ਪਟਿਆਲਾ-ਪੰਜਾਬ ਪੁਲੀਸ ਨੇ ਅਮਰੀਕਾ ਵਿੱਚ ਕਤਲ ਕਰਕੇ ਭੱਜ ਕੇ ਭਾਰਤ ਆਏ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅਮਨਦੀਪ ਸਿੰਘ ਧਾਮੀ ਦੇ ਸਿਰ ’ਤੇ 20000 ਡਾਲਰ ਦਾ ਇਨਾਮ ਸੀ। ਉਹ ਐਫਬੀਆਈ ਨੂੰ ਵੀ ਲੋੜੀਂਦਾ ਹੈ।ਅਮਨਦੀਪ ਸਿੰਘ ਧਾਮੀ ਜਿਸ ਨੂੰ ਅਮਰੀਕਾ ਤੋਂ ਮਿਲੀ ਇੱਕ ਸੂਹ ਉਤੇ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਉਹ ਪੜਤਾਲ ਕਰ ਰਹੇ ਹਨ ਕਿ ਧਾਮੀ ਦਾ ਪੰਜਾਬ ਪੁਲੀਸ ਦੇ ਬਰਤਰਫ਼ ਡੀਐਸਪੀ ਜਗਦੀਸ਼ ਭੋਲਾ ਨਾਲ ਤਾਂ ਸਬੰਧ ਨਹੀਂ, ਜਿਸ ਨੂੰ ਬਹੁ-ਕਰੋੜੀ ਡਰੱਗ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਧਾਮੀ ਨੂੰ ਕਰਾਈਮ ਬਰਾਂਚ ਨੇ ਜਲੰਧਰ ਨੇੜਿਓਂ ਕੁਝ ਦਿਨ ਪਹਿਲਾਂ ਜਲੰਧਰ ਪੁਲੀਸ ਦੀ ਸਹਾਇਤਾ ਨਾਲ ਗ੍ਰਿਫ਼ਤਾਰ ਕੀਤਾ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਜਲੰਧਰ ਤੇ ਅੰਮ੍ਰਿਤਸਰ ਵਿੱਚ ਨਾਂ ਬਦਲ-ਬਦਲ ਕੇ ਰਹਿੰਦਾ ਰਿਹਾ ਹੈ। ਧਾਮੀ (29) ਤੇ ਉਸ ਦੇ ਮਿੱਤਰ ਗੁਰਪ੍ਰੀਤ ਸਿੰਘ ਗੋਸਲ (29) ਨੇ ਸੈਕਰਾਮੈਂਟੋ ਸਿੱਖ ਸੁਸਾਇਟੀ ਦੇ ਗੁਰਦੁਆਰੇ ਦੀ ਗਰਾਊਂਡ ਵਿੱਚ ਦਾਖਲ ਹੋ ਕੇ 31 ਅਗਸਤ, 2008 ਨੂੰ ਉਦੋਂ ਗੋਲੀ ਚਲਾ ਦਿੱਤੀ ਸੀ ਜਦੋਂ ਉਥੇ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਸੀ। ਇਸ ਘਟਨਾ ਵਿੱਚ ਪਰਮਜੀਤ ਸਿੰਘ ਪੰਮਾ (26) ਮਾਰਿਆ ਗਿਆ ਸੀ ਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਸੀ।
ਇਸ ਮਾਮਲੇ ਵਿੱਚ ਅਮਰੀਕਾ ਦੀ ਇਕ ਅਦਾਲਤ ਨੇ ਗੋਸਲ ਨੂੰ 35 ਸਾਲ ਦੀ ਸਜ਼ਾ ਸੁਣਾਈ ਹੈ। ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਜਲੰਧਰ ਦੇ ਕਮਿਸ਼ਨਰ ਈਸ਼ਵਰ ਸਿੰਘ ਨੇ ਵੀ ਕੀਤੀ ਹੈ।ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਦੇ ਪਿਤਾ ਬਲਬੀਰ ਸਿੰਘ ਧਾਮੀ ਅਤੇ ਮਾਂ ਨੂੰ ਉੱਤਰੀ ਲਾਗੁਨਾ ਕਰੀਕ ਸਟਰੀਟ ਵਿੱਚ ਮਈ 2011 ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਸੀ। ਉਹ ਕੁਝ ਸਮਾਂ ਪਹਿਲਾਂ ਹੀ ਕੋਕੀਨ ਰੱਖਣ ਦੇ ਦੋਸ਼ ਵਿੱਚ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਉਸ ਉਪਰ ਆਪਣੇ ਪੁੱਤਰ ਨੂੰ ਭੱਜਣ ਵਿੱਚ ਸਹਾਇਤਾ ਕਰਨ ਦਾ ਵੀ ਦੋਸ਼ ਸੀ। ਅਮਨਦੀਪ ਧਾਮੀ ਉਪਰ ਕਤਲ ਤੋਂ ਇਲਾਵਾ ਹਜ਼ਾਰਾਂ ਡਾਲਰ ਦੀ ਕੋਕੀਨ ਤਸਕਰੀ ਦਾ ਵੀ ਦੋਸ਼ ਹੈ।ਡੀਐਸਪੀ (ਕਰਾਈਮ) ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਮਨਦੀਪ ਧਾਮੀ ਨੂੰ ਧੋਖਾਧੜੀ ਕੇਸ ਵਿਚ ਗ੍ਰਿਫਤਾਰ ਕਰ ਲਿਆ ਹੈ। ਉਹ ਜਾਅਲੀ ਨਾਂ ਹੇਠ ਰਹਿ ਰਿਹਾ ਸੀ। ਉਸ ਦੀ ਇੰਟਰਪੋਲ ਨੂੰ ਤਲਾਸ਼ ਸੀ। ਜਦੋਂ ਇਹ ਪੁੱਛਿਆ ਗਿਆ ਕਿ ਕੀ ਧਾਮੀ ਨੂੰ ਅਮਰੀਕਾ ਭੇਜਿਆ ਜਾਵੇਗਾ ਜਿੱਥੇ ਉਸ ਦੀ ਲੋੜ ਹੈ ਤਾਂ ਉਨ੍ਹਾਂ ਕਿਹਾ, ‘ਇਸ ਬਾਰੇ ਮੇਰੇ ਸੀਨੀਅਰ ਅਧਿਕਾਰੀ ਹੀ ਟਿੱਪਣੀ ਕਰ ਸਕਦੇ ਸਹਨ। ਮੁਲਜ਼ਮ ਨੂੰ ਇੰਟਰਪੋਲ ਹਵਾਲੇ ਕਰਨ ਦੀ ਪ੍ਰਕਿਰਿਆ ਬਣੀ ਹੋਈ ਹੈ।’
ਫੈਡਰਲ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਬਲਬੀਰ ਸਿੰਘ ਧਾਮੀ ਨੂੰ 2008 ਦੇ ਸ਼ੁਰੂ ਵਿਚ ਛੇ ਹੋਰਨਾਂ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਸਰਕਾਰੀ ਵਕੀਲ ਅਨੁਸਾਰ ਬਲਬੀਰ ਸਿੰਘ ਧਾਮੀ ਆਪਣੇ ਸਬੰਧਾਂ ਨੂੰ ਟਰੱਕ ਕਾਰੋਬਾਰ ਲਈ ਵਰਤਦਾ ਸੀ। ਉਹ ਸਟੌਕਟਨ ਬੂਲਵਰਡ ਵਿਚ ਹਿੱਸੇਦਾਰ ਸੀ। ਉਹ ਇਨ੍ਹਾਂ ਦੀ ਵਰਤੋਂ ਲਾਸ ਏਂਜਲਸ, ਸਕਰਾਮੈਂਟੋ, ਕੈਨੇਡਾ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੱਡੀ ਮਾਤਰਾ ਵਿਚ ਕੋਕੀਨ ਢੋਣ ਲਈ ਵਰਤੋਂ ਕਰਦਾ ਸੀ।ਕਰਾਈਮ ਸ਼ਾਖਾ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ’ਤੇ ਇਹ ਕਹਿ ਕੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਕਿ ਜਾਂਚ ਜਾਰੀ ਹੈ। ਜਾਣਕਾਰ ਸੂਤਰਾਂ ਅਨੁਸਾਰ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨੇ ਇਹ ਗੱਲ ਮੰਨੀ ਹੈ ਕਿ ਉਹ ਅਮਨਦੀਪ ਦੀ ਭਾਰਤ ਵਿਚ ਡਰੱਗ ਮਾਫੀਆ ਨਾਲ ਸਬੰਧਾਂ ਦੀ ਘੋਖ ਕਰ ਰਹੇ ਹਨ। ਪੰਜਾਬ ਪੁਲੀਸ ਪਹਿਲਾਂ ਹੀ ਪੰਜਾਬ ਦੇ ਡਰੱਗ ਮਾਫੀਆ ਨਾਲ ਸਬੰਧਾਂ ਦੇ ਦੋਸ਼ ਵਿਚ ਉੱਤਰੀ ਅਮਰੀਕਾ ਦੇ ਕਰੀਬ ਅੱਧੀ ਦਰਜਨ ਐਨਆਰਆਈ ਦੇ ਨਾਂ ਦੇ ਚੁੱਕੀ ਹੈ। ਜਗਦੀਸ਼ ਸਿੰਘ ਭੋਲਾ ਦੇ ਕੇਸ ਦੀ ਜਾਂਚ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਤਸਦੀਕ ਕੀਤਾ ਹੈ ਕਿ ਧਾਮੀ ਦੇ ਹੁਣੇ ਜਿਹੇ ਪਰਦਾਫਾਸ਼ ਕੀਤੇ ਗਏ ਡਰੱਗ ਤਸਕਰੀ ਕਾਂਡ ਨਾਲ ਜੁੜੇ ਹੋਣ ਸਬੰਧੀ ਉੱਚ ਅਧਿਕਾਰੀਆਂ ਨੇ ਕੁਝ ਜਾਣਕਾਰੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਸ ਪੜਾਅ ਉਪਰ ਕੁਝ ਵੀ ਨਹੀਂ ਦੱਸਿਆ ਜਾ ਸਕਦਾ।
ਗ੍ਰਿਫਤਾਰ ਮੁਲਜ਼ਮ ਅਮਨਦੀਪ ਸਿੰਘ ਧਾਮੀ ਜਾਅਲੀ ਨਾਂ ਜੁਝਾਰ ਸਿੰਘ ਰੱਖ ਕੇ ਰਹਿ ਰਿਹਾ ਸੀ। ਉਸ ਵਿਰੁੱਧ ਪਾਸਪੋਰਟ ਕਾਨੂੰਨ ਦੀ ਧਾਰਾ 14-ਬੀ ਭਾਰਤੀ ਦੰਡਾਵਲੀ ਦੀ ਧਾਰਾ 420, 467, 468, 471 ਤੇ 201 ਤਹਿਤ ਕੇਸ ਮੁਹਾਲੀ ਕਰਾਈਮ ਬਰਾਂਚ ਵਿਭਾਗ ਪੁਲੀਸ ਸਟੇਸ਼ਨ ਵਿਖੇ ਦਰਜ ਹਨ। ਇਸ ਸਬੰਧੀ ਜਦੋਂ ਦਿੱਲੀ ਵਿਖੇ ਅਮਰੀਕੀ ਦੂਤਾਵਾਸ ਨਾਲ ਸੰਪਰਕ ਕੀਤਾ ਤਾਂ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਧਾਮੀ ਨੂੰ ਗ੍ਰਿਫਤਾਰ ਕਰਨ ਸਬੰਧੀ ਸੁਣਿਆ ਹੈ ਪਰ ਅਜੇ ਪੰਜਾਬ ਪੁਲੀਸ ਨਾਲ ਸੰਪਰਕ ਕਰਨਾ ਹੈ। ਪੰਜਾਬ ਪੁਲੀਸ ਨੂੰ ਧਾਮੀ ਪਾਸੋਂ ਨਸ਼ਿਆਂ ਦੇ ਕਾਰੋਬਾਰ ’ਚ ਦੇਸ਼-ਵਿਦੇਸ਼ ਵਿੱਚ ਲੱਗੇ ਲੋਕਾਂ ਸਬੰਧੀ ਅਤਿ-ਅਹਿਮ ਜਾਣਕਾਰੀ ਹਾਸਲ ਹੋਣ ਦੀ ਆਸ ਹੈ।