ਐਡੀਲੇਡ (ਕਰਨ ਬਰਾੜ)-ਆਸਟ੍ਰੇਲੀਆ ‘ਚ ਪੰਜਾਬੀ ਸਾਹਿਤ ਦੀ ਹਮੇਸ਼ਾ ਹੀ ਘਾਟ ਮਹਿਸੂਸ ਕੀਤੀ ਜਾਂਦੀ ਹੈ ਕਿਉਂਕਿ ਇਥੇ ਪੰਜਾਬੀ ਲਾਇਬ੍ਰੇਰੀਆਂ ਦੀ ਸਹੂਲਤ ਬਹੁਤ ਘੱਟ ਹੈ। ਇਸ ਨੂੰ ਮੁੱਖ ਰੱਖਦਿਆਂ ਸਾਹਿਤ ਪ੍ਰੇਮੀਆਂ ਦੀ ਮੰਗ ਅਨੁਸਾਰ ਗੁਰੂ ਨਾਨਕ ਸੁਸਾਇਟੀ ਆਸਟ੍ਰੇਲੀਆ ਵੱਲੋਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਐਲਨ ਬਾਏ ਗਾਰਡਨ ਵਿਖੇ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ।
ਇਸ ਲਾਇਬ੍ਰੇਰੀ ਦੇ ਰਸਮੀ ਉਦਘਾਟਨ ਮੌਕੇ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਹਾਂਬੀਰ ਸਿੰਘ ਗਰੇਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ। ਇਨ੍ਹਾਂ ਨਾਲ ਹਮੇਸ਼ਾ ਜੁੜ ਕੇ ਰਹਿਣਾ ਚਾਹੀਦਾ ਹੈ। ਇਸ ਲਾਇਬ੍ਰੇਰੀ ਵਿਚ ਸੰਗਤਾਂ ਦੀ ਸਹੂਲਤ ਲਈ ਮਿਆਰੀ ਕਿਤਾਬਾਂ ਤੋਂ ਇਲਾਵਾ ਅਖ਼ਬਾਰ, ਮੈਗਜ਼ੀਨ ਅਤੇ ਇੰਟਰਨੈੱਟ ਆਦਿ ਦੀ ਸਹੂਲਤ ਵੀ ਦਿੱਤੀ ਜਾਵੇਗੀ ਤਾਂ ਜੋ ਸੰਗਤਾਂ ਇਸ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।
ਲਾਇਬ੍ਰੇਰੀ ਦੇ ਉਦਘਾਟਨ ਮੌਕੇ ਪ੍ਰਭਜੋਤ ਸਿੰਘ, ਜੰਗ ਬਹਾਦਰ ਸਿੰਘ ਗਰੇਵਾਲ, ਮਿੰਟੂ ਬਰਾੜ, ਸੈਕਟਰੀ ਮੋਹਨ ਸਿੰਘ ਮਲਹਾਂਸ, ਸੁਖਵੰਤ ਸਿੰਘ, ਕਰਨੈਲ ਸਿੰਘ, ਗਿਆਨੀ ਹਰਜਿੰਦਰ ਸਿੰਘ, ਗਿਆਨੀ ਦਰਸ਼ਨ ਸਿੰਘ, ਕਰਨ ਸਿੰਘ, ਗੁਰਮੀਤ ਢਿੱਲੋਂ ਅਤੇ ਬੀਬੀ ਬਲਬੀਰ ਕੌਰ ਆਦਿ ਸ਼ਾਮਲ ਸਨ।