ਵਾਹਿਗੁਰੂ ਨੇ ਸਿੱਖਾਂ ਨੂੰ ਦਰਦ ਤਾਂ ਬਹੁਤ ਦਿੱਤਾ, ਪਰ ਉਸ ਦਰਦ ਦੀ ਬਾਤ ਪਾ ਸਕਣ ਦੀ ਦਾਤ ਨਹੀਂ ਦਿੱਤੀ। ਜਾਂ ਇਉਂ ਕਹਿ ਲਉ ਕਿ ਸਿੱਖਾਂ ਨੇ ਉਹ ਦਾਤ ਸਮੇਂ ਨਾਲ ਗੁਆ ਲਈ। ਨਿੱਕੇ ਹੁੰਦਿਆਂ ਜਦੋਂ ਛੋਟੇ ਸਾਹਿਬਜ਼ਾਦਿਆਂ ਜਾਂ ਰਾਣੀ ਜਿੰਦਾਂ ਦਾ ਪ੍ਰਸੰਗ ਕਵੀਸ਼ਰਾਂ ਨੇ ਸੁਣਾਉਣਾ ਤਾਂ ਮਾਂ ਦੇ ਮੋਤੀਆਂ ਵਰਗੇ ਹੰਝੂ ਕਿਰਦੇ ਵੇਖਣੇ। ਸ਼ਾਇਦ ਇਹ ਉਹਨਾਂ ਹੰਝੂਆਂ ਦੀ ਬਦੌਲਤ ਹੀ ਹੈ ਕਿ ਅਜੇ ਤੱਕ ਸੀਨੇ ਵਿਚ ਪੰਥ ਦਾ ਦਰਦ ਸਾਂਭੀ ਬੈਠੇ ਹਾਂ।
ਆਧੁਨਿਕ ਸਾਹਿਤ ਦੇ ਉਥਾਨ ਨੇ ਸਿੱਖਾਂ ਦੀ ਪ੍ਰੰਪਰਕ ਢਾਡੀ ਤੇ ਕਵੀਸ਼ਰੀ ਕਲਾ ਨੂੰ ਲੋਕ-ਚੇਤਨਾ ਤੋਂ ਲਾਂਭੇ ਕਰ ਦਿੱਤਾ। ਜਿਹੜੇ ਨਵੇਂ ‘ਸਾਹਿਤਕਾਰ’ ਪੈਦਾ ਹੋਏ, ਉਹਨਾਂ ਨੇ ਦਰਦ ਦੀ ਬਾਤ ਤਾਂ ਕੀ ਪਾਉਣੀ ਸੀ, ਸਗੋਂ ਉਹ ਤਾਂ ਸਾਡੀਆਂ ਚੀਸਾਂ ‘ਤੇ ਡਾਂਸ ਕਰਦੇ ਹਨ।
ਜਰਮਨ ਬੋਲੀ ਵਿਚ ਇਕ ਬਹੁਤ ਜ਼ਾਲਮ ਸ਼ਬਦ ਹੈ, ਸ਼ਾਡਨਫਰਾਇਡ। ਇਸਦਾ ਭਾਵ ਹੈ ਕਿਸੇ ਦੇ ਦੁੱਖ ਨੂੰ ਵੇਖ ਕੇ ਮਿਲਣ ਵਾਲ਼ੀ ਖੁਸ਼ੀ। ਪੰਜਾਬ ਦੇ ਬਹੁਤੇ ਸਾਹਿਤਕਾਰ ਤੇ ਬੁੱਧੀਜੀਵੀ (ਤੇ ਅੱਜ ਕੱਲ੍ਹ ਕਈ ‘ਪੰਥਕ’ ਵੀ) ਸਿੱਖਾਂ ਦੇ ਦਰਦ ਵਿਚੋਂ ਖੁਸ਼ੀ ਪ੍ਰਾਪਤ ਕਰਦੇ ਹਨ। ਅਜਿਹੇ ਲੋਕ ਜਿਹੜੀ ਮਨੁੱਖਤਾ ਦੀ ਗੱਲ ਕਰਦੇ ਹਨ, ਆਪ ਉਸੇ ਦੇ ਨਾਂ ‘ਤੇ ਧੱਬਾ ਹਨ। ਇਹ ਲੋਕ ਪੰਜਾਬ ਦੀ ਰੂਹ ਨਾਲ ਹੋਏ ਜਬਰ-ਜਿਨਾਹ ਦੀ ਪੈਦਾਇਸ਼ ਹਨ।
ਸਿੱਖ ਜਿੰਨਾ ਮਰਜ਼ੀ ਸੰਘਰਸ਼ ਕਰ ਲੈਣ, ਜਿੰਨਾ ਚਿਰ ਆਪਣੇ ਦਰਦ ਨੂੰ ਬੋਲ ਦੇਣ ਦੀ ਸਮਰੱਥਾ ਪੈਦਾ ਨਹੀਂ ਕਰਦੇ, ਓਨਾ ਚਿਰ ਜਿੱਤ ਨਹੀਂ ਸਕਦੇ। ਸਿੱਖਾਂ ਦੀ ਇਸੇ ਕਮਜ਼ੋਰੀ ਨੂੰ ਵੇਖ ਕੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ੧੯੯੧ ਵਿਚ ਕਿਹਾ ਸੀ ਕਿ ਜੇ ਅਸੀਂ ਇਕ ਦਿਨ ਵਿਚ ੧੦,੦੦੦ ਸਿੱਖਾਂ ਦਾ ਕਤਲ ਵੀ ਕਰ ਦੇਈਏ ਤਾਂ ਵੀ ਦੁਨੀਆਂ ਨੂੰ ਭਿਣਕ ਵੀ ਨਹੀਂ ਲੱਗਣੀ।
ਪੰਜਾਬ ਵਿਚ ਅੱਜ-ਕੱਲ੍ਹ ਚੱਲ ਰਹੇ ਸਰਕਾਰੀ ਜਬਰ ਦੇ ਮੰਜ਼ਰ ਦੀ ਜੜ੍ਹ ਵੀ ਇਸੇ ਗੱਲ ਵਿਚ ਹੈ। ਸਰਕਾਰ ਅਤੇ ਪੁਲਸ ਨੂੰ ਪਤਾ ਹੈ ਕਿ ਅਸੀਂ ਜੋ ਮਰਜ਼ੀ ਕਰੀ ਜਾਈਏ, ਸਿੱਖਾਂ ਦੀ ਕਿਤੇ ਸੁਣਵਾਈ ਨਹੀਂ ਹੋਣੀ। ਅੱਧਾ ਮੀਡੀਆ ਡਰ ਵਿਚੋਂ ਤੇ ਅੱਧਾ ਆਪਣੇ ਲਹੂ ਵਿਚਲੀ ਗੱਦਾਰੀ ਕਰਕੇ ਨਹੀਂ ਬੋਲੇਗਾ। ‘ਬੁੱਧੀਜੀਵੀਆਂ’ ਤੇ ‘ਸਾਹਿਤਕਾਰਾਂ’ ਦੀ ਤਾਂ ਗੱਲ ਹੀ ਕੀ ਕਰਨੀ। ਉਹ ਤਾਂ ਇਸ ਜਬਰ ਲਈ ਜ਼ਮੀਨ ਤਿਆਰ ਕਰਕੇ ਦੇਣ ਵਾਲ਼ੇ ਸੰਦ ਮਾਤਰ ਹਨ।
ਇੰਗਲੈਂਡ ਦੀ ਨਾਗਰਿਕ ਬੀਬੀ ਕਿਰਨਦੀਪ ਕੌਰ, ਜਿਸਦਾ ਕਸੂਰ ਸਿਰਫ ਏਨਾ ਹੈ ਉਸਦਾ ਵਿਆਹ ਅਮ੍ਰਿਤਪਾਲ ਸਿੰਘ ਨਾਲ ਹੋਇਆ ਹੈ, ਨੂੰ ਆਪਣੇ ਮੁਲਕ ਵਾਪਸ ਜਾਣ ਤੋਂ ਰੋਕਣਾ ਇਕ ਤਾਜ਼ਾ ਮਿਸਾਲ ਹੈ। ਉਹਨਾਂ ‘ਤੇ ਕੋਈ ਕੇਸ ਦਰਜ ਨਹੀਂ। ਭਾਰਤ ਸਰਕਾਰ ਨੇ ਵੀ ਕੋਈ ‘ਲੁੱਕ ਆਊਟ’ ਨੋਟਿਸ ਜਾਰੀ ਨਹੀਂ ਕੀਤਾ। ਫਿਰ ਵੀ ਪੰਜਾਬ ਪੁਲਸ ਤੇ ਪੰਜਾਬ ਸਰਕਾਰ ਨੇ ਗੈਰਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਰੋਕਿਆ ਹੈ। ਅਸਲ ਵਿਚ ਪੁਲਸ ਸਿੱਖਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ, ਤੁਹਾਡੀ ਕਿਤੇ ਸੁਣਵਾਈ ਨਹੀਂ ਹੋਣੀ।
ਪਰ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਕਿ ਸਾਡੀ ਸੁਣਵਾਈ ਸੱਚੇ ਪਾਤਸ਼ਾਹ ਦੇ ਦਰਬਾਰ ਵਿਚ ਹੋਣੀ ਹੈ, ਤੇ ਜਦੋਂ ਇਹ ਹੋ ਗਈ ਫਿਰ ਸਾਨੂੰ ਕਿਸੇ ਹੋਰ ਸੁਣਵਾਈ ਦੀ ਲੋੜ ਨਹੀਂ ਰਹਿਣੀ। ਪਰ ਇਹ ਸੁਣਵਾਈ ਹੋਣੀ ਉਦੋਂ ਹੀ ਹੈ ਜਦੋਂ ਸਾਡਾ ਦਰਦ ਅਰਦਾਸ ਵਿਚ ਢਲ ਗਿਆ। ਓਨਾ ਚਿਰ ਸਾਡੇ ਪੱਲੇ ਖੁਆਰੀ ਹੀ ਰਹਿਣੀ ਹੈ। ਦਰਦ ਤੋਂ ਅਰਦਾਸ ਵੱਲ ਜਾਂਦਾ ਰਾਹ ਕਲਾ ਦੀ ਜੂਹ ਥਾਣੀਂ ਲੰਘਦਾ ਹੈ। ਅੱਜ ਸਿੱਖ ਅਰਦਾਸ ਤੋਂ ਵੀ ਵਿਹੂਣੇ ਹਨ ਤੇ ਕਲਾ ਤੋਂ ਵੀ। ਬਸ ਇਕੱਲਾ ਦਰਦ ਹੀ ਪੱਲੇ ਰਹਿ ਗਿਆ ਹੈ।
ਕਵੀਸ਼ਰੀ ਉਹ ਪੁਲ ਸੀ ਜਿਸ ਰਾਹੀਂ ਛੋਟੇ ਸਾਹਿਬਜ਼ਾਦਿਆਂ ਤੇ ਰਾਣੀ ਜਿੰਦਾਂ ਦਾ ਦਰਦ ਮੇਰੀ ਮਾਂ ਦੀਆਂ ਅੱਖਾਂ ਵਿਚੋਂ ਅੱਥਰੂ ਬਣ ਕੇ ਵਹਿੰਦਾ ਸੀ। ਕਲਾਤਮਕ ਪੇਸ਼ਕਾਰੀ ਤੋਂ ਬਗੈਰ ਜ਼ਖ਼ਮ ਵੀ ਨਾਸੂਰ ਬਣ ਜਾਂਦਾ ਹੈ।
ਸਾਡੀ ਪਰੰਪਰਾਗਤ ਢਾਡੀ ਤੇ ਕਵੀਸ਼ਰੀ ਕਲਾ ਨੂੰ ਸੁਰਜੀਤ ਕਰਨ ਦੇ ਨਾਲ-ਨਾਲ ਪੇਸ਼ਕਾਰੀ ਦੇ ਨਵੇਂ ਸਾਧਨ ਅਪਣਾਉਣੇ ਵੀ ਕੋਈ ਗੁਨਾਹ ਨਹੀਂ।
ਨੌਜਵਾਨ ਸਿੱਖਾਂ ਅੱਗੇ ਮੇਰੀ ਇਹੀ ਅਰਜ਼ੋਈ ਹੈ ਕਿ ਜੇ ਤੁਹਾਡੇ ਦਿਲਾਂ ਅੰਦਰ ਪੰਥ ਦਾ ਦਰਦ ਹੈ ਤੇ ਜੇ ਤੁਸੀਂ ਇਸ ਦਰਦ ਨਾਲ ਇਨਸਾਫ ਕਰਨਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਕੋਈ ਕਲਾ ਪੈਦਾ ਕਰੋ। ਸੁੰਦਰ ਲਿਖਾਈ, ਚਿੱਤਰਕਾਰੀ, ਫਿਲਮਸਾਜ਼ੀ, ਸੰਗੀਤ, ਕੁਝ ਵੀ ਹੋ ਸਕਦਾ ਹੈ। ਪਰ ਕਿਸੇ ਨਾ ਕਿਸੇ ਕਲਾ ਦਾ ਹੋਣਾ ਬਹੁਤ ਜ਼ਰੂਰੀ ਹੈ।
ਜੇ ਅਜਿਹਾ ਨਾ ਹੋਇਆ ਤਾਂ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਮਨਾਂ ਅੰਦਰ ਸਿੱਖੀ ਪ੍ਰਤੀ ਬੇਗਾਨਗੀ ਦਾ ਅਹਿਸਾਸ ਪੈਦਾ ਹੋ ਜਾਵੇਗਾ। ਇਹ ਰਾਹ ਔਖਾ ਤੇ ਲੰਮਾ ਤਾਂ ਹੈ ਪਰ ਇਹਦੇ ਬਗ਼ੈਰ ਸਾਡਾ ਗੁਜ਼ਾਰਾ ਨਹੀਂ।
ਸਿੱਖਾਂ ਦਾ ਮੌਜੂਦਾ ਸੰਕਟ ਸਦੀਆਂ ਲੰਮਾ ਹੈ। ਪੌਣੇ ਦੋ ਸਦੀਆਂ ਗੁਜ਼ਰ ਚੁੱਕੀਆਂ ਹਨ। ਹੋਰ ਪਤਾ ਨਹੀਂ ਕਿੰਨੀਆਂ ਲੱਗਣਗੀਆਂ। ਅਸੀਂ ਜੇ ਕੁਝ ਕਰਨਾ ਹੈ ਤਾਂ ਸਮੁੱਚਾ ਜੀਵਨ ਲੇਖੇ ਲਾਉਣਾ ਪੈਣਾ ਹੈ, ਵਿਚ-ਵਿਚਾਲੇ ਦੀ ਕੋਈ ਗੁੰਜਾਇਸ਼ ਨਹੀਂ।
ਸਿੱਖਾਂ ਦਾ ਟਾਕਰਾ ਭਾਰਤ ਦੀ ਹਿੰਦੂਤਵੀ ਹਕੂਮਤ ਤੇ ਬਸਤੀਵਾਦੀ ਆਧੁਨਿਕਤਾ, ਦੋਵਾਂ ਨਾਲ ਹੈ। ਇਹ ਦੋ-ਮੁਖੀ ਜੰਗ ਅਤਿਅੰਤ ਬਿਖਮ ਹੈ। ਪਰ ਜੇ ਸਿੱਖਾਂ ਦਾ ਇਸ ਧਰਤੀ ਉੱਤੇ ਕਦੇ ਬੋਲ-ਬਾਲਾ ਹੋਣਾ ਹੈ ਤਾਂ ਉਹ ਇਸ ਦੋ-ਮੂੰਹੀ ਜੰਗ ਨੂੰ ਜਿੱਤ ਕੇ ਹੀ ਹੋਣਾ ਹੈ। ਇਸ ਜੰਗ ਨੂੰ ਲੜਨ ਤੇ ਜਿੱਤਣ ਲਈ ਸਾਨੂੰ ਸਿਰਜਣਾਤਮਕ ਹੋਣਾ ਪੈਣਾ ਹੈ। ਨਵੇਂ ਤਕਨੀਕੀ ਸਾਧਨ ਵਰਤਣੇ ਸਾਡਾ ਸ਼ੌਕ ਨਹੀਂ, ਮਜਬੂਰੀ ਹੈ।
ਇਸ ਜੰਗ ਨੂੰ ਨਾਂਹਪੱਖੀ ਨਜ਼ਰੀਏ ਤੋਂ ਵੇਖਣ ਦੀ ਲੋੜ ਨਹੀਂ। ਅੱਜ ਦੇ ਸਿੱਖ ਜੰਗ ਦੀ ਉਸਤਤ ਕਰਨਾ ਭੁੱਲ ਗਏ ਹਨ। ਜੰਗ ਮਾਨਸਿਕ ਤੇ ਸਰੀਰਕ ਦਲਿੱਦਰਾਂ ਨੂੰ ਤੋੜਦੀ ਹੈ। ਜੰਗ ਉਹ ਅਗਨ ਹੈ ਜਿਸਦੀ ਤਪਸ਼ ਸਾਡੇ ਮਨ ਤੇ ਦੇਹੀ ਨੂੰ ਢਾਲ ਕੇ ਨਵਾਂ ਮੁਹਾਂਦਰਾ ਬਖਸ਼ਦੀ ਹੈ। ਨਵੇਂ ਮਨੁੱਖ ਦੀ ਸਿਰਜਣਾ ਹੀ ਸਿੱਖੀ ਦਾ ਪਰਮਾਰਥ ਹੈ।
ਜੰਗ ਤੋਂ ਬਗ਼ੈਰ ਇਹ ਸੰਭਵ ਨਹੀਂ, ਇਸੇ ਲਈ ਦਸਵੇਂ ਪਾਤਸ਼ਾਹ ਦਾ ਫੁਰਮਾਨ ਹੈ:
ਧੰਨਿ ਜੀਓ ਤਿਹ ਕੋ ਜਗ ਮੈ
ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ॥
ਦਰਦ ਮਨੁੱਖੀ ਹੋਂਦ ਦਾ ਬੁਨਿਆਦੀ ਅੰਗ ਹੈ। ਸਾਡਾ ਜਨਮ ਹੀ ਦਰਦ ਰਾਹੀਂ ਹੁੰਦਾ ਹੈ। ਦਰਦ ਤੋਂ ਬਿਨਾਂ ਧਰਤੀ ‘ਤੇ ਕੁਝ ਵੀ ਨਵਾਂ ਪੈਦਾ ਨਹੀਂ ਹੋ ਸਕਦਾ:
ਆਪਾ ਗਾਲ ਕੇ ਬੀਜ ਤੋਂ ਬਿਰਖ ਬਣਦਾ
ਸਿਆਣਿਆਂ ਦਾ ਇਹ ਕਥਨ ਅੱਜ ਵੀ ਓਨਾ ਹੀ ਸੱਚ ਹੈ ਜਿੰਨਾ ਅੱਜ ਤੋਂ ਹਜ਼ਾਰਾਂ ਵਰ੍ਹੇ ਪਹਿਲਾਂ ਸੀ। ਨਵੇਂ ਜ਼ਮਾਨੇ ਦੇ ਐਸ਼ੋ-ਆਰਾਮ ਵਿਚ ਉਲਝ ਕੇ ਅਸੀਂ ਇਸਨੂੰ ਭੁੱਲ ਗਏ ਹਾਂ।
ਜੇ ਤੁਸੀਂ ਪੁੱਛਦੇ ਹੋ ਅਸੀਂ ਕੀ ਕਰੀਏ ਤਾਂ ਮੇਰਾ ਉੱਤਰ ਹੈ: ਆਪਣੇ ਮਨਾਂ ਦੀਆਂ ਹਨ੍ਹੇਰੀਆਂ ਦਿਸ਼ਾਵਾਂ ਨੂੰ ਗਹਿਰੀ ਅੱਖ ਨਾਲ ਵੇਖੋ। ਜੇ ਤੁਸੀਂ ਇਸ ਵਿਕਰਾਲ ਹਨ੍ਹੇਰੇ ਤੋਂ ਨਾ ਡਰੇ ਤਾਂ ਆਪਣੇ ਮਨ ਦੇ ਦੂਰ-ਦਿਸਹੱਦੇ ‘ਤੇ ਇਕ ਅਗੰਮੀ ਜੋਤ ਬਲਦੀ ਨਜ਼ਰ ਆਵੇਗੀ। ਆਪਣੇ ਮਨ ਨੂੰ ਉਸ ਜੋਤ ਨਾਲ ਪ੍ਰਜਵੱਲਿਤ ਕਰਕੇ ਉਸ ਚਾਨਣ ਨੂੰ ਦੁਨੀਆਂ ਵਿਚ ਫੈਲਾਉਣਾ ਹੀ ਸਿੱਖੀ ਹੈ। ਘੋਰ ਕਲਜੁਗ ਦੇ ਅੰਧਕਾਰ ਵਿਚ ਡੁੱਬੀ ਲੋਕਾਈ ਇਸ ਚਾਨਣ ਲਈ ਤਰਸ ਰਹੀ ਹੈ। ਸਾਡੀ ਸਿੱਖੀ, ਸਾਡੀ ਸੇਵਾ ਤੇ ਸਾਡੀ ਜੰਗ, ਇਸੇ ਚਾਨਣ ਦੇ ਫੈਲਾਅ ਦੇ ਹੀ ਰੂਪ ਹਨ।
ਗੁਰੂ ਨਾਨਕ ਬਾਣੀ ਦੇ ਅਗੰਮੀ ਬੋਲ ਤੇ ਦਸਮੇਸ਼ ਪਿਤਾ ਦੇ ਸੁਨਹਿਰੀ ਤੀਰ ਮਾਨਵਤਾ ਲਈ ਤਰਸ ਨਾਲ ਲਬਰੇਜ਼ ਹਨ। ਅਸੀਂ ਤਾਂ ਸਿਰਫ ਇਹਨਾਂ ਦੇ ਵਾਹਕ ਬਣਨਾ ਹੈ। ਕਲਾ ਤਾਂ ਸੱਚੇ ਪਾਤਸ਼ਾਹ ਦੀ ਹੀ ਵਰਤਣੀ ਹੈ:
ਸਦਾ ਅੰਗ ਸੰਗੇ
ਅਭੰਗੰ ਬਿਭੂਤੇ॥
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
-ਪ੍ਰਭਸ਼ਰਨਬੀਰ ਸਿੰਘ