ਆਨੰਦਪੁਰ ਸਾਹਿਬ, 6 ਅਪਰੈਲ: ਆਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਜਾਣ ਵਾਲੇ ਮਾਰਗ ਅਤੇ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲੀ ਸੜਕ ‘ਤੇ ਪਿੰਡ ਲਮਲੈਹੜੀ ਵਿਖੇ ਬਣਾਇਆ ਜਾ ਰਿਹਾ 70 ਮੀਟਰ ਲੰਮਾ ਪੁੱਲ ਅੱਜ ਅਚਾਨਕ ਡਿੱਗ ਗਿਆ। ਲਗਭਗ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਇਸ ਪੁੱਲ ਦੇ ਡਿੱਗਣ ਸਮੇਂ ਵੱਡਾ ਧਮਾਕਾ ਹੋਇਆ। ਪੁੱਲ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਸਟੀਲ ਢਾਂਚੇ ’ਤੇ ਅਧਾਰਤ ਇਸ ਪੁੱਲ ਦੇ ਡਿੱਗਣ ਤੋਂ ਪਹਿਲਾਂ ਰੂਪਨਗਰ ’ਚ ਵੀ ਇਕ ਪੁੱਲ ਡਿੱਗ ਚੁੱਕਾ ਹੈ ਜਦਕਿ ਕੀਰਤਪੁਰ ਸਾਹਿਬ ਵਿਖੇ ਅਜਿਹੇ ਹੀ ਪੁੱਲ ਦਾ ਇਕ ਪਾਸਾ ਬੈਠ ਗਿਆ ਸੀ। ਲੋਕ ਨਿਰਮਾਣ ਵਿਭਾਗ ਵੱਲੋਂ ਆਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਜਾਣ ਵਾਲੇ ਮਾਰਗ ‘ਤੇ 8.23 ਕਰੋੜ ਦੀ ਲਾਗਤ ਨਾਲ ਭਾਖੜਾ ਨਹਿਰ ‘ਤੇ ਸਟੀਲ ਢਾਂਚੇ ’ਤੇ ਅਧਾਰਤ ਪੁੱਲਾਂ ਦਾ ਨਿਰਮਾਣ ਕਾਰਜ ਦਸੰਬਰ 2012 ਵਿੱਚ ਸ਼ੁਰੂ ਕਰਵਾਇਆ ਗਿਆ ਸੀ। ਇਨ੍ਹਾਂ ਪੁੱਲਾਂ ਦਾ ਨਿਰਮਾਣ ਕਾਰਜ ਮੁਕੰਮਲ ਨਹੀਂ ਹੋਇਆ ਸੀ ਪਰ ਅੱਜ ਡਿੱਗਿਆ ਪੁੱਲ ਲਗਭਗ ਮੁਕੰਮਲ ਹੋ ਚੁੱਕਾ ਸੀ। ਢਾਂਚਾ ਪੂਰੀ ਤਰ੍ਹਾਂ ਨਾਲ ਫਿਕਸ ਕਰਨ ਤੋਂ ਬਾਅਦ ਸਲੈਬ ਪਾਇਆਂ ਨੂੰ ਵੀ 10 ਦਿਨਾਂ ਤੋਂ ਵੱਧ ਦਾ ਸਮਾਂ ਬੀਤ ਗਿਆ ਸੀ।
ਪਿੰਡ ਲਮਲੈਹੜੀ ਵਿਖੇ ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਪੁੱਲ ਡਿੱਗਣ ਸਮੇਂ ਇਕ ਵੱਡਾ ਧਮਾਕਾ ਹੋਇਆ ਅਤੇ ਜਿੰਨੀ ਦੇਰ ਨੂੰ ਉਹ ਕੁਝ ਸਮਝ ਪਾਉਂਦੇ ਉਦੋਂ ਤੱਕ ਉਸਾਰੀ ਅਧੀਨ ਇਹ ਪੁੱਲ ਭਾਖੜਾ ਨਹਿਰ ਵਿੱਚ ਡਿੱਗ ਗਿਆ। ਨਿਰਮਾਣ ਕਾਰਜ ਕਰ ਰਹੀ ਕੰਪਨੀ ਦੇ ਪ੍ਰਾਜੈਕਟ ਇੰਜੀਨੀਅਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਵੱਲੋਂ ਮਨਜ਼ੂਰ ਕੀਤੇ ਡਿਜ਼ਾਈਨ ਅਨੁਸਾਰ ਹੀ ਪੁੱਲ ਦਾ ਨਿਰਮਾਣ ਕੀਤਾ ਹੈ ਜੋ ਸਮੇਂ ਸਮੇਂ ‘ਤੇ ਚੈੱਕ ਵੀ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਮੰਨਿਆ ਕਿ ਕੰਪਨੀ ਨੇ ਇਸ ਪੁੱਲ ਦਾ ਕੋਈ ਬੀਮਾ ਨਹੀਂ ਕਰਵਾਇਆ ਸੀ ਅਤੇ ਅੱਜ ਐਤਵਾਰ ਹੋਣ ਕਰਕੇ ਸਮੁੱਚੀ ਲੇਬਰ ਅੱਧੀ ਛੁੱਟੀ ਕਰਕੇ ਚਲੀ ਗਈ ਸੀ ਜਿਸ ਕਾਰਨ ਬਚਾਅ ਹੋ ਗਿਆ।
ਮੌਕੇ ‘ਤੇ ਪਹੁੰਚੇ ਐਸਡੀਐਮ ਅਮਰਜੀਤ ਬੈਂਸ ਨੇ ਦੱਸਿਆ ਕਿ ਵਿਭਾਗੀ ਇੰਜੀਨੀਅਰਾਂ ਦੇ ਨਾਲ ਗੱਲਬਾਤ ਤੋਂ ਬਾਅਦ ਮੁਢਲੇ ਤੌਰ ’ਤੇ ਇਹ ਸਾਹਮਣੇ ਆ ਰਹੀ ਹੈ ਕਿ ਡਿਜ਼ਾਈਨ ਫੇਲੀਅਰ ਕਾਰਨ ਪੁੱਲ ਡਿੱਗਾ ਹੈ। ਬਾਕੀ ਵਿਸਥਾਰ ਪੂਰਵਕ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਪੁਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਅਤੁਲ ਗਰਗ ਨੇ ਸਮੁੱਚੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਪੁਲ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਖਰਚਾ ਕੰਪਨੀ ਖੁਦ ਸਹਿਣ ਕਰੇਗੀ।