ਪ੍ਰੋ ਇੰਦਰ ਸਿੰਘ ਘੱਗਾ ‘ਤੇ ਧਾਰਾ 295ਏ ਤਹਿਤ ਦਰਜ ਹੋਏ ਮਾਮਲੇ ਦੇ ਵਿਰੋਧ ‘ਚ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾ, ਪੰਥਕ ਵਿਦਵਾਨਾ ਤੇ ਪੰਥ ਦਰਦੀਆਂ ‘ਚ ਸਖਤ ਰੋਸ ਅਤੇ ਰੋਹ ਪਾਇਆ ਜਾ ਰਿਹਾ ਹੈ। ਅੱਜ ਸ.ਘੱਗਾ ਨੂੰ ਮੋਗਾ ਅਦਾਲਤ ‘ਚ ਪੇਸ਼ ਕਰਨ ਮੋਕੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂ ਭਾਰੀ ਗਿਣਤੀ ‘ਚ ਹਾਜ਼ਰ ਸਨ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਨੇ ਕਿਹਾ ਕਿ ਸ.ਘੱਗਾ ਨੂੰ ਪੁਲਿਸ ਵੱਲੋਂ ਉਸ ਸਮੇਂ ਗ੍ਰਿਫਤਾਰ ਕਰਨਾ ਅਫਸੋਸਨਾਕ ਹੈ, ਜਦੋਂ ਉਹ ਬਿਮਾਰੀ ਦੀ ਹਾਲਤ ‘ਚ ਇਲਾਜ ਕਰਵਾ ਰਹੇ ਸਨ ਤੇ ਡਾਕਟਰਾਂ ਨੇ ਬਕਾਇਦਾ ਉਹਨਾਂ ਨੂੰ ਗੁਲੂਕੋਜ਼ ਦੀ ਬੋਤਲ ਵੀ ਲਾਈ ਹੋਈ ਸੀ। ਅੰਤਰ-ਰਾਸ਼ਟਰੀ ਪ੍ਰਚਾਰਕ ਸਰਬਜੀਤ ਸਿੰਘ ਧੁੰਦਾ ਅਤੇ ਗੁਰਜੰਟ ਸਿੰਘ ਰੂਪੋਵਾਲੀ ਨੇ ਕਿਹਾ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਲੋਕਾਈ ਸਿਜਦਾ ਕਰਦੀ ਹੈ, ਜਿਸ ‘ਚ ਬਾਣੀ ਦਰਜ ਕਰਨ ਲੱਗਿਆਂ ਗੁਰੂ ਪਾਤਸ਼ਾਹ ਨੇ ਵੱਖ-ਵੱਖ ਇਲਾਕਿਆਂ ਦੇ ਭਗਤਾਂ ਦੀ ਵਿਚਾਰ ਨੂੰ ਅੰਕਿਤ ਕੀਤਾ ਹੈ।
ਉਨਾਂ ਕਿਹਾ ਕਿ ਜਦੋਂ ਅਸੀਂ ਭਗਤ ਨਾਮਦੇਵ ਜੀ ਦੀ ਬਾਣੀ ਪੜਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਨਾਂ ਨੇ ਤਾਂ ਇਥੋਂ ਤੱਕ ਲਿਖ ਦਿੱਤਾ ਹੈ ਕਿ ‘ਹੇ ਬ੍ਰਾਹਮਣ ਤੈਨੂੰ ਪ੍ਰਮੇਸ਼ਰ ਦੇ ਦਰਸ਼ਨ ਕਿਉਂ ਨਹੀਂ ਹੋਏ?’ ਭਗਤ ਜੀ ਬ੍ਰਾਹਮਣ ਨੂੰ ਮੂਰਖ ਕਹਿ ਕੇ ਸੰਬੋਧਨ ਕਰਕੇ ਕਹਿੰਦੇ ਹਨ ਕਿ ਜਿਸ ਭਗਵਾਨ ਦੇ ਉੱਪਰ ਤੇਰੀ ਸ਼ਰਧਾ ਹੈ, ਤੂੰ ਉਸ ਦੀਆਂ ਵੱਖ-ਵੱਖ ਸ਼ਕਲਾਂ ਬਣਾ ਕੇ ਉਸ ‘ਤੇ ਕਈ ਤਰਾਂ ਦੀਆਂ ਆਪੇ ਹੀ ਹਾਸੋਹੀਣੀਆਂ ਸਾਖੀਆ ਘੜ ਦਿੱਤੀਆਂ ਹਨ। ਉਨਾਂ ਅੱਗੇ ਆਖਿਆ ਕਿ ਇੰਦਰ ਸਿੰਘ ਘੱਗਾ ਨੇ ਆਪਣੇ ਰੱਖੜੀ ਵਾਲੇ ਲੇਖ ‘ਚ ਜੋ ਕੁਝ ਲਿਖਿਆ ਹੈ, ਉਹ ਹਿੰਦੂ ਗ੍ਰੰਥਾਂ ‘ਚੋਂ ਅੱਜ ਵੀ ਪੜਿਆ ਜਾ ਸਕਦਾ ਹੈ।
ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਆਰ.ਆਰ.ਐਸ ਵੱਲੋਂ ਸਿੱਖ ਸਿਧਾਂਤਾ ਦਾ ਘਾਣ ਕਰਨ ਦੀਆਂ ਸੈਂਕੜੇ ਮਿਸਾਲਾਂ ਸਬੂਤਾਂ ਸਮੇਤ ਦਿੱਤੀਆਂ ਜਾ ਚੁੱਕੀਆਂ ਹਨ, ਜੋ ਅਜੇ ਵੀ ਪੰਥਕ ਵੈਬਸਾਈਟਾਂ ਅਤੇ ਯੂ-ਟਿਊਬ ‘ਤੇ ਮੌਜੂਦ ਹਨ ਪਰ ਅਜਿਹੇ ਕਿਸੇ ਵੀ ਸ਼ਰਾਰਤੀ ਅਨਸਰ ਖਿਲਾਫ ਹਕੂਮਤ ਨੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਦੋਸ਼ ‘ਚ ਧਾਰਾ 295-ਏ ਦਾ ਮਾਮਲਾ ਦਰਜ ਨਹੀਂ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਜੀਤ ਸਿੰਘ ਗੁਰਮਤਿ ਪ੍ਰਚਾਰ ਕੋਂਸਲ ਲੁਧਿਆਣਾ, ਅਮਨਪ੍ਰੀਤ ਸਿੰਘ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਮਨਦੀਪ ਸਿੰਘ ਦੁਰਮਤਿ ਸੋਧਕ ਲਹਿਰ ਲੁਧਿਆਣਾ, ਰਾਜ ਸਿੰਘ ਸ਼ਹਿਣਾ ਸਿੰਘ ਸਭਾ ਲਹਿਰ, ਨਿਸ਼ਕਾਮ ਸੇਵਾ ਸੁਸਾਇਟੀ ਲੁਧਿਆਣਾ ਸਮੇਤ ਜਗਦੀਪ ਸਿੰਘ ਨੱਥੋਕੇ, ਜਗਦੀਸ਼ ਸਿੰਘ ਸਰਪੰਚ ਰੋਡੇ, ਮਨਮੋਹਨ ਸਿੰਘ ਘੋਲੀਆ, ਮਨਪ੍ਰੀਤ ਸਿੰਘ ਚੀਮਾ, ਹਾਕਮ ਸਿੰਘ ਬਾਰੇਵਾਲਾ, ਏਕਮਕਾਰ ਸਿੰਘ ਚੁੱਪਕੀਤੀ, ਪ੍ਰਿਤਪਾਲ ਸਿੰਘ ਕਪੂਰੇ, ਰਣਜੀਤ ਸਿੰਘ ਬੁੱਧਸਿੰਘਵਾਲਾ, ਸੁਖਪਾਲ ਸਿੰਘ ਰਾਜੇਆਣਾ, ਰਛਪਾਲ ਸਿੰਘ ਖਾਲਸਾ, ਗੁਰਸੇਵਕ ਸਿੰਘ ਮਦਰੱਸਾ, ਯਾਦਵਿੰਦਰ ਸਿੰਘ ਸਿੱਧੂ ਸਰਪੰਚ ਆਦਿ ਵੀ ਹਾਜਰ ਸਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ ਦਰਸ਼ਨ ਸਿੰਘ ਖਾਲਸਾ ਨੇ ਇੱਕ ਵੱਖਰੇ ਬਿਆਨ ਰਾਹੀਂ ਪ੍ਰੋ ਇੰਦਰ ਸਿੰਘ ਘੱਗਾ ‘ਤੇ ਦਰਜ ਹੋਏ ਮਾਮਲੇ ਦੀ ਨੁਕਤਾਚੀਨੀਂ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਦਵਾਨ ਬ੍ਰਾਹਮਣਵਾਦ ਦੇ ਪੈਦਾ ਕੀਤੇ ਆਚਰਣਹੀਣਤਾ ਦੇ ਚਿੱਕੜ ਵਿਚੋਂ ਸਮੁੱਚੀ ਲੋਕਾਈ ਨੂੰ ਕੱਢਣ ਦੀ ਕੌਸ਼ਿਸ਼ ਕਰਦਾ ਹੈ ਤਾਂ ਉਸ ਖਿਲਾਫ ਅਜਿਹੇ ਝੂਠੇ ਮਾਮਲੇ ਦਰਜ ਕਰਨ ਵਾਲੀਆਂ ਸਰਕਾਰਾਂ, ਪੁਲਿਸ ਅਤੇ ਅਦਾਲਤਾਂ ‘ਤੇ ਹੈਰਾਨੀ ਹੁੰਦੀ ਹੈ। ਉਹਨਾਂ ਕਿਹਾ ਕਿ ਪ੍ਰੋ ਘੱਗਾ ਨੇ ਆਪਣੇ ਕੋਲੋਂ ਕੁਝ ਨਹੀਂ ਲਿਖਿਆ ਬਲਕਿ ਅਜਿਹਾ ਸਭ ਕੁਝ ਪ੍ਰਵਾਣਤ ਕੀਤੇ ਜਾ ਚੁੱਕੇ ਗ੍ਰੰਥਾ ਚੋਂ ਮਿਲਦਾ ਹੈ। ਉਹਨਾਂ ਕਿਹਾ ਕਿ ਜਾਂ ਤਾਂ ਵਿਦਵਾਨਾ ਖਿਲਾਫ ਝੂਠੇ ਮਾਮਲੇ ਦਰਜ ਕਰਨੇ ਬੰਦ ਕਰੋ ਤੇ ਜਾਂ ਵਹਿਮ ਭਰਮ ਪੈਦਾ ਕਰਨ ਅਤੇ ਕੂੜਾ ਖਿਲਾਰਣ ਵਾਲੇ ਗ੍ਰੰਥਾਂ ਨੂੰ ਬੈਨ ਕਰੋ। ਪੰਥਕ ਲੇਖਕ ਇੰਦਰਜੀਤ ਸਿੰਘ ਕਾਨਪੁਰ ਨੇ ਦਾਅਵਾ ਕੀਤਾ ਕਿ ਇਸ ਮੁੱਦੇ ‘ਤੇ ਪ੍ਰੋਫੇਸਰ ਇੰਦਰ ਸਿੰਘ ਘੱਗਾ ਨਾਲ ਪੂਰਾ ਜਾਗਰੂਕ ਤਬਕਾ ਇਕਜੁਟ ਖੜਾ ਹੋਵੇਗਾ । ਉਹਨਾਂ ਕਿਹਾ ਕਿ ਕਹਿਣ ਅਤੇ ਬੋਲਣ ਦੀ ਅਜਾਦੀ ਵੀ ਜੇ ਇਸ ਦੇਸ਼ ਵਿੱਚ ਨਹੀਂ ਹੈ, ਤਾਂ ਫਿਰ ਇਸਨੂੰ ਲੋਕਤੰਤਰ ਕਹਿਨਾਂ ਕਿਥੋ ਤੱਕ ਉਚਿਤ ਹੈ । ਇਹ ਮਸਲਾ ਸਿਰਫ ਪ੍ਰੋਫੇਸਰ ਘੱਗਾ ਦਾ ਜਾਤੀ ਮੁੱਦਾ ਨਹੀਂ ਅਤੇ ਇਹ ਕੇਸ ਪ੍ਰੋਫੇਸਰ ਘੱਗਾ ਉੱਤੇ ਹੀ ਨਹੀਂ, ਬਲਕਿ ਪੂਰੀ ਕੌਮ ਲਈ ਇਕ ਚੁਨੌਤੀ ਹੈ। ਵੈਸੇ ਵੀ ਇਸ ਲੇਖ ਵਿੱਚ ਐਸਾ ਕੁਝ ਵੀ ਨਹੀਂ ਹੈ, ਜਿਸ ਕਰ ਕੇ ਇਹ ਧਾਰਾ ਪ੍ਰੋਫੇਸਰ ਘੱਗਾ ਉੱਤੇ ਲਾਗੂ ਹੁੰਦੀ ਹੋਵੇ ।ਉਨਾ ਦਾਅਵਾ ਕੀਤਾ ਕਿ ਇਹ ਲੇਖ ਸਿੱਖ ਸਿਧਾਂਤਾਂ ਅਤੇ ਸਿੱਖ ਜੀਵਨ ਜਾਂਚ ਅਨੁਸਾਰ ਕੇਵਲ ਸਿੱਖ ਕੌਮ ਨੂੰ ਜਾਗਰੂਕ ਕਰਨ ਲਈ ਹੈ ਨਾ ਕਿ ਕਿਸੇ ਧਰਮ ਦੀ ਨਿਖੇਧੀ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ । ਅਵਤਾਰ ਸਿੰਘ ਮਿਸ਼ਨਰੀ ਅਨੁਸਾਰ ਅਜੋਕੇ ਬਹੁਤੇ ਡੇਰਾਵਾਦੀ, ਅਗਿਆਨੀ, ਭਰਮੀ ਅਤੇ ਗੁਰਮਤਿ ਸਿਧਾਤਾਂ ਜਾਂ ਗੁਰਬਾਣੀ ਅਰਥਾਂ ਤੋਂ ਕੋਰੇ ਸਿੱਖ ਬ੍ਰਾਹਮਣੀ ਰਸਮਾਂ ਰੀਤਾਂ ਅਤੇ ਕਰਮਕਾਂਡਾਂ ਵਿੱਚ ਦੇਖਾ ਦੇਖੀ ਇਤਨੇ ਫਸ ਚੁੱਕੇ ਹਨ ਕਿ ਉਹਨਾਂ ਨੂੰ ਅਸਲ ਤੇ ਨਕਲ ਜਾਂ ਘੋੜੇ ਅਤੇ ਗਧੇ ਦੀ ਪਛਾਣ ਹੀ ਨਹੀਂ ਰਹੀ, ਉਹ ਹਰੇਕ ਬ੍ਰਾਹਮਣੀ ਰਸਮ ਜਾਂ ਤਿਉਹਾਰ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਹਨ, ਜਿਵੇਂ ਤਿਲਕ ਲਾਉਣੇ, ਸੰਧੂਰੀ ਧਾਗੇ ਡੋਰੀਆਂ ਗੁੱਟਾਂ ਤੇ ਬੰਨਣੀਆਂ, ਪਾਠਾਂ ਨਾਲ ਜੋਤਾਂ, ਨਰੇਲ ਅਤੇ ਕੁੰਭ ਘੜੇ ਕੈਨੀਆਂ ਰੱਖਣੀਆਂ। ਮੱਸਿਆ, ਪੁੰਨਿਆ, ਪੰਚਕਾਂ ਅਤੇ ਸੰਗਰਾਂਦਾਂ ਆਦਿਕ ਰਸਮਾਂ ਅਤੇ ਤਿਉਹਾਰ ਘਰਾਂ ਵਿੱਚ ਕੀ ਸਗੋਂ ਗੁਰਦਵਾਰਿਆਂ ਵਿੱਚ ਵੀ ਗੱਜ ਵੱਜ ਕੇ ਮਨਾਉਣੇ। ਉਹਨਾਂ ਕਿਹਾ ਕਿ ਰੱਖੜੀ ਜਿਸ ਦੇਸ਼ ਦੀ ਰਸਮ ਹੈ ਅੱਜ ਉਸੇ ਦੇਸ਼ ਵਿੱਚ ਹੀ ਭੈਣਾਂ ਦੀ ਇਜ਼ਤ ਬਚਾਉਣੀ ਅਤੇ ਰੱਖਿਆ ਤਾਂ ਕੀ ਕਰਨੀ ਸਗੋਂ ਉਹਨਾਂ ਦੀ ਇੱਜ਼ਤ ਬਲਾਤਕਾਰਾਂ ਰਾਹੀਂ ਆਏ ਦਿਨ ਲੁੱਟੀ ਜਾ ਰਹੀ ਹੈ ਅਤੇ ਪਿਆਰ ਦੀ ਥਾਂ ਨਫਰਤਾਂ ਪਾਲੀਆਂ ਜਾ ਰਹੀਆਂ ਹਨ, ਗੁੱਟਾਂ ‘ਤੇ ਰੱਖੜੀ ਬੰਨਾਉਣ ਵਾਲੇ ਦੇਸ਼ ਦੇ ਹਾਕਮ, ਪੁਲਸੀਏ, ਰੱਖਿਆ ਕਰਮੀ ਅਤੇ ਫੌਜੀ ਵੀ ਇਜ਼ਤਾਂ ਲੁੱਟਣ ਵਾਲੇ ਗੁੰਡਿਆਂ ਦਾ ਸਾਥ ਸ਼ਰੇਆਮ ਦੇ ਰਹੇ ਹਨ, ਘੱਟ ਗਿਣਤੀਆਂ ਨੂੰ ਆਪਣੇ ਦੇਸ਼ ਵਿੱਚ ਹੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ।ਉਹਨਾਂ ਪ੍ਰੋ ਘੱਗਾ ਖਿਲਾਫ ਦਰਜ ਹੋਏ ਝੂਠੇ ਮਾਮਲੇ ਦੀ ਨੁਕਤਾਚੀਨੀਂ ਕਰਦਿਆਂ ਕਿਹਾ ਕਿ ਦੁਨੀਆਂ ਦੇ ਕੋਨੇ-ਕੋਨੇ ‘ਚ ਵਸਦੇ ਸਿੱਖਾਂ ਨੂੰ ਘੱਗਾ ਖਿਲਾਫ ਦਰਜ ਹੋਏ ਮਾਮਲੇ ਦਾ ਵਿਰੋਧ ਕਰਨ ਦੇ ਨਾਲ-ਨਾਲ ਵਿਦਵਾਨਾਂ ਨੂੰ ਬੇਬਾਕੀ ਨਾਲ ਲਿਖਣ ਦੀ ਖੁੱਲ ਦੇ ਮਾਮਲੇ ‘ਚ ਯੂ ਐਨ ਓ ਕੋਲ ਇਹ ਮੁੱਦਾ ਉਠਾਉਣਾ ਚਾਹੀਦਾ ਹੈ।
ਪ੍ਰੋ ਘੱਗਾ ਨੂੰ ਬਾਘਾਪੁਰਾਣਾ ਥਾਣਾ ਮੁਖੀ ਸ. ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪੇਸ਼ ਕੀਤਾ। ਪੁਲਿਸ ਨੇ ਘੱਗਾ ਵਿਰੁਧ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਮਾਲਵਾ ਮੇਲ ਨਾਮ ਦੇ ਇਕ ਅਖ਼ਬਾਰ ਵਿਚ ਇਕ ਲੇਖ ਛਾਪਿਆ ਹੈ ਜਿਸ ਨਾਲ ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਸ ਲੇਖ ਦੇ ਪ੍ਰਕਾਸ਼ਤ ਹੋਣ ਉਪਰੰਤ ਬਾਘਾਪੁਰਾਣਾ ਵਿਚ ਕਈ ਜਥੇਬੰਦੀਆਂ ਰੋਸ ਮੁਜ਼ਾਹਰਾ ਕਰ ਚੁੱਕੀਆਂ ਹਨ। ਦੂਜੇ ਪਾਸੇ ਇਸ ਗੱਲ ਦੀ ਵੀ ਚਰਚਾ ਚਲ ਰਹੀ ਹੈ ਕਿ ਬਾਘਾਪੁਰਾਣਾ ਵਿਚ ਪ੍ਰਦਰਸ਼ਨ ਕਰ ਰਹੇ ਧਾਰਮਕ ਅਤੇ ਰਾਜਨੀਤਕ ਲੋਕ ਸਿੱਧੇ ਤੌਰ ‘ਤੇ ਮਾਲਵਾ ਮੇਲ ਅਖ਼ਬਾਰ ਦੇ ਸੰਪਾਦਕ ਵਿਰੁਧ ਕਥਿਤ ਤੌਰ ਤੇ ਨਿਜੀ ਰੰਜਿਸ਼ ਕੱਢ ਰਹੇ ਹਨ ਜਦਕਿ ਇਨ੍ਹਾਂ ਜਥੇਬੰਦੀਆਂ ਨੂੰ ਇੰਦਰ ਸਿੰਘ ਘੱਗਾ ਤੋਂ ਕੋਈ ਸ਼ਿਕਾਇਤ ਨਹੀਂ। ਸ਼ਹਿਰ ਦੀਆਂ ਰਾਜਨੀਤਕ ਜਥੇਬੰਦੀਆਂ ਇਸ ਅਖ਼ਬਾਰ ਦੇ ਸੰਪਾਦਕ ਤੋਂ ਅਕਸਰ ਹੀ ਖੁੰਦਕ ਖਾਂਦੀਆਂ ਸਨ ਅਤੇ ਇਸ ਲੇਖ ਛਪਣ ਤੋਂ ਬਾਅਦ ਉਨ੍ਹਾਂ ਨੂੰ ਅਪਣੀ ਦੁਸ਼ਮਣੀ ਕਢਣ ਦਾ ਮੌਕਾ ਮਿਲ ਗਿਆ। ਲੋਕਾਂ ਨੇ ਹੁਣ ਤਕ ਅਪਣੀ ਜੁਬਾਨ ਵਿਚੋਂ ਜੋ ਵੀ ਸ਼ਬਦ ਬੋਲੇ ਹਨ, ਉਹ ਕੇਵਲ ਫੂਲ ਮਿੱਤਲ ਬਾਰੇ ਹੀ ਸਨ। ਕਿਸੇ ਨੇ ਵੀ ਅਪਣੀ ਜ਼ੁਬਾਨ ਨਾਲ ਇੰਦਰ ਸਿੰਘ ਘੱਗਾ ਦਾ ਜ਼ਿਕਰ ਨਹੀਂ ਕੀਤਾ। ਇਥੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਲੋਕਾਂ ਦਾ ਗੁੱਸਾ ਕੇਵਲ ਅਖ਼ਬਾਰ ਦੇ ਸੰਪਾਦਕ ਨਾਲ ਹੈ, ਨਾ ਕਿ ਇੰਦਰ ਸਿੰਘ ਘੱਗਾ ਨਾਲ। ਜੇ ਪੁਲਿਸ ਇਸ ਮਾਮਲੇ ਨੂੰ ਧਿਆਨ ਨਾਲ ਦੇਖਦੀ ਤਾਂ ਸ਼ਾਇਦ ਘੱਗਾ ਦੀ ਗ੍ਰਿਫ਼ਤਾਰੀ ਦੀ ਲੋੜ ਨਾ ਹੁੰਦੀ।
ਇਸ ਮਸਲੇ ਨੂੰ ਲੈ ਕੇ ਵੱਖ-ਵੱਖ ਬੁੱਧੀਜੀਵੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਘੱਗਾ ਨੇ ਜਿਹੜਾ ਲੇਖ ਤਿੰਨ ਸਾਲ ਪਹਿਲਾਂ ਲਿਖਿਆ ਸੀ, ਉਸ ਨੂੰ ਫ਼ੇਸਬੁਕ ‘ਤੇ ਪਾਇਆ ਗਿਆ ਸੀ। ਜੇ ਰਾਜਨੀਤਕ ਆਗੂਆਂ ਅਤੇ ਹਿੰਦੂ ਜਥੇਬੰਦੀਆਂ ਨੂੰ ਰੋਸ ਸੀ ਤਾਂ ਉਸ ਸਮੇਂ ਕਿਉਂ ਨਹੀਂ ਜ਼ਾਹਰ ਕੀਤਾ ਗਿਆ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਲਵਾ ਮੇਲ ਅਖ਼ਬਾਰ ਦੇ ਮਾਲਕ ਨੂੰ ਪੁਲਿਸ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੁਲਿਸ ਵਲੋਂ ਛਾਪੇ ਮਾਰੇ ਜਾ ਰਹੇ ਹਨ।