ਦੱਖਣੀ ਸਿਡਨੀ ਵਿੱਚ ਲਹਿੰਦੇ ਪੰਜਾਬ ਦੇ ਨੌਜਵਾਨ ਕਮਰਾਨ ਯੂਸਫ਼ (28 ਸਾਲ) ਦੀ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਦਿਨ-ਦਿਹਾੜੇ ਹੱਤਿਆ ਕਰ ਦਿੱਤੀ। ਇਹ ਨੌਜਵਾਨ ਪਿਛਲੇ ਸਾਲ ਅਕਾਊਂਟਿੰਗ ਦੀ ਪੜ੍ਹਾਈ ਕਰਨ ਆਸਟਰੇਲੀਆ ਆਇਆ ਸੀ। ਪੁਲੀਸ ਨੇ ਕਤਲ ਕੇਸ ’ਚ ਦੋ ਆਸਟਰੇਲਿਆਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਚੜ੍ਹਦੇ ਪੰਜਾਬ ਦੇ ਭਾਈਚਾਰੇ ਵੱਲੋਂ ਪੀੜਤ ਪਰਿਵਾਰ ਦੀ ਮਾਲੀ ਮਦਦ ਲਈ ਫੰਡ ਜੁਟਾਏ ਜਾ ਰਹੇ ਹਨ।
ਲਾਹੌਰ ਤੋਂ 125 ਕਿਲੋਮੀਟਰ ਲਹਿੰਦੇ ਪਾਸੇ ਪੈਂਦੇ ਪਿੰਡ ਜਲਾਲਪੁਰ ਜੱਟਾਂ ਦਾ ਇਹ ਨੌਜਵਾਨ ਸਿਡਨੀ ਵਿੱਚ ਇਕ ਸਬਜ਼ੀ ਦੀ ਦੁਕਾਨ ’ਤੇ ਕੰਮ ਕਰਦਾ ਸੀ। ਬੀਤੇ ਸ਼ਨਿਚਰਵਾਰ ਦੁਪਹਿਰ ਸਾਢੇ ਤਿੰਨ ਵਜੇ ਦੋ ਲੁਟੇਰੇ ਦੁਕਾਨ ’ਚ ਦਾਖਲ ਹੋਏ। ਜਦੋਂ ਉਨ੍ਹਾਂ ਨੇ ਕਾਊਂਟਰ ’ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕਮਰਾਨ ਨੇ ਇਕ ਨੂੰ ਜੱਫਾ ਮਾਰ ਲਿਆ। ਦੂਜੇ ਨੇ ਇਕ ਗੋਲੀ ਮ੍ਰਿਤਕ ਦੇ ਸਿਰ ਅਤੇ ਦੂਜੀ ਢਿੱਡ ’ਚ ਮਾਰੀ, ਜਿਸ ਨਾਲ ਉਹ ਮੌਕੇ ’ਤੇ ਹੀ ਦਮ ਤੋੜ ਗਿਆ।
ਪਾਕਿਸਤਾਨ ਐਸੋਸੀਏਸ਼ਨ ਆਫ ਆਸਟਰੇਲੀਆ ਦੇ ਪ੍ਰਧਾਨ ਸ਼ਾਹਿਦ ਇਕਬਾਲ ਅਨੁਸਾਰ ਇਸ ਨੌਜਵਾਨ ਦਾ ਪਿੱਛੇ ਵਿਆਹ ਹੋਇਆ ਸੀ। ਉਸ ਨੇ ਅਗਲੇ ਹਫ਼ਤੇ ਆਪਣੇ ਪਰਿਵਾਰ ਨੂੰ ਮਿਲਣ ਪਾਕਿਸਤਾਨ ਜਾਣਾ ਸੀ। ਈਦ ਦੇ ਦਿਨਾਂ ’ਚ ਪਰਿਵਾਰ ਲਈ ਇਸ ਮਨਹੂਸ ਖ਼ਬਰ ਨੇ ਸਭ ਨੂੰ ਉਦਾਸ ਕੀਤਾ ਹੈ।