ਅੰਮ੍ਰਿਤਸਰ ’ਚ ਕਿਸਾਨਾਂ ’ਤੇ ਲਾਠੀਚਾਰਜ, ਹੰਝੂ ਗੈਸ, ਇਕ ਦੀ ਮੌਤ

Must Read

ਅੰਮ੍ਰਿਤਸਰ, 21 ਫਰਵਰੀ : ਬਿਜਲੀ ਦਰਾਂ ਘੱਟ ਕਰਨ ਅਤੇ ਬਿਜਲੀ ਮਹਿਕਮੇ ਨਾਲ ਸਬੰਧਤ ਹੋਰਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਬੰਦੀ ਬਣਾਏ ਗਏ ਪਾਵਰਕੌਮ ਦੇ ਇਕ ਅਧਿਕਾਰੀ ਤੇ ਕੁਝ ਕਰਮਚਾਰੀਆਂ ਨੂੰ ਪੁਲੀਸ ਨੇ ਅੱਜ ਦੇਰ ਸ਼ਾਮ ਸਖ਼ਤ ਕਾਰਵਾਈ ਕਰਦਿਆਂ ਰਿਹਾਅ ਕਰਵਾ ਲਿਆ। ਇਸ ਦੌਰਾਨ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਹਵਾ ਵਿਚ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਖਦੇੜ ਦਿੱਤਾ। ਇਸ ਕਾਰਵਾਈ ਵਿਚ ਕਈ ਕਿਸਾਨ ਜ਼ਖ਼ਮੀ ਹੋਏ ਅਤੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਸਪਤਾਲ ਸੂਤਰਾਂ ਅਨੁਸਾਰ ਇਕ ਜ਼ਖਮੀ ਕਿਸਾਨ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਕਿਸਾਨਾਂ ਵਲੋਂ ਵੀ ਜਵਾਬ ਵਿੱਚ ਪੁਲੀਸ ’ਤੇ ਪਥਰਾਅ ਕੀਤਾ ਗਿਆ,ਜਿਸ ਵਿਚ ਕਈ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਮ੍ਰਿਤਕ ਕਿਸਾਨ ਦੀ ਸ਼ਨਾਖਤ ਨਹੀਂ ਹੋ ਸਕੀ ਜਦੋਂ ਕਿ ਜ਼ਖ਼ਮੀ ਔਰਤ ਦਾ ਨਾਂ ਸਵਰਨ ਕੌਰ ਦੱਸਿਆ ਗਿਆ ਹੈ।

ਕਿਸਾਨ ਸੰਘਰਸ਼ ਕਮੇਟੀ ਵਲੋਂ ਪਾਵਰਕੌਮ ਦੇ ਬਾਰਡਰ ਰੇਂਜ ਦੇ ਮੁੱਖ ਇੰਜਨੀਅਰ ਦੇ ਦਫ਼ਤਰ ਦੇ ਕੀਤੇ ਗਏ ਘਿਰਾਓ ਦੌਰਾਨ ਅੱਜ ਦੂਜੇ ਦਿਨ ਕਿਸਾਨਾਂ ਨੇ ਪਾਵਰਕੌਮ ਵਿਭਾਗ ਦੇ ਇਕ ਅਧਿਕਾਰੀ ਅਤੇ ਅਮਲੇ ਦੇ ਕੁਝ ਮੈਂਬਰਾਂ ਨੂੰ ਛੁੱਟੀ ਸਮੇਂ ਦਫ਼ਤਰ ਤੋਂ ਬਾਹਰ ਆਉਣ ਤੋਂ ਰੋਕ ਦਿੱਤਾ ਸੀ ਅਤੇ ਇਨ੍ਹਾਂ ਨੂੰ ਦਫ਼ਤਰ ਦੇ ਅੰਦਰ ਹੀ ਬੰਦ ਕਰ ਦਿੱਤਾ। ਕਿਸਾਨ ਮੰਗ ਕਰ ਰਹੇ ਸੀ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਇਹ ਧਰਨਾ ਜਾਰੀ ਰਹੇਗਾ। ਇਸ ਦੌਰਾਨ ਪ੍ਰਸ਼ਾਸਨ ਵਲੋਂ ਇਕ ਐਸ.ਡੀ.ਐਮ. ਨੂੰ ਭੇਜ ਕੇ ਬੰਦੀ ਕਰਮਚਾਰੀਆਂ ਨੂੰ ਰਿਹਾਅ ਕਰਾਉਣ ਦਾ ਯਤਨ ਕੀਤਾ ਗਿਆ,ਪਰ ਕਿਸਾਨ ਆਪਣੀ ਮੰਗ ’ਤੇ ਅੜੇ ਰਹੇ। ਰਾਤ ਕਰੀਬ 7.30 ਵਜੇ ਪੁਲੀਸ ਨੇ ਦੁਬਾਰਾ ਗੱਲਬਾਤ ਦਾ ਯਤਨ ਕੀਤਾ ਪਰ ਯਤਨ ਅਸਫਲ ਹੋਣ ਤੋਂ ਬਾਅਦ  ਪੁਲੀਸ ਨੇ ਧਰਨਾਕਾਰੀਆਂ ਨੂੰ ਖਦੇੜਣ ਲਈ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਪੁਲੀਸ ਨੇ ਹਵਾ ਵਿਚ ਗੋਲੀ ਵੀ ਚਲਾਈ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ।

ਇਸ ਘਟਨਾ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ ਪੁਲੀਸ ਕਮਿਸ਼ਨਰ ਜੇ.ਐਸ. ਔਲਖ ਨੇ ਦੱਸਿਆ ਕਿ ਇਸ  ਕਾਰਵਾਈ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਪਥਰਾਅ ਕਾਰਨ ਪੁਲੀਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ।

ਪਾਵਰਕੌਮ ਦੇ ਬੁਲਾਰੇ ਸੁੱਚਾ ਲਾਲ ਨੇ ਦੱਸਿਆ ਕਿ ਪੁਲੀਸ ਕਾਰਵਾਈ ਤੋਂ ਬਾਅਦ ਦਫ਼ਤਰ ਵਿਚ ਬੰਦ ਸਮੂਹ ਕਰਮਚਾਰੀ ਬਾਹਰ ਆ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਾਮ ਸਮੇਂ ਦਫ਼ਤਰ ਦੀ ਛੁੱਟੀ ਵੇਲੇ ਜਿਵੇਂ ਹੀ ਵਿਭਾਗ ਦੇ ਐਕਸੀਅਨ ਐਸ.ਐਨ. ਮਾਹੀ ਘਰ ਜਾਣ ਲਈ ਨਿਕਲੇ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬਾਹਰ ਨਹੀਂ ਜਾਣ ਦਿੱਤਾ। ਉਸ ਵੇਲੇ ਸ੍ਰੀ ਮਾਹੀ ਤੋਂ ਇਲਾਵਾ ਦਸ ਹੋਰ ਕਰਮਚਾਰੀ ਦਫ਼ਤਰ ਵਿਚ ਸਨ।

ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ.ਸਤਨਾਮ ਸਿੰਘ ਅਜਨਾਲਾ ਅਤੇ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਪੁਲੀਸ ਵਲੋਂ ਕਿਸਾਨਾਂ ’ਤੇ ਲਾਠੀ ਚਾਰਜ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਆਖਿਆ ਕਿ ਬਿਜਲੀ ਪ੍ਰਣਾਲੀ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਕਾਰਨ ਹੀ ਲੋਕਾਂ ਨੂੰ ਸੜਕਾਂ ’ਤੇ ਆਉਣਾ ਪਿਆ ਹੈ।

- Advertisement -
- Advertisement -

Latest News

Australia to hold Federal Elections on 3 May

Australians will go to the polls on May 3 for general elections with high costs of living and a...

More Articles Like This

- Advertisement -