ਮੈਲਬਰਨ, 24 ਦਸੰਬਰ : ਆਸਟਰੇਲੀਆ ਦੇ ਵੱਖ-ਵੱਖ ਸੂਬਿਆਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਚੰਡੀਗੜ੍ਹ ਸਮੇਤ ਦੂਜੇ ਰਾਜਾਂ ’ਚ ਸਜ਼ਾ ਭੁਗਤਣ ਮਗਰੋਂ ਵੀ ਜੇਲ੍ਹਾਂ ’ਚ ਬੰਦ ਸਿੱਖਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ।
ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਇਸ ਸਬੰਧੀ ਚਲਾਈ ਜਾ ਰਹੀ ਭੁੱਖ ਹੜਤਾਲ ਦਾ ਸਮਰਥਨ ਕਰਦਿਆਂ ਮੈਲਬਰਨ ਦੇ ਕਰੇਗੀਬਰਨ ਸਥਿਤ ਗੁਰੂਘਰ ਵਿਖੇ ਵਿਕਟੋਰੀਆ ਸੂਬੇ ਵਿਚਲੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ’ਚ ਇਹ ਫੈਸਲਾ ਵੀ ਲਿਆ ਗਿਆ ਕਿ ਬੰਦੀ ਰਿਹਾਈ ਮੋਰਚੇ ਵਰਗੇ ਅਹਿਮ ਕੌਮੀ ਸੰਘਰਸ਼ਾਂ ਤੋਂ ਕਿਨਾਰਾ ਕਰਨ ਵਾਲੇ ਸਿੱਖ ਆਗੂਆਂ ਅਤੇ ਪ੍ਰਚਾਰਕਾਂ ਦੀ ਆਸਟਰੇਲੀਆ ਆਉਣ ’ਤੇ ਸਾਂਝੀ ਜਵਾਬ-ਤਲਬੀ ਕੀਤੀ ਜਾਵੇ। ਇਸ ਸਬੰਧੀ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ।
ਸਾਊਥ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਵੀ ਸਿੱਖ ਸੰਗਤ ਨੇ ਗੁਰੂਘਰ ਵਿਖੇ ਇਕੱਤਰਤਾ ਕੀਤੀ, ਜਿਸ ’ਚ ਸੈਂਕੜੇ ਸਿੱਖ ਸ਼ਾਮਲ ਹੋਏ। ਗੁਰਦੁਆਰਾ ਸਰਬੱਤ ਖਾਲਸਾ ਵਿਖੇ ਹੋਏ ਇਸ ਸਮਾਗਮ ’ਚ ਸਾਰੇ ਧਰਮਾਂ ਅਤੇ ਭਾਈਚਾਰਿਆਂ ਨੂੰ ਮਨੁੱਖੀ ਹੱਕਾਂ ਦੇ ਇਸ ਘੋਲ ’ਚ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਗਿਆ। ਵੈਸਟਰਨ ਆਸਟਰੇਲੀਆ ਅਤੇ ਨਿਊ ਸਾਊਥ ਵੇਲਜ਼ ਤੋਂ ਆਸਟਰੇਲੀਅਨ ਸਿੱਖ ਐਸੋਸੀਏਸ਼ਨ, ਪਾਰਕਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਸਿੰਘ ਸਭਾ ਰਿਵਸਵੀ ਨੇ ਵੀ ਸਿੱਖਾਂ ਦੀ ਰਿਹਾਈ ’ਚ ਦੇਰੀ ਦੀ ਨਿੰਦਾ ਕਰਦਿਆਂ ਸਰਕਾਰ ਵੱਲੋਂ ਇਕ ਸਿੱਖ ਦੇ ਸਿਦਕ ਨੂੰ ਪਰਖਣ ’ਚ ਨਿਭਾਈ ਭੂਮਿਕਾ ਨੂੰ ਸ਼ਰਮਨਾਕ ਦੱਸਿਆ ਹੈ।
ਉੱਤਰ ਪੂਰਬੀ ਸੂਬੇ ਕੁਇਨਜ਼ਲੈਂਡ ਦੇ ਗੁਰਘਰਾਂ ਦੀਆਂ ਕਮੇਟੀਆਂ ਨੇ ਵੀ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਦਾ ਪੂਰਨ ਸਮਰਥਨ ਕਰਦਿਆਂ ਸਿੱਖਾਂ ਦੀ ਤੁਰੰਤ ਰਿਹਾਈ ਮੰਗੀ ਹੈ। ਆਸਟਰੇਲੀਆ ਦੀ ਸੰਸਦ ’ਚ ਸਿੱਖ ਨਸਲਕੁਸ਼ੀ ਸਬੰਧੀ ਪਟੀਸ਼ਨ ਲਿਆਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦਲਜੀਤ ਸਿੰਘ ਨੇ ਕਿਹਾ ਕਿ ਮਨੁੱਖੀ ਹਕੂਕਾਂ ਲਈ ਚੱਲੇ ਇਸ ਸੰਘਰਸ਼ ’ਚ ਭਾਰਤ ਦੀ ਸਿਵਲ ਸੁਸਾਇਟੀ ਦੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਬੁੱਧੀਜੀਵੀਆਂ, ਲੇਖਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਚੁੱਪ ਰਹਿਣ ਦੀ ਬਜਾਏ ਮਨੁੱਖੀ ਹੱਕਾਂ ’ਚ ਸਰਕਾਰੀ ਮਰਜ਼ੀ ਨਾਲ ਹੋ ਰਹੇ ਘਾਣ ਵਿਰੁੱਧ ਬੋਲਣ ਲਈ ਕਿਹਾ।