ਚੋਣ ਕਮਿਸ਼ਨ ਨੇ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਸਰਕਾਰ ਦੀਆਂ ਐਂਬੂਲੈਂਸ ਗੱਡੀਆਂ, ਆਟਾ ਦਾਲ ਸਕੀਮ ਨਾਲ ਸੰਬੰਧਿਤ ਕਾਰਡਾਂ ਅਤੇ ਸਰਕਾਰੀ ਦਫ਼ਤਰਾਂ ‘ਚੋਂ ਉਹ ਕੈਲੰਡਰ ਤੁਰੰਤ ਹਟਾ ਦਿੱਤੇ ਜਾਣ, ਜਿਨ੍ਹਾਂ ‘ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਚਿੱਤਰ ਲੱਗੇ ਹੋਏ ਹਨ।
ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਚਿੱਤਰ ਉਤਾਰ ਦੇਣ ਬਾਰੇ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਲਗਾਏ ਗਏ ਸਾਲ 2014 ਦੇ ਉਹ ਕੈਲੰਡਰ ਉਤਾਰ ਦਿੱਤੇ ਗਏ ਹਨ, ਜਿਨ੍ਹਾਂ ‘ਤੇ ਸ. ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਕੁੱਝ ਹੋਰ ਮੰਤਰੀਆਂ ਦੇ ਚਿੱਤਰ ਲਾਏ ਗਏ ਸਨ।
ਬੁਲਾਰੇ ਦਾ ਕਹਿਣਾ ਹੈ ਕਿ ਕਾਨੂੰਨੀ ਤੌਰ ‘ਤੇ ਜਾਇਜ਼ਾ ਲੈਣ ਤੋਂ ਬਾਅਦ ਇਹ ਗੱਲ ਪਾਈ ਗਈ ਹੈ ਕਿ ਐਂਬੂਲੈਂਸ ਗੱਡੀਆਂ, ਸਰਕਾਰੀ ਕੈਲੰਡਰਾਂ ਤੇ ਆਟਾ-ਦਾਲ ਸਕੀਮ ਦੇ ਕਾਰਡਾਂ ‘ਤੇ ਮੰਤਰੀਆਂ ਤੇ ਮੁੱਖ ਮੰਤਰੀਆਂ ਦੇ ਚਿੱਤਰ ਲਾਉਣਾ ਚੋਣ ਜ਼ਾਬਤੇ ਦੀ ਉਲੰਘਣਾ ਹੈ। ਬੇਸ਼ੱਕ ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ਜਦੋਂ ਲੋਕ ਸਭਾ ਦੀਆਂ ਮਈ ਮਹੀਨੇ ਹੋਣ ਵਾਲੀਆਂ ਚੋਣਾਂ ਦਾ ਅਮਲ ਮੁਕੰਮਲ ਹੋ ਜਾਵੇਗਾ ਤਾਂ ਉਸ ਤੋਂ ਪਿੱਛੋਂ ਇਹ ਚਿੱਤਰ ਫਿਰ ਤੋਂ ਲਗਾਏ ਜਾ ਸਕਦੇ ਹਨ।