ਅੰਮ੍ਰਿਤਸਰ, 22 ਅਗਸਤ (ਪੰਜਾਬ ਮੇਲ)- ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਆਰ ਐਸ ਐਸ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਸ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਿਆ ਜਾਵੇਗਾ।
ਇਸ ਦੌਰਾਨ ਉਨ੍ਹਾਂ ਇੱਕ ਵਾਰ ਮੁੜ ਆਰ ਐਸ ਐਸ ਮੁਖੀ ਦੇ ਸਿੱਖ ਧਰਮ ਸਬੰਧੀ ਬਿਆਨਾਂ ਦੀ ਕਰੜੀ ਨਿੰਦਾ ਕੀਤੀ ਹੈ। ਗਿਆਨੀ ਇਕਬਾਲ ਸਿੰਘ ਬਾਰੇ ਗੱਲ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਕਿ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ ਤੇ ਵਿਚਾਰ ਕਰਨ ਮਗਰੋਂ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਵੱਲੋਂ ਸਿੱਖ ਧਰਮ ਬਾਰੇ ਬੇਲੋੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਸਿੱਖ ਧਰਮ ਵੱਖਰਾ ਧਰਮ ਹੈ ਅਤੇ ਇਸ ਦੇ ਰਸਮ-ਰਿਵਾਜ ਦੂਜੇ ਧਰਮਾਂ ਤੋਂ ਵੱਖਰੇ ਹਨ। ਉਨ੍ਹਾਂ ਕਿਹਾ ਕਿ ਆਰ ਐਸ ਐਸ ਆਗੂ ਨੂੰ ਸਿੱਖ ਧਰਮ ਬਾਰੇ ਕੋਈ ਗਿਆਨ ਨਹੀਂ, ਇਸੇ ਕਾਰਨ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੂੰ ਸਿੱਖ ਧਰਮ ਬਾਰੇ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਉਹ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਮਿਲਾਉਣ ਦਾ ਯਤਨ ਕਰ ਰਹੇ ਹਨ, ਜੋ ਕਦੇ ਸਫ਼ਲ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਕਈ ਮੁਗਲ ਰਾਜਿਆਂ ਨੇ ਵੀ ਸਿੱਖ ਕੌਮ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਸੀ, ਪਰ ਉਹ ਸਫਲ ਨਹੀਂ ਹੋਏ।