ਯੂ ਏ ਪੀ ਏ ਅਤੇ ਡਰ ਦੀ ਸਿਆਸਤ – ਪ੍ਰਭਸ਼ਰਨਬੀਰ ਸਿੰਘ

Must Read

ਯੂ ਏ ਪੀ ਏ ੧੯੪੭ ਤੋਂ ਬਾਅਦ ਦੇ ਭਾਰਤ ਵਿਚ ਘੱਟ-ਗਿਣਤੀਆਂ ਨੂੰ ਦਬਾਉਣ ਦੀ ਮਨਸ਼ਾ ਨਾਲ ਬਣਾਏ ਗਏ ਬਹੁਤ ਸਾਰੇ ਨਜਾਇਜ਼ “ਕਾਨੂੰਨਾਂ” ਵਿਚੋਂ ਇਕ ਹੈ। ਇਹ ਕਾਨੂੰਨ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਕਤਲ ਕਰਦਾ ਹੈ ਕਿਉਂਕਿ ਇਸ ਕਾਨੂੰਨ ਤਹਿਤ ਕਿਸੇ ਨੂੰ ਸਿਰਫ ਸਥਾਪਤੀ-ਵਿਰੋਧੀ ਲਿਖਤ-ਸਮੱਗਰੀ ਰੱਖਣ ਦੇ ਦੋਸ਼ਾਂ ਬਦਲੇ ਉਮਰ ਕੈਦ ਵਰਗੀ ਸਖਤ ਸਜ਼ਾ ਦਿੱਤੀ ਜਾ ਸਕਦੀ ਹੈ। ਪਿੱਛੇ ਜਿਹੇ ਤਿੰਨ ਸਿੱਖ ਨੌਜੁਆਨਾਂ ਨੂੰ ਕਿਤਾਬਾਂ ਰੱਖਣ ਦੇ ਦੋਸ਼ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ ਵੀ ਗਈ ਹੈ।

ਅੱਜ-ਕੱਲ੍ਹ ਵੀ ਪੰਜਾਬ ਵਿੱਚ ਪੁਲਿਸ ਵੱਲੋਂ ਬਹੁਤ ਸਾਰੇ ਸਿੱਖ ਨੌਜੁਆਨਾਂ ਨੂੰ ਅਜਿਹੇ ਕਾਲ਼ੇ ਕਾਨੂੰਨਾਂ ਦੇ ਸਹਾਰੇ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ ਅਤੇ ਅਨੇਕਾਂ ਬੇਕਸੂਰ ਨੌਜੁਆਨਾਂ ਨੂੰ ਥਾਣਿਆਂ ਵਿਚ ਬੁਲਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ। ਇੱਕ ਨੌਜੁਆਨ ਲਵਪ੍ਰੀਤ ਸਿੰਘ ਨੇ ਤਾਂ ਪੁਲਿਸ ਜਬਰ ਤੋਂ ਡਰਦਿਆਂ ਖੁਦਕੁਸ਼ੀ ਵੀ ਕਰ ਲਈ ਹੈ। ਅਜਿਹਾ ਮਾਹੌਲ ਸਿਰਜ ਕੇ ਸਟੇਟ ਆਪਣੀ ਹੋਂਦ ਨੂੰ ‘ਡਰ ਦੀ ਸਿਆਸਤ’ ਰਾਹੀਂ ਪੱਕਿਆਂ ਕਰਨ ਦੀ ਕੋਸ਼ਿਸ਼ ਵਿਚ ਹੈ।
‘ਡਰ ਦੀ ਸਿਆਸਤ’ ਉਸ ਵਰਤਾਰੇ ਦਾ ਨਾਂ ਹੈ ਜਿਸ ਰਾਹੀਂ ਸਰਕਾਰ ਅਤੇ ਲੋਕਾਂ ਦੇ ਅੰਤਰ-ਸੰਬੰਧਾਂ ਨੂੰ ਪੁਨਰ-ਪੀ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਤੌਰ ਉੱਤੇ ਸਰਕਾਰ ਅਤੇ ਲੋਕਾਂ ਦੇ ਸੰਬੰਧਾਂ ਨੂੰ ‘ਸਮਾਜਕ ਸਮਝੌਤਾ’ ਨਾਂ ਦੇ ਵਿਚਾਰ ਰਾਹੀਂ ਪ੍ਰੀਭਾਸ਼ਿਤ ਕੀਤਾ ਜਾਂਦਾ ਹੈ। ਭਾਵੇਂ ਇਸ ਵਿਚਾਰ ਦਾ ਜਨਮਦਾਤਾ ਫਰਾਂਸੀਸੀ ਚਿੰਤਕ ਰੂਸੋ ਨੂੰ ਮੰਨਿਆ ਜਾਂਦਾ ਹੈ ਪਰ ਇਹ ਵਿਚਾਰ ਪੱਛਮ ਵਿਚ ਬੜੇ ਲੰਮੇ ਸਮੇਂ ਤੋਂ ਕ੍ਰਿਆਸ਼ੀਲ ਰਿਹਾ ਹੈ। ਅਸੀਂ ਇਸਦੇ ਕੁਝ ਸੰਕੇਤ ਪਲੈਟੋ ਦੀ ‘ਰਿਪਬਲਿਕ’ ਵਿਚ ਵੀ ਵੇਖ ਸਕਦੇ ਹਾਂ। ਇਸ ਵਿਚਾਰ ਮੁਤਾਬਕ ਸਰਕਾਰ ਅਤੇ ਲੋਕ ਆਪਸ ਵਿਚ ਇੱਕ ਸਮਝੌਤੇ ਰਾਹੀਂ ਬੱਝੇ ਹੁੰਦੇ ਹਨ ਜਿਸ ਅਨੁਸਾਰ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੀ ਹੁੰਦੀ ਹੈ ਅਤੇ ਲੋਕਾਂ ਨੇ ਕਾਨੂੰਨਾਂ ਦੀ ਪਾਲਣਾ ਕਰਦਿਆਂ ਹੋਇਆਂ ਆਪਣੇ ਫਰਜ਼ ਪੂਰੇ ਕਰਨੇ ਹੁੰਦੇ ਹਨ। ਇਸ ਵਿਚਾਰ ਵਿਚ ਆਦਰਸ਼ਕ ਰਾਜ ਸਿਰਜਣ ਦੀ ਸਮਰੱਥਾ ਨਹੀਂ ਹੈ ਕਿਉਂਕਿ ਇਹ ਸਮਾਜ ਅਤੇ ਜੀਵਨ ਦੀ ਬਹੁਤ ਹੀ ਸਤਹੀ ਪੱਧਰ ਦੀ ਵਿਆਖਿਆ ਵਿੱਚੋਂ ਨਿਕਲਿਆ ਹੈ। ਇਸ ਵਿਚਾਰ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਇਸ ਦੀ ਜੜ੍ਹ ਕਿਸੇ ਆਦਿ-ਜੁਗਾਦੀ ਸੱਚ ਵਿਚ ਨਹੀਂ ਲੱਗੀ ਹੋਈ। ਇਹ ਵਿਚਾਰ ਤਾਰਕਿਕ ਬੁੱਧੀ ਦੀਆਂ ਗਿਣਤੀਆਂ-ਮਿਣਤੀਆਂ ਵਿਚੋਂ ਪੈਦਾ ਹੋਇਆ ਵਿਚਾਰ ਹੈ। ਆਦਰਸ਼ਕ ਰਾਜ ਕੇਵਲ ਓਸੇ ਇਤਹਾਸਕ ਵਰਤਾਰੇ ਵਿਚੋਂ ਉਪਜ ਸਕਦਾ ਹੈ ਜਿਸਦਾ ਆਰੰਭ ਕਿਸੇ ਪ੍ਰਕਾਸ਼ਮਾਨ ਸੱਚ ਵਿਚੋਂ ਉਗਮਿਆ ਹੋਵੇ। ਪਰ ਇਹਨਾਂ ਬੁਨਿਆਦੀ ਕਮੀਆਂ ਦੇ ਬਾਵਜੂਦ ਵੀ ਇਸ ਵਿਚਾਰ ਦੇ ਆਧਾਰ ਉੱਤੇ ਅਜਿਹੇ ਸਮਾਜਾਂ ਦੀ ਸਿਰਜਣਾ ਸੰਭਵ ਹੋਈ ਹੈ ਜਿੱਥੇ ਜੀਵਨ ਭਾਵੇਂ ਮਾਨਣਯੋਗ ਤਾਂ ਨਹੀਂ, ਪਰ ਸਹਿਣ ਜੋਗਾ ਜਰੂਰ ਹੈ।

ਅੱਜ ਹਿੰਦੁਸਤਾਨ ਵਿੱਚ ਡਰ ਦੀ ਸਿਆਸਤ ਰਾਹੀਂ ਇਸ ਅਧੂਰੇ ਵਿਚਾਰ ਨੂੰ ਵੀ ਤਿਲਾਂਜਲੀ ਦਿੱਤੀ ਜਾ ਰਹੀ ਹੈ। ਇਸ ਸਿਆਸਤ ਅਨੁਸਾਰ ਸਰਕਾਰ ਅਤੇ ਲੋਕਾਂ ਵਿਚਲੇ ਸੰਬੰਧਾਂ ਨੂੰ ਕੋਈ ਸਮਝੌਤਾ ਨਹੀਂ, ਬਲਕਿ ਸਟੇਟ ਦੇ ਜਬਰ ਦਾ ਡਰ ਤੈਅ ਕਰਦਾ ਹੈ। ਅਜਿਹੀ ਸਿਆਸਤ ਰਾਹੀਂ ਸਟੇਟ ਲੋਕਾਂ ਦੀ ਸੁਰੱਖਿਆ ਦੀ ਜ਼ਾਮਨ ਬਣਨ ਦੀ ਥਾਂ ਉਹਨਾਂ ਦੇ ਸਿਰਾਂ ਉੱਤੇ ਹਰ ਵੇਲੇ ਲਟਕੀ ਰਹਿਣ ਵਾਲੀ ਤਲਵਾਰ ਬਣ ਜਾਂਦੀ ਹੈ। ਸਟੇਟ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਜ ਦਿੰਦੀ ਹੈ ਅਤੇ ਲੋਕਾਂ ਨੂੰ ਹਿੰਸਾ ਦੇ ਡਰਾਵੇ ਰਾਹੀਂ ਕਾਬੂ ਵਿਚ ਰੱਖਣ ਦਾ ਜਤਨ ਕਰਦੀ ਹੈ।

ਡਰ ਦੀ ਇਹ ਸਿਆਸਤ ਸਮਾਜਿਕ-ਰਾਜਨੀਤਿਕ ਸੰਗਠਨ ਨੂੰ ਤਾਂ ਪ੍ਰਭਾਵਤ ਕਰਦੀ ਹੀ ਹੈ, ਲੋਕਾਂ ਦੇ ਮਨੋ-ਸਰੀਰਕ ਪ੍ਰਬੰਧ ਉੱਤੇ ਵੀ ਚਿਰ-ਸਥਾਈ ਅਸਰ ਛੱਡਦੀ ਹੈ। ਫਰਾਂਸੀਸੀ ਚਿੰਤਕ ਐਨ ਡੁਫੋਰਮੈਂਟੈੱਲ ਨੇ ਇਸ ਸੰਬੰਧ ਵਿਚ ਬੜੀ ਭਾਵਪੂਰਤ ਟਿੱਪਣੀ ਕੀਤੀ ਹੈ। ਉਸਦਾ ਕਹਿਣਾ ਹੈ, “ਆਜ਼ਾਦ ਹਸਤੀ ਵਾਲੇ ਲੋਕਾਂ ਨੂੰ ਕਾਬੂ ਵਿਚ ਰੱਖਣਾ ਓਨਾ ਸੌਖਾ ਨਹੀਂ ਹੁੰਦਾ ਜਿੰਨਾ ਡਰੇ ਹੋਏ ਲੋਕਾਂ ਨੂੰ ਹੁੰਦਾ ਹੈ”। ਭਾਵ ਇਹ ਕਿ ਡਰ ਕੇਵਲ ਬਾਹਰੀ ਪ੍ਰਭਾਵ ਹੀ ਨਹੀਂ ਸਿਰਜਦਾ ਬਲਕਿ ਲੋਕਾਂ ਦੇ ਅੰਦਰੂਨੀ ਅਨੁਭਵਾਂ ਨੂੰ ਵੀ ਲਚਕੀਲੇ ਸਾਧਨਾਂ ਵਿਚ ਰੂਪਾਂਤ੍ਰਿਤ ਕਰ ਦਿੰਦਾ ਹੈ। ਇਸ ਚਿੰਤਕ ਦੀ ਖਾਸ ਗੱਲ ਇਹ ਸੀ ਕਿ ਉਹ ਜੋ ਲਿਖਦੀ ਸੀ ਉਸਨੂੰ ਜਿਉਂਦੀ ਵੀ ਸੀ। ਇੱਕ ਹੋਰ ਥਾਂ ਉਸਨੇ ਲਿਖਿਆ ਹੈ ਕਿ ਸੱਚੀ-ਸੁੱਚੀ ਜ਼ਿੰਦਗੀ ਕੇਵਲ ਉਹੀ ਲੋਕ ਜਿਉਂ ਸਕਦੇ ਹਨ ਜਿਹਨਾਂ ਵਿਚ ਜ਼ੋਖਮ ਲੈਣ ਦਾ ਅਤੇ ਖਤਰੇ ਸਹੇੜਨ ਦਾ ਮਾਦਾ ਹੋਵੇ। ਡਰਿਆ ਹੋਇਆ ਬੰਦਾ ਜ਼ਿੰਦਗੀ ਜਿਉਂਦਾ ਨਹੀਂ, ਕੱਟਦਾ ਹੈ। ਮੈਨੂੰ ੨੦੧੬ ਵਿਚ ਵੈਨਕੂਵਰ ਵਿਖੇ ਇਸ ਚਿੰਤਕ ਨੂੰ ਇਕ ਕਾਨਫਰੰਸ ਦੌਰਾਨ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਅਨੇਕਾਂ ਚਿੰਤਕ ਵੇਖੇ-ਸੁਣੇ ਹਨ, ਪਰ ਜਿੰਨੇ ਸਹਿਜ ਵਿਚ ਉਹ ਗੱਲ ਕਰਦੀ ਸੀ, ਓਨੇ ਸਹਿਜ ਵਿਚ ਅੱਜ ਤੱਕ ਕਿਸੇ ਹੋਰ ਨੂੰ ਗੱਲ ਕਰਦਿਆਂ ਨਹੀਂ ਤੱਕਿਆ। ਅਗਲੇ ਹੀ ਸਾਲ ੨੦੧੭ ਵਿਚ ਖਬਰ ਆ ਗਈ ਕਿ ਉਸਦੀ ਮੌਤ ਹੋ ਗਈ ਹੈ। ਭਾਵੀ ਇਉਂ ਵਾਪਰੀ ਕਿ ਇੱਕ ਦਿਨ ਉਹ ਸਮੁੰਦਰ ਦੇ ਕੰਢੇ ਉੱਤੇ ਟਹਿਲ ਰਹੀ ਸੀ ਤਾਂ ਉਸਨੇ ਦੋ ਬੱਚੇ ਡੁੱਬਦੇ ਵੇਖੇ। ਉਹ ਝੱਟ ਉਹਨਾਂ ਨੂੰ ਬਚਾਉਣ ਲਈ ਸਮੁੰਦਰ ਵਿਚ ਕੁੱਦ ਪਈ। ਦੋਵੇਂ ਬੱਚੇ ਤਾਂ ਬਚ ਗਏ, ਪਰ ਉਹ ਆਪ ਕੁਰਬਾਨ ਹੋ ਗਈ। ਆਪਣੇ ਫਲਸਫੇ ਨੂੰ ਜਿਉਂਦਿਆਂ ਖੁਦ ਨੂੰ ਫਨਾਹ ਕਰ ਲੈਣ ਵਾਲਾ ਜੋਸ਼ ਉਸਨੂੰ ਸੁਕਰਾਤ ਵਰਗਾ ਰੁਤਬਾ ਬਖਸ਼ ਗਿਆ। ਜ਼ੋਖਮ ਲੈਣਾ ਉਸ ਲਈ ਮਹਿਜ਼ ਇਕ ਨਵਾਂ ਫਲਸਫਾਨਾ ਵਿਚਾਰ ਹੀ ਨਹੀਂ ਸੀ ਸਗੋਂ ਉਸਦੀ ਜੀਵਨ ਜਾਚ ਦਾ ਹਿੱਸਾ ਬਣ ਚੁੱਕਿਆ ਸੀ।
ਸਟੇਟ ਨੂੰ ਵੀ ਹਮੇਸ਼ਾ ਉਹਨਾਂ ਲੋਕਾਂ ਤੋਂ ਹੀ ਖਤਰਾ ਹੁੰਦਾ ਹੈ ਜਿਹੜੇ ਆਪਣੀ ਜਾਨ ਜ਼ੋਖਮ ਵਿਚ ਪਾ ਸਕਦੇ ਹੋਣ। ਡਰ ਦੀ ਸਿਆਸਤ ਨੂੰ ਪ੍ਰਣਾਈ ਸਟੇਟ ਅਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਹਨਾਂ ਨੂੰ ਖਤਮ ਜਾਂ ਨਜ਼ਰਬੰਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਪੰਜਾਬ ਵਿਚ ਪਿਛਲੇ ਕਈ ਦਹਾਕਿਆਂ ਤੋਂ ਇਹੀ ਹੋ ਰਿਹੈ। ੧੯੮੪ ਤੋਂ ਬਾਅਦ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਇਹ ਰਵੱਈਆ ਅਪਣਾਇਆ ਹੈ ਕਿ ਆਨੀਂ-ਬਹਾਨੀਂ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜ਼ਲੀਲ ਕੀਤਾ ਜਾਵੇ। ਇਹਨਾਂ ਵਿਚੋਂ ਜਿਹੜੇ ਨਾ ਡਰਨ, ਉਹਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਵੇ, ਯੂ ਏ ਪੀ ਏ ਵਰਗੇ ਕੇਸ ਪਾਏ ਜਾਣ ਅਤੇ ਜਾਂ ਫਿਰ ਮਾਰ ਮੁਕਾਇਆ ਜਾਵੇ। ਅਜਿਹੇ ਵਰਤਾਰੇ ਨੇ ਕੁਦਰਤੀ ਹੀ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕਰਨਾ ਹੁੰਦਾ ਹੈ। ਅਤੇ ਡਰੇ ਹੋਏ ਲੋਕਾਂ ਨੂੰ ਕਾਬੂ ਵਿਚ ਰੱਖਣਾ ਸੌਖਾ ਹੁੰਦਾ ਹੈ।

ਸਿੱਖ ਪ੍ਰੰਪਰਾ ਵਿਚ ਡਰ ਨੂੰ ਮਨੁੱਖੀ ਹੋਂਦ ਦਾ ਅਹਿਮ ਅੰਗ ਮੰਨਿਆ ਗਿਆ ਹੈ ਅਤੇ ਇਸਤੋਂ ਨਜਾਤ ਪਾਉਣ ਨੂੰ ਪਵਿੱਤਰ ਕਰਮ ਮਿਥਿਆ ਗਿਆ ਹੈ। ਅਕਾਲ ਪੁਰਖੁ ਨਿਰਭਉ ਹੈ ਪਰ ਬਾਕੀ ਸਾਰਾ ਪਸਾਰਾ ਭੈਅ ਵਿਚ ਵਿਚਰਦਾ ਹੈ। ਸਿੱਖ ਹੋਣਾ ਅਤੇ ਨਿਰਭਉ ਹੋਣਾ, ਦੋ ਅੱਡ ਅੱਡ ਗੱਲਾਂ ਨਹੀਂ ਬਲਕਿ ਇੱਕੋ ਵਰਤਾਰੇ ਦੇ ਅੰਗ ਹਨ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਫੁਰਮਾਨ ਹੈ,

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।।

ਸਿੱਖ ਨੇ ਨਾ ਕਿਸੇ ਦਾ ਭੈਅ ਮੰਨਣਾ ਹੈ ਅਤੇ ਨਾ ਹੀ ਕਿਸੇ ਨੂੰ ਭੈਅ ਦੇਣਾ ਹੈ। ਇਹ ਫੁਰਮਾਨ ਸਿੱਖਾਂ ਦੇ ਇਤਿਹਾਸਕ ਕਰਮ ਅਤੇ ਰਾਜਨੀਤੀ ਨੂੰ ਨਿਰਧਾਰਤ ਕਰਦਾ ਹੈ। ਸਿੱਖ ਰਾਜ ਅਜਿਹਾ ਨਿਰਭਉ ਵਾਤਾਵਰਣ ਸਿਰਜਦਾ ਹੈ ਜਿੱਥੇ ਨਾ ਕਿਸੇ ਨੂੰ ਡਰਾਇਆ ਜਾਂਦਾ ਹੈ ਅਤੇ ਨਾ ਹੀ ਡਰਨ ਦੀ ਲੋੜ ਹੁੰਦੀ ਹੈ। ਕਿਸੇ ਨੂੰ ਡਰਾਉਂਦਾ ਵੀ ਉਹੀ ਹੈ ਜਿਹੜਾ ਪਹਿਲਾਂ ਆਪ ਵੀ ਡਰਿਆ ਹੋਇਆ ਹੋਵੇ।

ਇਹ ਆਖਰੀ ਨੁਕਤਾ ਸਟੇਟ ਦੀ ਡਰ ਦੀ ਸਿਆਸਤ ਨੂੰ ਸਮਝਣ ਵਿਚ ਮਦਦਗਾਰ ਹੋ ਸਕਦਾ ਹੈ। ਸਟੇਟ ਇਸੇ ਲਈ ਲੋਕਾਂ ਨੂੰ ਡਰਾ ਕੇ ਅਤੇ ਦਬਾ ਕੇ ਰੱਖਣਾ ਚਾਹੁੰਦੀ ਹੈ ਕਿਉਂਕਿ ਸਟੇਟ ਖੁਦ ਹੀ ਡਰੀ ਹੋਈ ਹੈ। ਸਟੇਟ ਡਰੀ ਹੋਈ ਹੈ ਕਿਉਂਕਿ ਇਸਨੂੰ ਪਤਾ ਹੈ ਕਿ ਲੋਕ-ਮਨਾਂ ਅੰਦਰ ਇਸਦੀ ਕੋਈ ਭਰੋਸੇਯੋਗਤਾ ਨਹੀਂ। ਸਟੇਟ ਲਈ ਆਪਣੀ ਭਰੋਸੇਯੋਗਤਾ ਨੂੰ ਬਹਾਲ ਰੱਖਣਾ ਹੀ ਸਭ ਤੋਂ ਔਖਾ ਅਤੇ ਅਹਿਮ ਕਾਰਜ ਹੁੰਦਾ ਹੈ। ਜਦੋਂ ਇਹ ਭਰੋਸਾ ਟੁੱਟ ਜਾਵੇ ਤਾਂ ਸਟੇਟ ਕੋਲ ਡਰ ਹੀ ਇੱਕੋ-ਇੱਕ ਹਥਿਆਰ ਬਚਦਾ ਹੈ। ਪਰ ਡਰ ਦੇ ਆਸਰੇ ਕੋਈ ਵੀ ਰਾਜ ਬਹੁਤਾ ਚਿਰ ਨਹੀਂ ਚੱਲ ਸਕਦਾ। ਭਰੋਸੇਯੋਗਤਾ ਗੁਆਚਣ ਤੋਂ ਬਾਅਦ ਤਖਤੇ ਪਲਟਦਿਆਂ ਵੀ ਚਿਰ ਨਹੀਂ ਲੱਗਦਾ।

ਪੰਜਾਬ ਵਿਚ ਚੱਲ ਰਹੀ ਡਰ ਦੀ ਸਿਆਸਤ ਦਾ ਇਕ ਹੋਰ ਅਹਿਮ ਪੱਖ ਇਹ ਹੈ ਕਿ ਜਦੋਂ ਇਸ ਸਿਆਸਤ ਦਾ ਨਿਸ਼ਾਨਾ ਸਿੱਖ ਹੋਣ ਤਾਂ ਅੱਗੋਂ-ਪਿੱਛੋਂ ਸਮਾਜਕ ਇਨਸਾਫ ਦੀ ਡੌਂਡੀ ਪਿੱਟਣ ਵਾਲੀਆਂ ਖੱਬੇਪੱਖੀ ਧਿਰਾਂ ਅਕਸਰ ਚੁੱਪ ਹੀ ਰਹਿੰਦੀਆਂ ਹਨ। ਇਹ ਚੁੱਪ ਇਹਨਾਂ ਦੇ ਡਰੇ ਹੋਏ ਹੋਣ ਦੀ ਸੂਚਕ ਤਾਂ ਹੈ ਹੀ, ਨਾਲ ਹੀ ਸਿੱਖਾਂ ਦੇ ਸੰਦਰਭ ਵਿਚ ਇਹਨਾਂ ਦੀ ਸਟੇਟ ਨਾਲ ਸਾਂਝ-ਭਿਆਲੀ ਨੂੰ ਵੀ ਨਸ਼ਰ ਕਰਦੀ ਹੈ। ਖੱਬੇਪੱਖੀ ਧਿਰਾਂ ਸਟੇਟ ਦੇ ਜਬਰ ਨੂੰ ਲੋਕਾਂ ਸਾਹਵੇਂ ਨਸ਼ਰ ਕਰਨ ਦੀ ਥਾਂ ਇਸ ਦੀ ਵਿਚਾਰਧਾਰਕ ਵਾਜਬੀਅਤਾ ਸਥਾਪਤ ਕਰਨ ਦਾ ਸੰਦ ਬਣ ਗਈਆਂ ਹਨ। ਇਕੱਲੀਆਂ ਖੱਬੇ-ਪੱਖੀ ਧਿਰਾਂ ਹੀ ਨਹੀਂ, ਇਸ ਵਾਰ ਬਹੁਤੀਆਂ ਸਿੱਖ ਸੰਸਥਾਵਾਂ, ਸਿੱਖ ਵਿਦਵਾਨ ਅਤੇ ਦਲਿਤ ਜਥੇਬੰਦੀਆਂ ਵੀ ਚੁੱਪ ਹਨ। ਇਸ ਮਾਹੌਲ ਵਿਚ ਲੋੜ ਹੈ ਪੰਜਾਬ ਵਿਚ ਇਕ ਨਵਾਂ ਬੌਧਿਕ ਵਾਤਾਵਰਣ ਸਿਰਜਣ ਦੀ ਜਿਹੜਾ ਨਿਰਭਉਤਾ ਦੀ ਸੁਗੰਧ ਨਾਲ ਮਹਿਕਿਆ ਹੋਵੇ।

ਅਸਲ ਵਿਚ ਇਹ ਲੜਾਈ ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿਚ ਸਿੱਖਾਂ ਨੂੰ ਧੱਕੇ ਨਾਲ ਸਟੇਟ ਦੀ ਟੈਂ ਮਨਵਾਉਣ ਦੀ ਲੜਾਈ ਹੈ। ਭਾਰਤੀ ਹਕੂਮਤ ਤੋਂ ਪਹਿਲਾਂ ਵੀ ਬਹੁਤ ਵੱਡੀਆਂ ਵੱਡੀਆਂ ਤਾਕਤਾਂ ਨੇ ਇਹ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਕੋਈ ਕਾਮਯਾਬ ਨਹੀਂ ਹੋ ਸਕਿਆ। ਕਾਰਣ ਇਹ ਹੈ ਕਿ ਨਿਰਭੈਅਤਾ ਅਤੇ ਭੈਅ ਦੀ ਸਿਆਸਤ ਵਿਚ ਜਿਹੜੀ ਕਸ਼ਮਕਸ਼ ਚੱਲ ਰਹੀ ਹੈ, ਸਿੱਖਾਂ ਨੂੰ ਉਸ ਵਿਚ ਗੁਰੂ ਦੇ ਸ਼ਬਦ ਦਾ ਆਸਰਾ ਹੈ। ਇਸ ਸੰਘਰਸ਼ ਵਿਚ ਸਿੱਖਾਂ ਨੂੰ ਵਕਤੀ ਜ਼ਖਮ ਤਾਂ ਮਿਲ ਸਕਦੇ ਹਨ, ਪਰ ਅੰਤਮ ਫਤਹਿ ਖਾਲਸੇ ਦੀ ਹੀ ਹੋਣੀ ਹੈ।

- Advertisement -
- Advertisement -

Latest News

Canadian Prime Minister Justin Trudeau Resigns amid Trump Pressure

KEY SUMMARY POINTS: Source says Trudeau is likely to announce resignation but no final decision has been made Trudeau...

More Articles Like This

- Advertisement -