ਜਲੰਧਰ, 7 ਫਰਵਰੀ : ਨੂਰਮਹਿਲ ਦਾ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਉਦੋਂ ਨਵੇਂ ਵਿਵਾਦਾਂ ਵਿੱਚ ਘਿਰ ਗਿਆ ਜਦੋਂ ਆਪਣੇ ਆਪ ਨੂੰ ਆਸ਼ੂਤੋਸ਼ ਦੇ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਨੌਜਵਾਨ ਦਲੀਪ ਝਾਅ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਮ੍ਰਿਤਕ ਦੇਹ ਲੈਣ ਲਈ ਕਾਨੂੰਨੀ ਚਾਰਾਜੋਈ ਦੇ ਨਾਲ ਆਪਣਾ ਡੀਐਨਏ ਟੈਸਟ ਕਰਵਾਉਣ ਲਈ ਵੀ ਤਿਆਰ ਹੈ। ਸੰਸਥਾਨ ਇਹ ਦਾਅਵੇ ਕਰਦਾ ਆ ਰਿਹਾ ਹੈ ਕਿ ਆਸ਼ੂਤੋਸ਼ ਦਾ ਵਿਆਹ ਨਹੀਂ ਹੋਇਆ ਤੇ ਨਾ ਹੀ ਉਨ੍ਹਾਂ ਦਾ ਕੋਈ ਪਰਿਵਾਰ ਹੈ। ਹੁਣ ਦਲੀਪ ਝਾਅ ਦੇ ਸਾਹਮਣੇ ਆਉਣ ਨਾਲ ਡੇਰੇ ਦੇ ਸੁਰ ਵੀ ਨਰਮ ਹੋ ਗਏ ਹਨ।
ਦਲੀਪ ਝਾਅ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਟਨਾ ਹਾਈਕੋਰਟ ਵਿਚ ਰਿੱਟ ਦਾਇਰ ਕਰੇਗਾ ਤਾਂ ਜੋ ਉਸ ਦੇ ਮ੍ਰਿਤਕ ਪਿਤਾ ਆਸ਼ੂਤੋਸ਼ ਦੀ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਸਕੇ। ਉਨ੍ਹਾਂ ਕਿਹਾ ਕਿ ਹਿੰਦੂ ਰਹੁ-ਰੀਤਾਂ ਮੁਤਾਬਕ ਇਕ ਪੁੱਤਰ ਨੂੰ ਹੀ ਇਹ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਪਿਤਾ ਦੇ ਮ੍ਰਿਤਕ ਸਰੀਰ ਨੂੰ ਅਗਨੀ ਦੇ ਸਕੇ।
ਦਲੀਪ ਝਾਅ ਦਾ ਜਨਮ ਮਈ 1970 ਵਿੱਚ ਹੋਇਆ ਦੱਸਿਆ ਗਿਆ ਹੈ। ਆਸ਼ੂਤੋਸ਼ ਦੇ ਪੁੱਤਰ ਨੇ ਦੱਸਿਆ ਕਿ ਉਹ ‘ਆਪਣੇ ਪਿਤਾ’ ਨੂੰ ਦਿੱਲੀ ਵਿੱਚ 1999 ਵਿੱਚ ਪੁਸ਼ਪਾਂਜਲੀ ਨਾਂ ਦੇ ਆਸ਼ਰਮ ’ਚ ਮਿਲਿਆ ਸੀ। ਉਦੋਂ ਉਨ੍ਹਾਂ ਦੇ ਪਿਤਾ ਨੇ ਕਿਹਾ ਸੀ ਕਿ ਉਹ ਹੁਣ ‘ਬੈਰਾਗੀ’ ਹੋ ਚੁੱਕੇ ਹਨ। ਉਨ੍ਹਾਂ ਨੇ ਮੈਨੂੰ ਡੇਰੇ ਵਿੱਚੋਂ ਜਾਣ ਲਈ ਕਿਹਾ ਤੇ ਨਾਲ ਹੀ ਇਹ ਹਦਾਇਤ ਕੀਤੀ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ। ਅਜਿਹਾ ਕਰਨਾ ਉਸ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਨਾਲ ਹੀ ਦਲੀਪ ਨੂੰ ਕਿਹਾ ਸੀ ਕਿ ਉਹ ਮੁੜ ਉਸ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰੇ। ਦਲੀਪ ਝਾਅ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਕਦੇ ਨਹੀਂ ਮਿਲਿਆ। ਇਸੇ ਦੌਰਾਨ ਆਸ਼ੂਤੋਸ਼ ਦੇ ਸਾਲੇ ਡਾ. ਮੋਹਣ ਝਾਅ ਨੇ ਦੱਸਿਆ ਕਿ ਡੇਰੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਹੈ, ਉਸ ਵਿੱਚ ਆਸ਼ੂਤੋਸ਼ ਕੋਈ ਵਿਸ਼ਵਾਸ ਨਹੀਂ ਸੀ ਰੱਖਦੇ।
ਦਲੀਪ ਝਾਅ ਦੇ ਸਾਹਮਣੇ ਆਉਣ ’ਤੇ ਵਿਵਾਦਾਂ ਵਿਚ ਫਸੇ ਡੇਰੇ ਦੇ ਪ੍ਰਬੰਧਕਾਂ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਸਾਧਵੀ ਜਯਾ ਭਾਰਤੀ ਨੇ ਕਿਹਾ ਕਿ ਉਹ ਦਲੀਪ ਵੱਲੋਂ ਕੀਤੇ ਗਏ ਦਾਅਵਿਆਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਆਸ਼ੂਤੋਸ਼ ਕੋਈ ਸਧਾਰਨ ਵਿਅਕਤੀ ਨਹੀਂ ਸਨ, ਉਹ ਰੂਹਾਨੀਅਤ ’ਚ ਰੰਗੇ ਹੋਏ ਸਨ। ਕਿਸੇ ਸੰਨਿਆਸੀ ਦਾ ਕੋਈ ਵੀ ਪਰਿਵਾਰ ਨਹੀਂ ਹੁੰਦਾ। ਸਾਧਵੀ ਨੇ ਮੁੜ ਦਾਅਵਾ ਕਰਦਿਆਂ ਕਿਹਾ ਕਿ ਡੇਰਾ ਮੁਖੀ ਸਮਾਧੀ ਵਿੱਚ ਹਨ ਤੇ ਉਹ ਆਪਣੇ ਵਿਵਹਾਰਕ ਜੀਵਨ ਵਿੱਚ ਮੁੜ ਆਉਣਗੇ।
ਸਾਧਵੀ ਜਯਾ ਭਾਰਤੀ ਨੇ ਇਹ ਦਾਅਵਾ ਵੀ ਕੀਤਾ ਕਿ ਦਲੀਪ ਝਾਅ ਤੋਂ ਇਲਾਵਾ ਹੋਰ ਵੀ ਕਈ ਵਿਅਕਤੀ ਹਨ ਜੋ ਇਹ ਦਾਅਵਾ ਕਰਦੇ ਹਨ ਕਿ ਉਹ ਆਸ਼ੂਤੋਸ਼ ਦੇ ਪਰਿਵਾਰਕ ਮੈਂਬਰ ਹਨ। ਦਲੀਪ ਝਾਅ ਵੱਲੋਂ ਡੀਐਨਏ ਟੈਸਟ ਦੀ ਦਿੱਤੀ ਚੁਣੌਤੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਆਸ਼ੂਤੋਸ਼ ਮਹਾਰਾਜ ਇਕ ਸੰਨਿਆਸੀ ਹਨ ਤੇ ਇਹ ਗੱਲ ਉਨ੍ਹਾਂ ’ਤੇ ਲਾਗੂ ਨਹੀਂ ਹੁੰਦੀ।