ਪਟਿਆਲਾ, 23 ਜਨਵਰੀ : ਇੰਟਰਨੈੱਟ ਦੀ ਦੁਨੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਸਮੇਤ ਹੋਰ ਗਿਆਨ ਵਿਗਿਆਨ ਨਾਲ ਸਬੰਧਤ ਸਮੱਗਰੀ ਪੰਜਾਬੀ ਭਾਸ਼ਾ ਵਿੱਚ ਆਨ ਲਾਈਨ ਪੰਜਾਬੀ ਵਿਸ਼ਵਕੋਸ਼ ’ਤੇ ਪ੍ਰਕਾਸ਼ਤ ਕੀਤੀ ਜਾ ਰਹੀ ਹੈ।
‘ਪੰਜਾਬੀ ਪੀਡੀਆ’ ਦੇ ਬੈਨਰ ਹੇਠ ਇਸ ਪ੍ਰਾਜੈਕਟ ਦੇ ਅੰਤਰਗਤ ਪੰਜਾਬੀ ਯੂਨੀਰਵਸਿਟੀ ਇਸ ਕਾਰਜ ਵਿੱਚ ਪਿਛਲੇ ਸਾਲ ਤੋਂ ਡਟੀ ਹੋਈ ਹੈ ਅਤੇ ਇਹ ਪ੍ਰਾਜੈਕਟ ਅਗਲੇ ਮਹੀਨੇ ਰਿਲੀਜ਼ ਕੀਤਾ ਜਾਣਾ ਹੈ, ਜਿਸ ਨਾਲ ਪੰਜਾਬੀ ਭਾਸ਼ਾ ਵਿੱਚ ਗਿਆਨ ਹਾਸਲ ਕਰਨਾ ਹੁਣ ਹਰ ਪੰਜਾਬੀ ਲਈ ਸੌਖਾ ਹੋਵੇਗਾ। ਇਹ ਕਾਰਜ ਵਿਕੀਪੀਡੀਆ ਦੀ ਤਰ੍ਹਾਂ ਹੀ ਪੰਜਾਬੀ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਦੇਵੇਗਾ। ਇਸ ਪ੍ਰਾਜੈਕਟ ’ਤੇ ਹੁਣ ਤੱਕ ਪੰਜਾਹ ਹਜ਼ਾਰ ਤੋਂ ਵੱਧ ਇੰਦਰਾਜ਼ ਪਾ ਦਿੱਤੇ ਗਏ ਹਨ। ਪੰਜਾਬੀ ਪੀਡੀਆ ਦੇ ਸਮੱਗਰੀ ਸਰੋਤ ਵਜੋਂ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਵਿਸ਼ਵਕੋਸ਼ਾਂ ਨੂੰ ਆਧਾਰ ਬਣਾਇਆ ਗਿਆ ਹੈ। ਜਿਵੇਂ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਤ ਬਾਲ ਵਿਸ਼ਵਕੋਸ਼, ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਕੋਸ਼, ਕਾਨੂੰਨ ਨਾਲ ਸਬੰਧਤ ਕਾਨੂੰਨ ਵਿਸ਼ਾ ਕੋਸ਼, ਸਮਾਜ ਵਿਗਿਆਨ ਦਾ ਵਿਸ਼ਾਕੋਸ਼, ਸਿੱਖ ਧਰਮ ਵਿਸ਼ਵਕੋਸ਼, ਖੇਡ ਵਿਸ਼ਾ ਕੋਸ਼, ਰਾਜਨੀਤੀ ਵਿਗਿਆਨ ਵਿਸ਼ਾ ਕੋਸ਼, ਵਾਤਾਵਰਨ ਵਿਸ਼ਾ ਕੋਸ਼, ਪੰਜਾਬੀ ਸੱਭਿਆਚਾਰ ਸ਼ਬਦਾਵਲੀ ਕੋਸ਼, ਕੰਪਿਊਟਰ ਵਿਗਿਆਨ, ਜੁਗਰਾਫ਼ੀਏ ਦਾ ਵਿਸ਼ਾ ਕੋਸ਼, ਸਿੱਖ ਪੰਥ ਵਿਸ਼ਵ ਕੋਸ਼ ਆਦਿ ਸਮੇਤ ਇਸ ’ਤੇ ਲਗਪਗ 30 ਹਜ਼ਾਰ ਇੰਦਰਾਜ਼ਾਂ ਸਮੇਤ ਹੋਰ ਪੱਖਾਂ ਤੋਂ ਵੀ ਵਡਮੁੱਲੀ ਜਾਣਕਾਰੀ ਸ਼ਾਮਲ ਹੈ। ਇਸ ਤੋਂ ਇਲਾਵਾ ‘ਪੰਜਾਬੀ ਯੂਨੀਵਰਸਿਟੀ ਪੰਜਾਬੀ ਸ਼ਬਦਕੋਸ਼’ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬੀ ਦੇ 25 ਹਜ਼ਾਰ ਤੋਂ ਵੱਧ ਸ਼ਬਦਾਂ ਦੇ ਅਰਥ ਦੱਸੇ ਗਏ ਹਨ।
ਇਸ ਨਾਲ ਜਿੱਥੇ ਇੰਟਰਨੈੱਟ ਜ਼ਰੀਏ ਦੁਨੀਆਂ ਦੇ ਕਿਸੇ ਵੀ ਕੋਨੇ ਬੈਠ ਕੇ ਕੋਈ ਵੀ ਵਿਅਕਤੀ ਆਪਣੇ ਨਿੱਜੀ ਕੰਪਿਊਟਰ ’ਤੇ ਇਸ ਨੂੰ ਬੜੀ ਹੀ ਅਸਾਨੀ ਨਾਲ ਇਸ ਵਿੱਚ ਆਪਣੀ ਲੋੜੀਂਦੀ ਸਮੱਗਰੀ ਦੀ ਤਲਾਸ਼ ਕਰ ਸਕਦਾ ਹੈ, ਉੱਥੇ ਹੀ ਸਮਾਰਟ ਮੋਬਾਈਲ ਫੋਨ ਅਤੇ ਟੈਬ ਸਮੇਤ ਹੋਰ ਇੰਟਰਨੈੱਟ ਡਿਵਾਈਸਜ਼ ’ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕੇਗੀ।
ਇਨ੍ਹੀਂ ਦਿਨੀਂ ਯੂਨੀਵਰਸਿਟੀ ਦੇ ਕਾਰਜਕਾਰੀ ਰਜਿਸਟਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਦਵਿੰਦਰ ਸਿੰਘ ਇਸ ਪ੍ਰਾਜੈਕਟ ਲਈ ਕੋਆਰਡੀਨੇਟਰ ਹਨ। ਉਨ੍ਹਾਂ ਦੀ ਦੇਖ-ਰੇਖ ਹੇਠਾਂ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਢੀਂਡਸਾ ਅਤੇ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਦੇ ਸਹਾਇਕ ਪ੍ਰੋਫੈਸਰ ਚਰਨਜੀਵ ਸਿੰਘ ਸਮੇਤ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ ਦੇ ਪ੍ਰੋਗਰਾਮਰ ਸੀ.ਪੀ. ਕੰਬੋਜ ਆਦਿ ’ਤੇ ਆਧਾਰਤ ਟੀਮ ਇਸ ਪ੍ਰਾਜੈਕਟ ਨੂੰ ਵਿਕਸਤ ਕਰਨ ਲਈ ਨਿਰੰਤਰ ਕਾਰਜਸ਼ੀਲ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਫਰਵਰੀ ਦੇ ਪਹਿਲੇ ਹਫਤੇ ਰਿਲੀਜ਼ ਕੀਤਾ ਜਾ ਰਿਹਾ ਹੈ।