ਬਠਿੰਡਾ/ਤਲਵੰਡੀ ਸਾਬੋ, (ਬਲਵਿੰਦਰ, ਮੁਨੀਸ਼)- ਪਿੰਡਾ ਜਗ੍ਹਾ ਰਾਮ ਤੀਰਥ ਦੀ ਮਹਿਲਾ ਅਕਾਲੀ ਸਰਪੰਚ ਦੇ ਘਰੋਂ ਅੱਜ ਪੁਲਸ ਨੇ ਲੋੜੀਂਦੇ ਤਿੰਨ ਗੈਂਗਸਟਰ ਗ੍ਰਿਫ਼ਤਾਰ ਕੀਤੇ, ਜਿਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਪਿਸਤੌਲਾਂ, ਬੰਦੂਕਾਂ ਤੇ ਜ਼ਿੰਦਾ ਕਾਰਤੂਸ ਮਿਲੇ ਹਨ। ਇਹ ਖੁਲਾਸਾ ਅੱਜ ਇਥੇ ਐੱਸ. ਐੱਸ. ਪੀ. ਰਵਚਰਨ ਸਿੰਘ ਬਰਾੜ ਵਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਗੈਂਗਸਟਰ ਉਹੀ ਹਨ, ਜਿਨ੍ਹਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਨੇ 16 ਮਈ ਨੂੰ ਪਿੰਡ ਆਦਮਪੁਰਾ ਵਿਖੇ ਕਾਂਗਰਸ ਦੀ ਰੈਲੀ ‘ਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਪੀ. ਪੀ. ਪੀ. ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਸਾਥੀਆਂ ‘ਤੇ ਹਮਲਾ ਕੀਤਾ ਸੀ। ਸਿੱਟੇ ਵਜੋਂ ਲੱਖਾ ਦੇ ਸਾਥੀ ਜਸਪ੍ਰੀਤ ਸਿੰਘ ਜੱਸਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਜਦੋਂਕਿ ਲੱਖਾ ਸਿਧਾਣਾ, ਰਾਜਵਿੰਦਰ ਸਿੰਘ ਰਾਜੂ ਤੇ ਬਲਵੀਰ ਸਿੰਘ ਜ਼ਖਮੀ ਹੋਏ ਸਨ। ਉਪਰੰਤ ਬਠਿੰਡਾ ਪੁਲਸ ਨੇ ਕਰਮਜੀਤ ਸਿੰਘ ਮਹਿਰਾਜ, ਜਸਵੰਤ ਸਿੰਘ ਸਿਧਾਣਾ, ਜਗਸੀਰ ਸਿੰਘ ਸੀਰਾ, ਰਣਜੋਧ ਸਿੰਘ ਜੋਧਾ ਕੋਠਾ ਗੁਰੂ, ਤੀਰਥ ਸਿੰਘ ਢਿੱਲਵਾਂ ਜ਼ਿਲਾ ਫਿਰੋਜ਼ਪੁਰ, ਗੁਰਜੀਤ ਸਿੰਘ ਢਿੰਬਰੀ ਦੀ ਸ਼ਨਾਖਤ ਮੁਲਜ਼ਮਾਂ ਵਜੋਂ ਕੀਤੀ ਸੀ, ਜਦੋਂਕਿ ਕੇਂਦਰੀ ਜੇਲ ਬਠਿੰਡਾ ‘ਚ ਬੰਦ ਗੁਰਤੇਜ ਸਿੰਘ ਨੰਬਰਦਾਰ ਨੂੰ ਵੀ ਮੁਲਜ਼ਮਾਂ ‘ਚ ਸ਼ਾਮਲ ਕੀਤਾ ਗਿਆ। ਉਕਤ ‘ਚੋਂ ਕਰਮਜੀਤ ਸਿੰਘ ਮਹਿਰਾਜ ਅਤੇ ਜਸਵੰਤ ਸਿੰਘ ਸਿਧਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂਕਿ ਨੰਬਰਦਾਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੁਲਸ ਹਿਰਾਸਤ ਵਿਚ ਲਿਆ ਗਿਆ। ਬਾਕੀ ਦੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ।
ਪੁਲਸ ਨੇ ਉਕਤ ਕੋਲੋਂ 2 ਪਿਸਤੌਲ 30 ਬੋਰ, 25 ਕਾਰਤੂਸ, 2 ਪਿਸਤੌਲ 32 ਬੋਰ, 10 ਕਾਰਤੂਸ, 1 ਰਿਵਾਲਵਰ 38 ਬੋਰ, 3 ਕਾਰਤੂਸ, 2 ਬੰਦੂਕਾਂ 12 ਬੋਰ, 4 ਕਾਰਤੂਸ, 1 ਬੰਦੂਕ 315 ਬੋਰ, 5 ਕਾਰਤੂਸ ਬਰਾਮਦ ਹੋਏ, ਜਦੋਂਕਿ ਇਨ੍ਹਾਂ ਕੋਲ ਜਾਅਲੀ ਆਰ. ਸੀ. ਵਾਲੀ ਇਕ ਇਨੋਵਾ ਕਾਰ ਵੀ ਸੀ।