ਅੰਮ੍ਰਿਤਸਰ, 26 ਅਪਰੈਲ : ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਸਵੇਂ ਗੁਰੂ ਦੇ ਸ਼ਬਦ ਵਿੱਚ ਬਦਲਾਅ ਲਈ ਅੱਜ ਸ਼ਾਮ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਸੌਂਪ ਕੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਇਹ ਭੁੱਲ ਉਨ੍ਹਾਂ ਕੋਲੋਂ ਅਣਜਾਣੇ ਵਿੱਚ ਹੋਈ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫਿਲਹਾਲ ਇਸ ਮਾਮਲੇ ’ਚ ਕੋਈ ਫ਼ੈਸਲਾ ਨਹੀਂ ਦਿੱਤਾ ਹੈ ਅਤੇ ਕਿਹਾ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਸ ਨੂੰ ਵਿਚਾਰਿਆ ਜਾਵੇਗਾ।
ਉਧਰ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਭੇਜ ਕੇ ਦਸਵੇਂ ਗੁਰੂ ਜੀ ਦੇ ਸ਼ਲੋਕ ਨੂੰ ਵਿਗਾੜਨ ਦੇ ਦੋਸ਼ ਹੇਠ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਕਰਨ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧ ਵਿੱਚ ਇਕ ਪੱਤਰ ਮੁੱਖ ਚੋਣ ਕਮਿਸ਼ਨਰ ਨੂੰ ਵੀ ਭੇਜਿਆ ਹੈ ਅਤੇ ਅਪੀਲ ਕੀਤੀ ਹੈ ਕਿ ਜਿਵੇਂ ਅਮਿਤ ਸ਼ਾਹ ਤੇ ਆਜ਼ਮ ਖਾਂ ਖ਼ਿਲਾਫ਼ ਭੜਕਾਊ ਗਤੀਵਿਧੀਆਂ ਲਈ ਕਾਰਵਾਈ ਕੀਤੀ ਸੀ, ਉਸੇ ਤਰ੍ਹਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸ੍ਰੀ ਮਜੀਠੀਆ ਖ਼ਿਲਾਫ਼ ਵੀ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਪ੍ਰਚਾਰ ਕਰਨ ’ਤੇ ਰੋਕ ਲਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਸ਼ਲੋਕ ਸਿੱਖ ਰੈਜੀਮੈਂਟ ਦੀ ਪ੍ਰਾਰਥਨਾ ਹੈ, ਜਿਸ ਨਾਲ ਉਹ ਸਬੰਧ ਰੱਖਦੇ ਹਨ। ਸਾਬਕਾ ਮੁੱਖ ਮੰਤਰੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ੍ਰੀ ਮਜੀਠੀਆ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਜ਼ਰੂਰੀ ਹੈ, ਤਾਂ ਜੋ ਮਜੀਠੀਆ ਵਰਗੇ ਲੋਕ ਇਹ ਨਾ ਸਮਝਣ ਕਿ ਉਹ ਕੁਝ ਵੀ ਕਰਕੇ ਬਚ ਸਕਦੇ ਹਨ। ਇਹ ਪੁੱਛੇ ਜਾਣ ’ਤੇ ਕਿ ਅਕਾਲ ਤਖ਼ਤ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਸਿੱਖ ਕੌਮ ਵੱਲੋਂ ਕੀਤਾ ਜਾਵੇਗਾ।