ਆਨੰਦਪੁਰ ਸਾਹਿਬ. 15 ਸਤੰਬਰ:-ਆਖਿਰਕਾਰ ਕੇਂਦਰ ਸਰਕਾਰ ਨੇ ਸਿੱਖ ਕੌਮ ਦੀ ਅਹਿਮ ਮੰਗ ਨੂੰ ਪ੍ਰਵਾਨ ਕਰਦੇ ਹੋਏ ਖਾਲਸਾ ਪੰਥ ਦੇ ਜਨਮ ਸਥਾਨ ਆਨੰਦਪੁਰ ਸਾਹਿਬ ਤੋਂ ਸ੍ਰੀ ਹਜ਼ੂਰ ਸਾਹਿਬ ਤੱਕ ਚੱਲਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਹ ਰੇਲਗੱਡੀ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਚੱਲੇਗੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖ ਕੌਮ ਦੀ ਇਸ ਅਹਿਮ ਮੰਗ ਨੂੰ ਪੂਰੀ ਕਰਨ ਲਈ ਉਹ ਕਾਫੀ ਸਮੇਂ ਤੋਂ ਡਟੇ ਹੋਏ ਸਨ ਅਤੇ ਹੁਣ ਜਾ ਕੇ ਉਨ੍ਹਾਂ ਯਤਨਾਂ ਸਦਕਾ ਬੂਰ ਪਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਤੋਂ ਕੌਮ ਦੇ ਦੋ ਅਹਿਮ ਤਖ਼ਤ ਜਿਨ੍ਹਾਂ ਵਿੱਚ ਤਖ਼ਤ ਸ੍ਰੀ ਕੇਸਗਡ਼੍ਹ ਸਾਹਿਬ ਅਤੇ ਸਚਖੰਡ ਸ੍ਰੀ ਹਜ਼ੂਰ ਸਾਹਿਬ ਦਰਮਿਆਨ ਨੰਗਲ ਡੈਮ ਹਜ਼ੂਰ ਸਾਹਿਬ ਨਾਂਦੇਡ਼ ਐਕਸਪੈਸ ਗੱਡੀ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਹਲਕਾ ਨਿਵਾਸੀਆਂ ਦਾ ਉਨ੍ਹਾਂ ਵੱਲੋਂ ਦਿੱਤੇ ਅਥਾਹ ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ।
ਸ੍ਰੀ ਬਿੱਟੂ ਨੇ ਦੱਸਿਆ ਕਿ ਉਹ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਸਮੇਂ ਸਮੇਂ ਤੇ ਤਤਕਾਲੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਮਿਲਦੇ ਰਹੇ, ਜਿਸ ਦੇ ਸਿਟੇ ਵਜੋਂ ਸਾਨੂੰ ਇਹ ਕਾਮਯਾਬੀ ਹਾਸਲ ਹੋਈ ਹੈ। ਉਨ੍ਹਾਂ ਕੇਂਦਰੀ ਰੇਲ ਮੰਤਰੀ ਮਲਿਕਾਰਜੂਨ ਖਡ਼ਗੇ ਦਾ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਸੱਚਖੰਡ ਐਕਸਪੈਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਹਜ਼ੂਰ ਸਾਹਿਬ ਜਾਂਦੀ ਹੈ ਪਰ ਇਸ ਵਿੱਚ ਸੀਟਾਂ ਤਿੰਨ ਮਹੀਨੇ ਪਹਿਲਾਂ ਬੁਕ ਕਰਵਾਉਣੀਆਂ ਪੈਂਦੀਆਂ ਹਨ। ਇਸ ਨਵੀਂ ਗੱਡੀ ਦੇ ਚੱਲਣ ਨਾਲ ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਜਾ ਕੇ ਗੁਰੂ ਘਰ ਮੱਥਾ ਟੇਕਣ ’ਚ ਬਹੁਤ ਸਹੂਲਤ ਹੋਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਿੱਟੂ ਨੇ ਗੁਰਮੁਖੀ ਐਕਸਪ੍ਰੈਸ ਚਲਵਾ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਨੂੰ ਆਪਸ ਵਿੱਚ ਜੋਡ਼ ਕੇ ਚੋਣਾਂ ਦੌਰਾਨ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਸੀ ਅਤੇ ਹੁਣ ਉਪਰੋਕਤ ਗੱਡੀ ਚਲਵਾ ਕਿ ਉਨ੍ਹਾਂ ਹਲਕਾ ਨਿਵਾਸੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੱਡੀ ਦੇ ਚੱਲਣ ਨਾਲ ਸਿੱਖ ਜਗਤ ਵਿੱਚ ਖੁਸ਼ੀ ਦੇ ਨਾਲ ਨਾਲ ਆਨੰਦਪੁਰ ਸਾਹਿਬ ਵਿਖੇ ਸੈਰ ਸਪਾਟਾ ਸਨਅਤ ਨੂੰ ਵੀ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਹੈ।