ਜਲੰਧਰ, (25 ਮਾਰਚ 2014):- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਦੋ ਹੋਰ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅੱਖਾਂ ਦੇ ਪ੍ਰਸਿੱਧ ਡਾਕਟਰ ਤੇ ਸਮਾਜ ਸੇਵਾ ਨਾਲ ਜੁੜੇ ਚੱਲੇ ਆ ਰਹੇ ਡਾ: ਦਲਜੀਤ ਸਿੰਘ ਨੂੰ ਅੰਮ੍ਰਿਤਸਰ ਅਤੇ ਸਿੱਖੀ ਦੇ ਸੂਖਮ ਤੇ ਸਥੂਲ ਵਿਰਸੇ ਦੀ ਸੰਭਾਲ ਲਈ 27 ਸਾਲ ਤੋਂ ਸਰਗਰਮ ਭਾਈ ਬਲਦੀਪ ਸਿੰਘ ਨੂੰ ਖਡੂਰ ਸਾਹਿਬ ਤੋਂ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਡਾ: ਦਲਜੀਤ ਸਿੰਘ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੇਣ ਲਈ ਮਸ਼ਹੂਰ ਚਲੇ ਆ ਰਹੇ ਹਨ। ਭਾਈ ਬਲਦੀਪ ਸਿੰਘ ਦੇ ਬਜ਼ੁਰਗ ਗੁਰੂ ਅਮਰਦਾਸ ਜੀ ਦੇ ਸੇਵਕ ਸਨ ਤੇ ਉਨ੍ਹਾਂ ਦਾ ਜੱਦੀ ਪਿੰਡ ਖਡੂਰ ਸਾਹਿਬ ਨੇੜਲਾ ਪਿੰਡ ਫਤਹਿਬਾਦ ਹੈ ਤੇ ਅੰਗਰੇਜ਼ ਸ਼ਾਸਨ ਸਮੇਂ ਉਨ੍ਹਾਂ ਦਾ ਪਰਿਵਾਰ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਸੈਦਪੁਰ ਆ ਵਸਿਆ ਸੀ।
ਭਾਈ ਬਲਦੀਪ ਸਿੰਘ ਇਸ ਸਮੇਂ ‘ਆਨਾਦ ਫਾਊਂਡੇਸ਼ਨ’ ਦੇ ਨਾਂਅ ਹੇਠ ਗੁਰੂ ਵਿਰਾਸਤ ਦੀ ਭਾਲ ਤੇ ਸੰਭਾਲ ਦਾ ਕੰਮ ਕਰ ਰਹੇ ਹਨ ਤੇ ਇਸ ਮਕਸਦ ਲਈ ਉਨ੍ਹਾਂ ਸੁਲਤਾਨਪੁਰ ਲੋਧੀ ਕਿਲ੍ਹੇ ਨੂੰ ਧੁਰਾ ਬਣਾਇਆ ਹੈ, ਜਿਥੇ ਉਦਾਸੀ ਪੋਥੀਆਂ ਦਾ ਸੰਗ੍ਰਹਿ ਬਣਾਇਆ ਗਿਆ ਸੀ। ਪੰਜਾਬ ਦੀ ਚੋਣ ਮੁਹਿੰਮ ਕਮੇਟੀ ਦੇ ਕਨਵੀਨਰ ਸ: ਸੁਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਦੋਵਾਂ ਉਮੀਦਵਾਰਾਂ ਦੀ ਚੋਣ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤੀ ਗਈ ਹੈ।