ਚੰਡੀਗੜ੍ਹ, (ਸੰਘੀ) – ਅਸ਼ਲੀਲ ਗਾਇਕੀ ਦੇ ਚੱਕਰ ‘ਚ ਫ਼ਸੇ ਰੈਪ ਗਾਇਕ ਹਨੀ ਸਿੰਘ ਨੇ ਇਕ ਵਾਰੀ ਫ਼ਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਰ ‘ਤੇ ਦਸਤਕ ਦਿੱਤੀ ਹੈ। ਆਪਣੇ ਵਿਰੁੱਧ ਨਵਾਂਸ਼ਹਿਰ ਪੁਲਸ ਵਲੋਂ ਦਰਜ ਮਾਮਲੇ ਨੂੰ ਰੱਦ ਕਰਨ ਦੀ ਹਨੀ ਸਿੰਘ ਨੇ ਹਾਈਕੋਰਟ ‘ਚ ਅਪੀਲ ਕੀਤੀ ਹੈ ਅਤੇ ਉਸ ਦੀ ਇਸ ਅਪੀਲ ‘ਤੇ ਪੰਜਾਬ ਸਰਕਾਰ ਅਤੇ ਨਵਾਂਸ਼ਹਿਰ ਦੇ ਐੱਸ. ਐੱਸ. ਪੀ. ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਜਸਟਿਸ ਅਮੋਲ ਰਤਨ ਸਿੰਘ ਸਿੱਧੂ ‘ਤੇ ਆਧਾਰਿਤ ਬੈਂਚ ਨੇ ਹਨੀ ਸਿੰਘ ਵਲੋਂ ਦਾਇਰ ਉਸ ਅਪੀਲ ‘ਤੇ ਸੁਣਵਾਈ ਕੀਤੀ, ਜਿਸ ‘ਚ ਉਸ ਨੇ ਕਿਹਾ ਕਿ ਉਸ ਨੂੰ ਝੂਠੇ ਮਾਮਲੇ ‘ਚ ਫ਼ਸਾਇਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਅਸ਼ਲੀਲ ਗੀਤਾਂ ਦੇ ਮੁੱਦੇ ‘ਤੇ ਜਨਹਿੱਤ ਅਪੀਲ ‘ਤੇ ਸੁਣਵਾਈ ਹੋ ਰਹੀ ਸੀ ਤਾਂ ਉਸ ਨੇ ਸਹੁੰ ਪੱਤਰ ਦਾਇਰ ਕੀਤਾ ਸੀ ਕਿ ਜਿਸ ਗੀਤ ਦੇ ਆਧਾਰ ‘ਤੇ ਉਸ ਵਿਰੁੱਧ ਮਾਮਲਾ ਦਰਜ ਹੋਇਆ ਹੈ, ਉਹ ਗੀਤ ਉਸ ਨੇ ਨਹੀਂ ਗਾਇਆ।
ਉਹ ਤਾਂ ਖ਼ੁਦ ਇਸ ਗੱਲ ਦੇ ਪੱਖ ‘ਚ ਹੈ ਕਿ ਕਿਸੇ ਵੀ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਜੇਕਰ ਗੀਤ ਦੇ ਨਿਰੀਖਣ ਲਈ ਸੈਂਸਰ ਬੋਰਡ ਗਠਿਤ ਹੁੰਦਾ ਹੈ ਤਾਂ ਬਿਹਤਰ ਹੀ ਹੋਵੇਗਾ।