ੍ਰਾਪਤ ਕਰਦੇ ਹੋ ਤਾਂ census.abs.gov.au ਉੱਤੇ ਜਾਓ। ਜੇ ਤੁਸੀਂ ਕਿਸੇ ਕਾਗਜ਼ੀ ਫਾਰਮ ਦੀ ਵਰਤੋਂ ਕਰਨੀ ਚਾਹੁੰਦੇ ਹੋ, ਤਾਂ 24-ਘੰਟੇ ਦੀ ਸਵੈਚਾਲਿਤ ਕਾਗਜ਼ੀ ਫਾਰਮ ਬੇਨਤੀ ਸੇਵਾ ਨੂੰ 1800 130 250 ਉੱਤੇ ਫੋਨ ਕਰੋ। ਤੁਹਾਨੂੰ ਆਪਣੀ ਮਰਦਮਸ਼ੁਮਾਰੀ ਚਿੱਠੀ ਤੋਂ ਆਪਣੇ 16-ਅੰਕਾਂ ਵਾਲੇ ਮਰਦਮਸ਼ੁਮਾਰੀ ਨੰਬਰ ਦੀ ਲੋੜ ਪਵੇਗੀ।
- ਕੁਝ ਪਰਿਵਾਰਾਂ ਨੂੰ ਇਕ ਕਾਗਜ਼ੀ ਫਾਰਮ ਮਿਲੇਗਾ। ਇਹ ਉਹਨਾਂ ਸਥਾਨਾਂ ਜਿਵੇਂ ਕਿ ਹੋਟਲਾਂ, ਕੈਂਪ ਵਾਲੇ ਮੈਦਾਨਾਂ ਜਾਂ ਵਿਦਿਆਰਥੀ ਰਿਹਾਇਸ਼ਾਂ ਵਿੱਚ ਠਹਿਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਉੱਤੇ ਵੀ ਲਾਗੂ ਹੁੰਦਾ ਹੈ। ਇਕ ਵਾਰ ਪੂਰਾ ਹੋ ਜਾਣ ਤੋਂ ਬਾਅਦ, ਜਵਾਬ ਨੂੰ ਭੁਗਤਾਨ ਕੀਤੇ ਲਿਫਾਫੇ ਦੀ ਵਰਤੋਂ ਕਰਕੇ ਸਾਨੂੰ ਵਾਪਸ ਭੇਜ ਦਿਓ, ਜੋ ਕਿ ਪ੍ਰਦਾਨ ਕੀਤਾ ਜਾਵੇਗਾ। ਜੇ ਤੁਸੀਂ ਇਸ ਨੂੰ ਔਨਲਾਈਨ ਪੂਰਾ ਕਰਨਾ ਪਸੰਦ ਕਰਦੇ ਹੋ ਤਾਂ ਫਾਰਮ ਉੱਤੇ ਨਿਰਦੇਸ਼ ਲਿਖੇ ਹਨ।
ਮਰਦਮਸ਼ੁਮਾਰੀ ਵਾਲਾ ਫਾਰਮ ਕੇਵਲ ਅੰਗਰੇਜ਼ੀ ਵਿੱਚ ਹੈ। ਤੁਸੀਂ ਪਰਿਵਾਰ ਜਾਂ ਦੋਸਤਾਂ ਨੂੰ ਆਪਣੀ ਮਰਦਮਸ਼ੁਮਾਰੀ ਵਿੱਚ ਮਦਦ ਕਰਨ ਲਈ ਕਹਿ ਸਕਦੇ ਹੋ। ਮਰਦਮਸ਼ੁਮਾਰੀ ਵਾਲੇ ਕਰਮਚਾਰੀ ਵੀ ਹੋਣਗੇ, ਜੋ ਤੁਹਾਨੂੰ ਇਹ ਵਿਖਾ ਸਕਦੇ ਹਨ ਕਿ ਫਾਰਮ ਨੂੰ ਕਿਵੇਂ ਭਰਨਾ ਹੈ।
ਮਰਦਮਸ਼ੁਮਾਰੀ ਨੂੰ ਕਿਸ ਨੂੰ ਪੂਰਾ ਕਰਨ ਦੀ ਲੋੜ ਹੈ
ਮਰਦਮਸ਼ੁਮਾਰੀ ਲਾਜ਼ਮੀ ਹੈ।* ਇਸ ਦਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਵਿੱਚ ਡਿਪਲੋਮੈਟਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਛੱਡ ਕੇ, ਹਰ ਕਿਸੇ ਨੂੰ ਮਰਦਮਸ਼ੁਮਾਰੀ ਵਾਲੀ ਰਾਤ ਨੂੰ ਜਿੱਥੇ ਵੀ ਹੋਵੇ, ਮਰਦਮਸ਼ੁਮਾਰੀ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਵਿੱਚ ਵੀਜ਼ਾ ਧਾਰਕ, ਸੈਲਾਨੀ ਅਤੇ ਅੰਤਰਰਾਸ਼ਟਰੀ ਸੈਲਾਨੀ ਸ਼ਾਮਲ ਹਨ ਜਿਵੇਂ ਕਿ ਆਸਟ੍ਰੇਲੀਆ ਦੀ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀ।
* census.abs.gov.au/privacy ਵਿਖੇ 2021 ਦੀ ਮਰਦਮਸ਼ੁਮਾਰੀ ਪਰਦੇਦਾਰੀ ਸਟੇਟਮੈਂਟ ਵੇਖੋ
ਮੈਂ ਮਦਦ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ?
ਜੇ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਲਈ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਸਹਾਇਤਾ ਉਪਲਬਧ ਹੈ।
- ਆਪਣੇ ਨੇੜੇ ਦੀ ਆਹਮੋ-ਸਾਹਮਣੇ ਵਾਲੀ ਮਦਦ ਲੱਭਣ ਲਈ census.abs.gov.au/findus ਉੱਤੇ ਜਾਓ
- ਅੰਗਰੇਜ਼ੀ ਵਿੱਚ ਕਿਸੇ ਨਾਲ ਗੱਲ ਕਰਨ ਲਈ ਸਾਨੂੰ 1800 512 441 ਉੱਤੇ ਫੋਨ ਕਰੋ
- ਆਪਣੀ ਭਾਸ਼ਾ ਵਿੱਚ ਮਦਦ ਲਈ, ਅਨੁਵਾਦ ਅਤੇ ਦੋਭਾਸ਼ੀਆ ਸੇਵਾ (TIS National) ਨੂੰ 131 450 ਉੱਤੇ ਫੋਨ ਕਰੋ।