ਨਵੀਂ ਦਿੱਲੀ, 22 ਮਾਰਚ : ਦੇਸ਼ ਲਈ ਫਾਂਸੀ ਦਾ ਫੰਦਾ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੀ ਗੁੰਮ ਹੋਈ ਚਿੱਠੀ 83 ਸਾਲ ਬਾਅਦ ਸਾਹਮਣੇ ਆਈ ਹੈ। ਇਹ ਚਿੱਠੀ ਉਨ੍ਹਾਂ ਨੇ ਕ੍ਰਾਂਤੀਕਾਰੀ ਸਾਥੀ ਹਰਕਿਸ਼ਨ ਤਲਵਾੜ ਦੇ ਮੁਕੱਦਮੇ ਵਿਚ ਵਕੀਲਾਂ ਦੇ ਰਵਈਏ ਵਿਰੁਧ ਲਿਖੀ ਸੀ।
ਭਗਤ ਸਿੰਘ ਦੀ ਜ਼ਿੰਦਗੀ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋ. ਚਮਨ ਲਾਲ ਨੇ ਦਸਿਆ ਕਿ ਉਨ੍ਹਾਂ ਨੇ ਇਹ ਚਿੱਠੀ ‘ਭਗਤ ਸਿੰਘ ਦੇ ਦੁਰਲਭ ਦਸਤਾਵੇਜ਼’ ਵਿਚ ਪ੍ਰਕਾਸ਼ਤ ਕੀਤੀ ਹੈ। ਹਰਕਿਸ਼ਨ ਤਲਵਾੜ ਨੇ 23 ਦਸੰਬਰ 1930 ਨੂੰ ਲਾਹੌਰ ਯੂਨੀਵਰਸਿਟੀ ਦੀ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਗਵਰਨਰ ਦੀ ਥਾਂ ਇਕ ਪੁਲਿਸ ਅਧਿਕਾਰੀ ਮਾਰਿਆ ਗਿਆ ਸੀ।
ਚਮਨ ਲਾਲ ਨੇ ਦਸਿਆ ਕਿ ਹਰਕਿਸ਼ਨ ਤਲਵਾੜ ਦੇ ਮੁਕੱਦਮੇ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਵਲੋਂ ਲਿਖੀ ਗਈ ਇਹ ਚਿੱਠੀ ਗੁੰਮ ਹੋ ਗਈ ਸੀ ਜਿਸ ਪਿੱਛੋਂ ਭਗਤ ਸਿੰਘ ਨੇ ਦੂਜੀ ਚਿੱਠੀ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਨੇ ਪਹਿਲਾਂ ਵੀ ਇਕ ਪੱਤਰ ਲਿਖਿਆ ਸੀ ਜੋ ਗੁੰਮ ਹੋ ਗਿਆ। ਇਸ ਲਈ ਦੂਜੀ ਚਿੱਠੀ ਲਿਖਣੀ ਪੈ ਰਹੀ ਹੈ।
ਮੁਕੱਦਮੇ ਦੌਰਾਨ ਵਕੀਲਾਂ ਨੇ ਦਲੀਲ ਦਿਤੀ ਸੀ ਕਿ ਹਰਕਿਸ਼ਨ ਦਾ ਗਵਰਨਰ ਨੂੰ ਮਾਰਨ ਦਾ ਇਰਾਦਾ ਨਹੀਂ ਸੀ ਜਿਸ ਤੋਂ ਭਗਤ ਸਿੰਘ ਗੁੱਸੇ ਹੋ ਗਏ ਸਨ। ਭਗਤ ਸਿੰਘ ਨੇ ਪੱਤਰ ਵਿਚ ਲਿਖਿਆ ਸੀ, ”ਹਰਕਿਸ਼ਨ ਇਕ ਬਹਾਦਰ ਯੋਧਾ ਹੈ ਅਤੇ ਵਕੀਲ ਇਹ ਕਹਿ ਕੇ ਉਸ ਦਾ ਅਪਮਾਨ ਨਾ ਕਰਨ ਕਿ ਗਵਰਨਰ ਨੂੰ ਮਾਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ।” ਪ੍ਰੋ. ਚਮਨ ਲਾਲ ਨੇ ਦਸਿਆ ਕਿ ਭਗਤ ਸਿੰਘ ਨੇ ਇਹ ਚਿੱਠੀ 23 ਮਾਰਚ 1931 ਨੂੰ ਅਪਣੀ ਫਾਂਸੀ ਤੋਂ ਦੋ ਮਹੀਨੇ ਪਹਿਲਾਂ ਜਨਵਰੀ 1931 ਵਿਚ ਲਿਖੀ ਸੀ। ਗਵਰਨਰ ਨੂੰ ਮਾਰਨ ਦੀ ਕੋਸ਼ਿਸ਼ ਕਰਨ ਅਤੇ ਪੁਲਿਸ ਅਧਿਕਾਰੀ ਦੀ ਹਤਿਆ ਦੇ ਦੋਸ਼ ਹੇਠ ਹਰਕਿਸ਼ਨ ਤਲਵਾੜ ਨੂੰ 9 ਜੂਨ 1931 ਨੂੰ ਫਾਂਸੀ ਦੇ ਦਿਤੀ ਗਈ। ਹਰਕਿਸ਼ਨ ਤਲਵਾੜ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਮਰਦਾਨ ਸ਼ਹਿਰ ਦੇ ਵਸਨੀਕ ਸਨ। ਉਨ੍ਹਾਂ ਦੇ ਭਰਾ ਭਗਤ ਰਾਮ ਤਲਵਾੜ ਨੇ ਸੁਭਾਸ਼ ਚੰਦਰ ਬੋਸ ਦਾ ਕਾਫ਼ੀ ਸਹਿਯੋਗ ਕੀਤਾ ਸੀ ਜਦੋਂ ਉਹ ਨਜ਼ਰਬੰਦੀ ਤੋਂ ਬਚ ਕੇ ਵਿਦੇਸ਼ ਚਲੇ ਗਏ ਸਨ।
(ਪੀਟੀਆਈ)