ਬੰਦੀ ਸਿੰਘ ਰਿਹਾਈ ਮੋਰਚਾ ਨੇ ਕਈ ਦਿਨਾਂ ਦੀ ਚੁੱਪੀ ਤੋਂ ਬਾਅਦ ਸਜ਼ਾਵਾਂ ਕੱਟ ਚੁੱਕੇ ਸਿੱਖ ਕੈਦੀਆਂ ਦੀ ਪੱਕੀ ਰਿਹਾਈ ਦੀ ਵਕਾਲਤ ਕਰਦਿਆਂ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਜਥੇਬੰਦੀ ਵੱਲੋਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਕਾਂਡ ਮਾਮਲੇ ਸਬੰਧੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਰਹੇ ਲਖਵਿੰਦਰ ਸਿੰਘ ਉਰਫ਼ ਲੱਖਾ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਲਈ ਆਈ.ਜੀ. (ਜੇਲ੍ਹਾਂ) ਨੂੰ ਵੱਖ-ਵੱਖ ਅਰਜ਼ੀਆਂ ਸੌਂਪੀਆਂ ਹਨ। ਇਹ ਜਾਣਕਾਰੀ ਅੱਜ ਸੀਨੀਅਰ ਵਕੀਲ ਅਮਰ ਸਿੰਘ ਚਾਹਲ ਅਤੇ ਹਰਪਾਲ ਸਿੰਘ ਚੀਮਾ ਨੇ ਦਿੱਤੀ।
ਇਸ ਤੋਂ ਪਹਿਲਾਂ ਇੱਥੋਂ ਦੇ ਗੁਰੂ ਆਸਰਾ ਟਰੱਸਟ ਵਿਖੇ ਬੰਦੀ ਸਿੰਘ ਰਿਹਾਈ ਮੋਰਚਾ, ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਅਕਾਲੀ ਆਗੂਆਂ ਦੀ ਮੀਟਿੰਗ ਹੋਈ। ਇਸ ਵਿੱਚ ਹਰਿਆਣਾ ਦੇ ਗਰਮਖਿਆਲੀ ਆਗੂ ਗੁਰਬਖ਼ਸ਼ ਸਿੰਘ ਖ਼ਾਲਸਾ ਸਮੇਤ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਹਰਪਾਲ ਸਿੰਘ ਚੀਮਾ, ਵਕੀਲ ਅਮਰ ਸਿੰਘ ਚਾਹਲ, ਅਖੰਡ ਕੀਰਤਨੀ ਜਥੇ ਦੇ ਮੁੱਖ ਬੁਲਾਰੇ ਆਰ.ਪੀ. ਸਿੰਘ, ਦਲ ਖ਼ਾਲਸਾ ਦੇ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ, ਕਮਿਕਰ ਸਿੰਘ, ਅਕਾਲੀ ਆਗੂ ਗੁਰਨਾਮ ਸਿੰਘ ਸਿੱਧੂ, ਕਸ਼ਮੀਰ ਕੌਰ ਅਤੇ ਕੁਲਬੀਰ ਕੌਰ ਧਾਮੀ ਆਦਿ ਨੇ ਸ਼ਿਰਕਤ ਕੀਤੀ।
ਸਿੱਖ ਆਗੂਆਂ ਨੇ ਦੱਸਿਆ ਕਿ ਬੁੜੈਲ ਜੇਲ੍ਹ ’ਚੋਂ 28 ਦਿਨਾਂ ਦੀ ਪੈਰੋਲ ’ਤੇ ਰਿਹਾਅ ਹੋਏ ਲਖਵਿੰਦਰ ਸਿੰਘ ਉਰਫ਼ ਲੱਖਾ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਲਈ ਬੀਤੀ 9 ਜਨਵਰੀ ਨੂੰ ਬੁੜੈਲ ਜੇਲ੍ਹ ਚੰਡੀਗੜ੍ਹ ਅਥਾਰਟੀ, ਜ਼ਿਲ੍ਹਾ ਅਦਾਲਤ ਅਤੇ ਚੰਡੀਗੜ੍ਹ ਦੇ ਆਈ.ਜੀ. (ਜੇਲ੍ਹਾਂ) ਨੂੰ ਵੱਖ-ਵੱਖ ਅਰਜ਼ੀਆਂ ਦਿੱਤੀਆਂ ਗਈਆਂ ਹਨ। ਇਹ ਤਿੰਨੇ ਜਣੇ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। ਹੁਣ ਤੱਕ ਇਹ ਕੈਦੀ ਛੁੱਟੀਆਂ ਮਿਲਾ ਕੇ ਕਰੀਬ 22 ਸਾਲਾਂ ਦੀ ਸਜ਼ਾ ਭੁਗਤ ਚੁੱਕੇ ਹਨ। ਸਿੱਖ ਕੈਦੀ ਪੱਕੀ ਰਿਹਾਈ ਲਈ ਲੋੜੀਂਦੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ, ਜਿਸ ਕਾਰਨ ਜਥੇਬੰਦੀ ਵੱਲੋਂ ਇਸੇ ਹਫ਼ਤੇ ਸਿੱਖ ਕੈਦੀਆਂ ਦੀ ਜ਼ਮਾਨਤ ਅਤੇ ਪੈਰੋਲ ਦੀ ਛੁੱਟੀ ਵਧਾਉਣ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਜਾ ਰਹੀ ਹੈ। ਅਖੰਡ ਕੀਰਤਨੀ ਜਥੇ ਦੇ ਬੁਲਾਰੇ ਆਰ.ਪੀ. ਸਿੰਘ ਨੇ ਦੱਸਿਆ ਕਿ ਇਸ ਮੁੱਦੇ ’ਤੇ ਜਥੇਬੰਦੀ ਦੀ ਕੁਝ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਰੋਸਾ ਦਿੱਤਾ ਸੀ ਕਿ ਕੇਂਦਰੀ ਜੇਲ੍ਹ ਨਾਭਾ ’ਚੋਂ ਪੈਰੋਲ ’ਤੇ ਰਿਹਾਅ ਹੋਏ ਲਾਲ ਸਿੰਘ ਅਕਾਲਗੜ੍ਹ ਬਾਰੇ ਗੁਜਰਾਤ ਸਰਕਾਰ ਦੀ ਅਪੀਲ ਸੁਪਰੀਮ ਕੋਰਟ ਵਿੱਚ ਵਿਚਾਰਅਧੀਨ ਹੈ। ਉਹ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਇਹ ਕੇਸ ਵਾਪਸ ਲੈਣ ਲਈ ਜ਼ੋਰ ਪਾਉਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਜਲਦੀ ਹੀ ਸ੍ਰ੍ਰੀ ਬਾਦਲ ਨੂੰ ਮਿਲ ਕੇ ਆਪਣਾ ਵਾਅਦਾ ਪੂਰਾ ਕਰਨ ਦੀ ਅਪੀਲ ਕਰੇਗੀ। ਉਧਰ, ਕੇਂਦਰੀ ਜੇਲ੍ਹ ਗੁਲਬਰਗ (ਕਰਨਾਟਕਾ) ਵਿੱਚ ਬੰਦ ਗੁਰਦੀਪ ਸਿੰਘ ਖਹਿਰਾ ਬਾਰੇ ਕਰਨਾਟਕਾ ਸਰਕਾਰ ਨੇ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ’ਤੇ ਸੁੱਟ ਦਿੱਤੀ ਹੈ। ਕਰਨਾਟਕਾ ਦੇ ਡੀ.ਜੀ.ਪੀ. (ਜੇਲ੍ਹਾਂ) ਨੇ ਪੰਜਾਬ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਇਸ ਕੈਦੀ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਸ਼ਿਫ਼ਟ ਕਰਨ ਦੀ ਸਿਫਾਰਸ਼ ਭੇਜੀ ਜਾਵੇ। ਇਸੇ ਤਰ੍ਹਾਂ ਪੀਲੀਭੀਤ ਦੀ ਬਾਂਸ-ਬਰੇਲੀ ਜੇਲ੍ਹ (ਯੂ.ਪੀ) ਵਿੱਚ ਬੰਦ ਵਰਿਆਮ ਸਿੰਘ ਸਬੰਧੀ ਕਾਨੂੰਨੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਸ੍ਰ੍ਰੀ ਹਰਪਾਲ ਚੀਮਾ ਨੇ ਦੱਸਿਆ ਕਿ ਰਾਜਪਾਲ ਯੂ.ਪੀ. ਦੇ ਕਾਨੂੰਨੀ ਸਲਾਹਕਾਰ ਛੁੱਟੀ ’ਤੇ ਹੋਣ ਕਾਰਨ ਕੈਦੀ ਨੂੰ ਪੈਰੋਲ ’ਤੇ ਰਿਹਾਅ ਕਰਨ ਵਿੱਚ ਦੇਰੀ ਹੋ ਰਹੀ ਹੈ। ਕਾਨੂੰਨੀ ਸਲਾਹਕਾਰ ਸੋਮਵਾਰ ਨੂੰ ਆਪਣੇ ਦਫ਼ਤਰ ਪਰਤ ਆਉਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਬਖ਼ਸ਼ ਸਿੰਘ ਖਾਲਸਾ ਨੇ ਦੁਹਰਾਇਆ ਕਿ ਉਹ ਸ਼ਾਂਤਮਈ ਤਰੀਕੇ ਨਾਲ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਜ਼ਾਵਾਂ ਕੱਟ ਚੁੱਕੇ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਣਗੇ ਅਤੇ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ।