ਜੂਨ ’84 ਜਦੋਂ ਸਾਡਾ ਘਰ ਬਰਬਾਦ ਹੋ ਗਿਆ | ਪਰਮਪਾਲ ਸਿੰਘ ਸਭਰਾ

227
1984 akal takhat by parampal singh sabhra

1984 akal takhat by parampal singh sabhraਇਸ ਤਸਵੀਰ ਵਿਚਲੇ ਦੋਵਾਂ ਬੱਚਿਆਂ ਨੂੰ ਮੈਂ ਜਾਣਦਾ ਹਾਂ
ਇਹ ਮੈਂ ਤੇ ਮੇਰੀ ਭੈਣ ਹਾਂ, ਮੈਂ ਪੰਜ ਵਰ੍ਹਿਆਂ ਦਾ ਸੀ ਤੇ ਮੇਰੀ ਭੈਣ ਚਾਰ ਵਰ੍ਹਿਆਂ ਦੀ ਸੀ। ਇਹ ਤਸਵੀਰ ਸ਼ਾਇਦ 15 ਜੂਨ ਦੀ ਹੈ।

ਪੰਦਰਾਂ ਦਿਨ ਹੋ ਗਏ ਸਨ ਮਾਂ ਸਾਨੂੰ ਤੇ ਰੋਟੀ ਖੁਆ ਦੇਂਦੀ ਪਰ ਆਪ ਨਹੀਂ ਖਾਂਦੀ ਬਸ ਰੋਂਦੀ ਰਹਿੰਦੀ ਤੇ ਪਾਠ ਕਰੀ ਜਾਂਦੀ ਸੀ ਇਹੋ ਹਾਲ ਪਰਿਵਾਰ ਦੇ ਬਾਕੀ ਜੀਆਂ ਦਾ ਸੀ ,ਦੋਵਾਂ ਚਾਚਿਆਂ ਨੂੰ ਇਕ ਕਮਰੇ ਵਿਚ ਬੰਦ ਕੀਤਾ ਸੀ ਕਿਓੰਕੇ ਉਹ ਘਰੋਂ ਬਹਾਰ ਜਾਣਾ ਚਾਹੁੰਦੇ ਸੀ ,ਸਾਨੂੰ ਕੁਝ ਵੀ ਸਮਝ ਨਹੀਂ ਪੈ ਰਹੀ ਸੀ ਕਿ ਕੀ ਹੋ ਰਿਹਾ ,ਬਾਹਰੋਂ ਬੰਬ ਦੇ ਖੜਾਕ ਦੀ ਅਵਾਜ ਸੁਣਕੇ ਦਾਦਾ ਜੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਦਿਲ ਵਾਲੀ ਥਾਂ ਹੱਥ ਨਾਲ ਘੁੱਟ ਲੈਂਦੇ ਸੀ , ਮੇਰੀ ਨਿੱਕੀ ਭੈਣ ਗਲੀ ਵਿਚ ਖੇਡਣ ਗਈ ਘਰ ਮੁੜੀ ਤਾਂ ਉਸ ਦੇ ਹੱਥ ਵਿਚ ਇਕ ਲੱਡੂ ਸੀ, ਮਾਂ ਨੇ ਲੱਡੂ ਬਾਰੇ ਪੁੱਛਿਆ ਤਾਂ ਭੈਣ ਨੇ ਕਿਹਾ ਕਿ ਬਿਮਲਾ ਆਂਟੀ ਸਾਰਿਆਂ ਨੂੰ ਵੰਡ ਰਹੀ ਸੀ।

ਮਾਂ ਨੇ ਗੁੱਸੇ ਵਿਚ ਲੱਡੂ ਵਗ੍ਹਾ ਕੇ ਬਾਹਰ ਸੁੱਟਦਿਆਂ ਆਖਿਆ ਕੀੜੇ ਪੈਣੇ ਇਹਨਾਂ ਨੂੰ, ਭੈਣ ਰੋਣ ਲੱਗ ਪਈ ਤਾਂ ਮਾਂ ਨੇ ਗੁੜ ਦੀ ਟੁਕੜੀ ਦੇ ਕੇ ਭੈਣ ਨੂੰ ਚੁੱਪ ਕਰਵਾਇਆ ਤੇ ਆਖਿਆ ‘ਬੇਟਾ ਜਾਲਮਾਂ ਨੇ ਆਪਣਾ ਘਰ ਬਰਬਾਦ ਕਰ ਦਿੱਤਾ,ਸੈਂਕੜੇ ਵੀਰ ਸ਼ਹੀਦ ਹੋ ਗਏ ਨੇ ਬਹੁਤ ਭਿਆਨਕ ਘੱਲੂਘਾਰਾ ਹੋ ਗਿਆ ਹੈ ਸੋ ਪੁੱਤ ਜਿਦ ਨਹੀਂ ਕਰੀਦੀ ਆਪਾਂ ਸੋਗ ਮਨਾਉਣਾ ਹੈ ‘ । ਮੈਂ ਮਾਂ ਨੂੰ ਤੁਰੰਤ ਸਵਾਲ ਕੀਤਾ ਮਾਂ ਆਪਣਾ ਘਰ ਤਾਂ ਬਿਲਕੁਲ ਠੀਕ ਠਾਕ ਹੈ ਫਿਰ ਕਿਹੜਾ ਘਰ ਬਰਬਾਦ ਹੋ ਗਿਆ ਆਪਣਾ ? ਮਾਂ ਨੇ ਗਲਵਕੜੀ ਪਾ ਕੇ ਆਖਿਆ ਪੁੱਤ ਤੂੰ ਨਿਕਾਂ ਅਜੇ ਜਦੋਂ ਵੱਡਾ ਹੋਵੇਂਗਾ ਤਾਂ ਤੈਨੂੰ ਸਮਝ ਆਊਗਾ ਤੂੰ ਵਧੇਰੇ ਪਾਠ ਕਰਿਆ ਕਰ।

ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ।

ਫਿਰ ਇਕ ਦਿਨ ਖ਼ਬਰ ਆਈ ਕਿ ਕਰਫਿਊ ਖੁੱਲ ਗਿਆ ਹੈ ਦਾਦਾ ਜੀ ਦਰਬਾਰ ਸਾਹਿਬ ਜਾਣ ਲਈ ਦਸਤਾਰ ਸਜਾ ਰਹੇ ਸੀ ਤੇ ਦਾਦੀ ਨੇ ਰੋਕਦੇ ਹੋਏ ਆਖਿਆ ਬਾਹਰ ਨਾ ਜਾਇਓ ਬਾਹਰ ਮੌਤ ਵਰ੍ਹਦੀ ਅਜੇ ਵੀ ‘ , ਦਾਦਾ ਜੀ ਨੇ ਆਖਿਆ ‘ਪਰ ਘਰ ਰਹਿ ਕੇ ਮਰਨ ਨਾਲੋਂ ਤਾਂ ਚੰਗਾ ਗੁਰੂ ਘਰ ਮਰ ਜਾਈਏ ਦਾਦੇ ਦੇ ਬੋਲਾਂ ਵਿਚ ਗਰਮੀ ਸੀ ਤੇ ਉਹ ਏਨਾ ਆਖ ਕੇ ਤੁਰਨ ਹੀ ਲੱਗੇ ਸੀ ਕਿ ਅਸੀਂ ਦੋਵਾਂ ਭੈਣ ਭਰਾਵਾਂ ਨੇ ਰਸਤਾ ਰੋਕ ਲਿਆ ਕਿ ਸਾਨੂੰ ਵੀ ਲਈ ਜਾਓ , ਦਾਦਾ ਜੀ ਲੈ ਕੇ ਜਾਣਾ ਚਾਹੁੰਦੇ ਸੀ, ਪਰ ਦਾਦੀ ਨੇ ਘੁਰੀ ਵਟੀ ਤੇ ਮਾਂ ਨੇ ਆਖਿਆ ਬਾਪੂ ਜੀ ਲੈ ਜਾਓ ਇਹ ਵੀ ਸਾਡੇ ਬਰਬਾਦ ਹੋਏ ਘਰ ਦੀ ਪੀੜ ਮਹਿਸੂਸ ਕਰ ਸਕਣ, ਕੌਮੀ ਜਿੰਮੇਵਾਰ ਬਣਨ ਲਈ ਖੋਰੇ ਜ਼ੁਲਮੀ ਮੰਜਰ ਵੇਖ ਕੇ ਸਿੱਖੀ ਦੀ ਪਾਣ ਹੋਰ ਵਧੇਰੇ ਗੂੜ੍ਹੀ ਹੋ ਜਾਊ , ਦਾਦੇ ਨੇ ਸਾਨੂੰ ਉਂਗਲੀ ਲਾ ਲਿਆ ਸੜਕ ਤੇ ਬਹੁਤ ਫੌਜੀ ਸਨ ਮੈਂ ਫੌਜੀਆਂ ਨੂੰ ਟਾਟਾ ਕਰਨ ਲਈ ਹੱਥ ਵਧਾਉਣ ਹੀ ਲੱਗਾ ਸਾਂ ਕਿ ਦਾਦਾ ਜੀ ਨੇ ਰੋਕ ਦਿੱਤਾ ਆਖਣ ਲਗੇ ਪੁੱਤ ਨਾ ਕਰ ਹੁਣ ਇਹ ਸਾਡੇ ਦੁਸ਼ਮਣ ਬਣ ਕੇ ਹਮਲਾ ਕਰਨ ਆਏ ਨੇ ਇਹਨਾਂ ਨੇ ਹੀ ਸਾਡਾ ਘਰ ਬਰਬਾਦ ਕੀਤਾ ਇਹਨਾਂ ਨੇ ਟੈਂਕਾਂ ਤੇ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕਰ ਕੇ ਸਾਡੇ ਵੀਰ ਸ਼ਹੀਦ ਕਰ ਦਿਤੇ ਹੁਣ ਇਹ ਤੇਰੀ ਟਾਟਾ ਦੇ ਲਾਇਕ ਨਹੀਂ ਰਹੇ ਇਹ ਸਾਡੇ ਵੈਰੀ ਹੋ ਗਏ ਨੇ। ਮੇਰੇ ਭੋਲੇ ਮਨ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਦੇਸ਼ ਦੇ ਰਾਖੇ ਅਖਵਾਉਣ ਵਾਲੇ ਸਾਡੇ ਤੇ ਹਮਲਾ ਕਿਓਂ ਕਰਦੇ ਨੇ ਅਸੀਂ ਤਾਂ ਅਰਦਾਸ ਵਿਚ ਸਰਬਤ ਦਾ ਭਲਾ ਮੰਗਦੇ ਹਾਂ। ਰਾਹ ਵਿਚ ਹੋਰ ਵੀ ਬਹੁਤ ਲੋਕ ਦਰਬਾਰ ਸਾਹਿਬ ਜਾ ਰਹੇ ਸੀ ,ਦਰਬਾਰ ਸਾਹਿਬ ਦੇ ਬਾਹਰ ਬਹੁਤ ਹੀ ਸਖ਼ਤ ਪਹਿਰਾ ਸੀ ਬਹੁਤ ਬੰਦੂਕਾਂ ਲੈਕੇ ਫੌਜ ਖੜੀ ਸੀ, ਮੈਨੂੰ ਫ਼ਿਲਮਾਂ ਵਾਲਾ ਜੰਗ ਵਰਗਾ ਸੀਨ ਨਜ਼ਰ ਆ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਇਹ ਤਾਂ ਕੋਈ ਸਰਹੱਦ ਨਹੀਂ ਹੈ ਫਿਰ ਫੌਜ ਨੇ ਕਿਓਂ ਜੰਗ ਕੀਤੀ। ਅਸੀਂ ਅੰਦਰ ਲੰਘੇ ਦਾਦਾ ਜੀ ਨੇ ਭੈਣ ਨੂੰ ਮੋਢਿਆਂ ਤੇ ਚੁੱਕ ਲਿਆ ,ਦਰਬਾਰ ਸਾਹਿਬ ਬਹੁਤ ਬੋ ਆ ਰਹੀ ਸੀ , ਬ੍ਰਾਂਡਿਆਂ ਵਿਚ ਕਾਲੋਂ ਹੀ ਕਾਲੋਂ ਸੀ, ਸਾਰੇ ਲੋਕ ਰੋ ਰਹੇ ਸਨ ,ਬਾਪੂ ਜੀ ਵੀ ਭੁਬਾਂ ਮਾਰ ਕੇ ਰੋਏ , ਸਾਡੇ ਸਾਹਮਣੇ ਅਕਾਲ ਤਖ਼ਤ ਸਾਹਿਬ ਦਾ ਢੱਠਾ ਮੰਜਰ ਸੀ , ਮੈਨੂੰ ਤੇ ਭੈਣ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ।

1995 ਵਿਚ ਮੈਂ ਜਵਾਨ ਹੋਇਆ ਤਾਂ ਸਮਝ ਲੱਗਣਾ ਸ਼ੁਰੂ ਹੋਇਆ ਕਿ ਮੇਰੀ ਕੌਮ ਨਾਲ ਕੀ ਬੀਤੀ ਓਦੋਂ ਤਕ ਦੋਵੇਂ ਚਾਚੇ ਸ਼ਹੀਦ ਹੋ ਗਏ ਸੀ ਸੁਨਣ ਵਿਚ ਆਇਆ ਕਿ ਪੁਲਿਸ ਮੁਕਾਬਲੇ ਹੋਏ ਸੀ ,ਦਾਦਾ ਜੀ ਵੀ ਸੰਸਾਰ ਤੋਂ ਕੂਚ ਕਰ ਗਏ ਸਨ ਪਿਤਾ ਜੀ ਦੇਸ਼ ਧ੍ਰੋਹ ਦੇ ਕੇਸ ਵਿਚ ਜੇਲ ਵਿਚ ਕੈਦ ਸਨ , ਮਾਂ ਨੇ ਸਾਨੂ ਦੋਵਾਂ ਭੈਣ ਭਰਾਵਾਂ ਨੂੰ ਬਹੁਤ ਬੁਰੇ ਹਲਾਤਾਂ ਵਿਚ ਪਾਲਿਆ ਸੀ ਕਿਓੰਕੇ ਘਰ ਵੇਚਣਾ ਪਿਆ ਘਰ ਵਿਚ ਕੋਈ ਕਮਾਉਣ ਵਾਲਾ ਨਹੀਂ ਬਚਿਆ ਸੀ ,ਮਾਂ ਨੇ ਸਾਨੂ ਗੁਰਮਤਿ ਦੀ ਸੋਝੀ ਕਰਵਾਉਣ ਲਈ ਇਕ ਵੱਡੇ ਸਿੱਖ ਸਕੂਲ ਵਿਚ ਪਾਇਆ ਜਿਸ ਦੀ ਫੀਸ ਦੇਣ ਲਈ ਮਾਂ ਨੂੰ ਪੰਜ ਘਰਾਂ ਦਾ ਕੰਮ ਕਰਨਾ ਪੈਂਦਾ ,ਦਾਦੀ ਹਰ ਰੋਜ ਕੌਮੀ ਤੇ ਨਿਜੀ ਘਰ ਬਰਬਾਦ ਹੋਣ ਦੀਆਂ ਕੂਕਾਂ ਦੇਂਦੀ ਅੱਖਾਂ ਦੀ ਰੋਸ਼ਨੀ ਗੁਆ ਚੁਕੀ ਸੀ

ਇਸ ਸੰਘਰਸ਼ ਵਿਚ ਕੁਝ ਲੋਕ ਜੋ ਸਰਕਾਰ ਨਾਲ ਰਲ ਗਏ ਉਹ ਤਾਂ ਕਰੋੜਾਂਪਤੀ ਬਣ ਗਏ ਸਨ , ਕੁਝ ਲਾਲਚੀ ਅਖਉਤੀ ਖਾੜਕੂ ਲੀਡਰਾਂ ਦੀ ਗੱਡੀ ਚੜ ਪੰਥ ਦੇ ਮਾਲਕ ਅਹੁਦਿਆਂ ਤੇ ਜਾ ਬੈਠੇ , ਅਖਉਤੀ ਸਿੱਖ ਲੀਡਰ ਸ਼ਹੀਦਾਂ ਦੀਆਂ ਲਾਸ਼ਾਂ ਤੇ ਕੁਰਸੀ ਡਾਹਕੇ ਖਰਬਾਂਪਤੀ ਹੋ ਗਏ ,ਜਵਾਨੀ ਢੋਲ ਦੇ ਡੱਗੇ ਤੇ ਸੱਭਿਆਚਾਰਕ ਤੋਂ ਅਤਿਆਚਾਰਕ ਹੁੰਦੀ ਹੋਈ ਨਸ਼ਿਆਂ ਤੇ ਗੈਂਗ ਵਾਰਾਂ ਵੱਲ ਨੂੰ ਤੁਰ ਪਈ , ਸੈਂਟਰ ਸਰਕਾਰ ਨੇ ਪੰਜਾਬ ਨੂੰ ਅਣਐਲਾਨਿਆ ਖਾਲਿਸਤਾਨ ਮੰਨਕੇ ਕਿਸਾਨੀ ਮੁਕਾਉਣ ਲਈ ਪਾਣੀ ਖੋਹ ਲਿਆ , ਜਾਂ ਬਰਬਾਦ ਕਰਵਾ ਦਿੱਤਾ, ਰਾਜਧਾਨੀ ਨਹੀਂ ਦਿਤੀ ,ਨਸ਼ਿਆਂ ਦੇ ਦਰਿਆ ਵਿਚ ਜਵਾਨੀ ਰੋੜ੍ਹ ਦਿਤੀ ,ਬਚੀ ਜਵਾਨੀ ਵਿਚੋਂ ਕੁਝ ਪ੍ਰਵਾਸੀ ਹੋ ਗਏ ਕੁਝ ਨਚਾਰ ਹੋ ਗਏ , ਖੇਤੀ ਪ੍ਰਧਾਨ ਸੂਬੇ ਵਿਚ ਇੰਡਸਟਰੀ ਤਾਂ ਪਹਿਲਾਂ ਵੀ ਘੱਟ ਸੀ ਜੋ ਬੱਚੀ ਵੀ ਸੀ ਉਹ ਵੀ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋਕੇ ਮੁੱਕਣ ਕਿਨਾਰੇ ਹੈ,

ਜਿਨਾਂ ਹੱਕ ਮੰਗਣੇ ਸੀ ਉਹ ਵੰਡ ਦਿਤੇ ਗਏ ਜਾਂ ਖਰੀਦ ਲਏ ਗਏ , ਪ੍ਰਚਾਰਕ ਨਿਗੂਣੀਆਂ ਲੜਾਈਆਂ ਵਿਚ ਸਿਰਵੱਢਵਾਂ ਵੈਰ ਨਿਭਾ ਰਹੇ ਨੇ ,ਹੁਣ 35 ਸਾਲਾਂ ਤੋਂ ਆਗੂ ਵਿਹੂਣੀ ਕੌਮ ਦਾ ਉਜਾੜਾ ਦਿਨ ਪ੍ਰਤੀਦਿਨ ਵਧਦਾ ਜਾਂਦਾ ਹੈ , ਸੰਸਾਰ ਭਰ ਵਿਚ ਵੇਖਣ ਨੂੰ ਸਿਖਾਂ ਦੀ ਚਮਕ ਦਮਕ ਤਾਂ ਬਹੁਤ ਸੋਹਣੀ ਲੱਗਦੀ ਹੈ ਪਰ ਕੌਮੀ ਨਿਸ਼ਾਨਿਆਂ ਪ੍ਰਤੀ ਇਕਸੁਰਤਾ ਇਕਸਾਰਤਾ ਲਗਭਗ ਖ਼ਤਮ ਹੀ ਹੋਈ ਪਈ ਹੈ , ਤਸਵੀਰ ਵਿਚਲਾ ਲੀਰਾਂ ਹੋਇਆ ਕੌਮੀ ਨਿਸ਼ਾਨ ਤਾਂ ਅਸੀਂ ਨਵਾਂ ਕਰ ਦਿੱਤਾ ਪਰ ੬ ਜੂਨ ੧੯੮੪ ਤੋਂ ਮਗਰੋਂ ਕੌਮ ਦੀਆਂ ਲੀਰਾਂ ਦਾ ਧਾਗਾ ਧਾਗਾ ਹੋ ਗਿਆ

ਮੈਂ ਇਹ ਤਸਵੀਰ ਦੇਖਦਾ ਹਾਂ ਤਾਂ ਮੈਨੂੰ ਉਸ ਵੇਲੇ ਆਖੇ ਮਾਂ ਦੇ ਬੋਲ ਯਾਦ ਵੀ ਆਉਂਦੇ ਤੇ ਸਮਝ ਵੀ ਆਉਂਦੇ ਨੇ