ਫ਼ਤਿਹਗੜ੍ਹ ਸਾਹਿਬ, 29 ਨਵੰਬਰ : ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਸਮੇਂ 27 ਦਸੰਬਰ ਨੂੰ ਨਗਰ ਕੀਰਤਨ ਦੇ ਗੁਰਦਵਾਰਾ ਜੋਤੀ ਸਰੂਪ ਸਾਹਿਬ ਵਿਖੇ ਪੁੱਜਣ ‘ਤੇ ਧਾਰਮਕ ਦੀਵਾਨ ਦੀ ਸਮਾਪਤੀ ਦੀ ਅਰਦਾਸ ਤੋਂ ਪਹਿਲਾਂ ਨਾ ਤਾਂ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕੀਤਾ ਗਿਆ ਅਤੇ ਨਾ ਹੀ ਅਰਦਾਸ ਤੋਂ ਬਾਅਦ ਸੰਗਤਾਂ ਵਿਚ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਬੀਰਦਵਿੰਦਰ ਸਿੰਘ ਨੇ ਇਸ ਘਟਨਾ ‘ਤੇ ਰੋਸ ਪ੍ਰਗਟ ਕਰਦਾ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਕਈ ਤਰ੍ਹਾਂ ਦੇ ਭੁਲੇਖੇ ਹਨ ਕਿ ਅਜਿਹਾ ਕਿਉਂ ਹੋਇਆ ਤੇ ਸਦੀਆਂ ਤੋਂ ਚਲੀ ਆ ਰਹੀ ਮਰਯਾਦਾ ਕਿਵੇਂ ਭੰਗ ਹੋਈ? ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਦੇਣਾ ਚਾਹੀਦਾ ਹੈ ਕਿ ਇਹ ਮਰਯਾਦਾ ਕਦੋਂ ਅਤੇ ਕਿਸ ਗੁਰਮਤੇ ਅਨੁਸਾਰ ਅਤੇ ਕਿਉਂ ਤਬਦੀਲ ਕੀਤੀ ਗਈ।
ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੇ ਗੁਰਦਵਾਰਾ ਜੋਤੀ ਸਰੂਪ ਸਾਹਿਬ ਵਿਖੇ ਸ਼ਹੀਦੀ ਦੀਵਾਨ ਨੂੰ ਸੰਬੋਧਨ ਕਰਦੇ ਸਮੇਂ ਅਪਣੇ ਆਪ ਹੀ ਸ਼ਹੀਦੀ ਜੋੜ ਮੇਲ ਦਾ ਨਾਮ ਬਦਲ ਕੇ ‘ਸ਼ਹੀਦੀ ਸਭਾ’ ਐਲਾਨ ਦਿਤਾ ਹੈ ਤੇ ਉਸ ਵਿਚੋਂ ਵੀ ‘ਸਿੰਘ’ ਸ਼ਬਦ ਦਾ ਜ਼ਿਕਰ ਵੀ ਗ਼ਾਇਬ ਕਰ ਦਿਤਾ ਹੈ ਜੋ ਸੰਗਤਾਂ ਨੂੰ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਮਾਤਾ ਗੁਜਰੀ ਦੇ ਜੋਤੀ-ਜੋਤ ਸਮਾਉਣ ਵਾਲੇ ਦਿਹਾੜਿਆਂ ਨੂੰ ਸੰਗਤਾਂ ਸ਼ਹੀਦੀ ਸਿੰਘ ਸਭਾ ਦੇ ਵਜੋਂ ਤਾਂ ਸਦੀਆਂ ਤੋਂ ਹੀ ਕਹਿ ਰਹੀਆਂ ਹਨ, ਪਰ ਇਸ ਨੂੰ ਮਹਿਜ਼ ‘ਸ਼ਹੀਦੀ ਸਭਾ’ ਕਹਿਣਾ ਤੇ ਉਸ ਵਿਚੋਂ ‘ਸਿੰਘ’ ਸ਼ਬਦ ਨੂੰ ਗ਼ਾਇਬ ਕਰਨਾ ਸਿੱਖ ਪੰਥ ਵਿਰੁਧ ਸਾਜ਼ਸ਼ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਇਸ ਐਲਾਨ ਨੂੰ ਤੁਰਤ ਵਾਪਸ ਲਿਆ ਜਾਵੇ। ਸ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਦੇ ਮੌਕੇ ਉਸ ਦੇ ਨਾਮਕਰਨ ਸਮੇਂ ਉਸ ਵਿਚੋਂ ‘ਸਿੱਖ’ ਸ਼ਬਦ ਉਡਾ ਦਿਤਾ ਗਿਆ ਜਦਕਿ ਇਸ ਮਹਾਨ ਸੰਸਥਾ ਦੇ ਸੰਕਲਪ-ਗ੍ਰਹਿਣ ਸਮੇਂ ਇਸ ਦਾ ਮੁਕੰਮਲ ਨਾਮ ‘ਸ੍ਰੀ ਗੁਰੂ ਗ੍ਰੰਥ ਸਾਹਿਬ, ਵਿਸ਼ਵ ਸਿੱਖ ਯੂਨੀਵਰਸਿਟੀ’ ਸੀ ਜਿਸ ਨੂੰ ਵਿਧਾਨ ਸਭਾ ਵਿਚ ਬਿਲ ਪੇਸ਼ ਕਰਨ ਸਮੇਂ ਤਬਦੀਲ ਕਰ ਦਿਤਾ ਗਿਆ।