6 ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚੋ ਇੱਕ ਸਿੰਘ ਭਾਈ ਗੁਰਦੀਪ ਸਿੰਘ ਖਹਿਰਾ ਦੀ ਅਣਕਹੀ ਦਾਸਤਾਨ

Must Read

ਇਹ ਦਿਲ ਦੁਖਾਊ ਕਹਾਣੀ ਇੱਕ ਚੜ੍ਹਦੀ ਕਲਾ ਵਾਲੇ ਗੁਰਸਿੱਖ ਅਤੇ ਆਸਹੀਣਤਾ ਦੀਆਂ ਡੂੰਘਾਈਆਂ ਦੀ ਹੈ ਜਿਸ ਵਿੱਚ ਕਿ ਉਸ ਨੂੰ 23 ਸਾਲ ਪਹਿਲਾਂ ਸੁੱਟ ਕੇ, ਤਾਲੇ ਮਾਰ ਕੇ ਚਾਬੀ ਪਰ੍ਹਾਂ ਵਗਾਹ ਮਾਰੀ ਗਈ ਤਾਂ ਕਿ ਉਸ ਨੂੰ “ਧਰਤੀ ਤੇ ਨਰਕ” ਵਿੱਚ ਸੜਨ ਦਿੱਤਾ ਜਾਵੇ ।

ਗੁਰਦੀਪ ਸਿੰਘ ਅਤੇ SOPW

ਗੁਰਦੀਪ ਸਿੰਘ ਪਹਿਲੀ ਵਾਰ ਉਸ ਸਮੇਂ 2001 ਵਿੱਚ SOPW ਦੇ ਧਿਆਨ ਵਿੱਚ ਆਇਆ ਜਦੋਂ ਭਾਈ ਬਲਬੀਰ ਸਿੰਘ (SOPW ਦੇ ਸੰਸਥਾਪਕ) ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਮਿਲੇ ਜਿੱਥੇ ਕਿ ਉਹ ਝੂਠੇ ਕੇਸ ਵਿੱਚ ਆਪ ਵੀ ਨਜ਼ਰਬੰਦ ਸਨ । ਗੁਰਦੀਪ ਸਿੰਘ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਕਰਨਾਟਕ ਦੀ ਬਿਦਰ ਜੇਲ੍ਹ ਵਿੱਚੋਂ ਇੱਥੇ ਤਬਦੀਲ ਕੀਤਾ ਗਿਆ ਸੀ ਜਿੱਥੇ ਉਹਨਾਂ ਨੇ ਉਮਰ ਕੈਦ ਦੇ 11 ਸਾਲ ਬਿਤਾਏ ਸਨ । ਹੇਠਲਾ ਬਿਰਤਾਂਤ ਭਾਈ ਬਲਬੀਰ ਸਿੰਘ ਦੀ ਪਹਿਲੀ ਮਿਲਣੀ ਅਤੇ ਬਾਅਦ ਵਿੱਚੋਂ ਬਿਤਾਏ ਗਏ ਡੇਢ ਸਾਲ ਦਾ ਭਾਈ ਸਾਹਿਬ ਦੀ ਆਪਣੀ ਜ਼ੁਬਾਨੀ ਹੈ ।

“ਭਾਈ ਗੁਰਦੀਪ ਸਿੰਘ ਨੂੰ ਦੇਖ ਕੇ ਪਹਿਲਾਂ ਤਾਂ ਮੈਨੂੰ ਸੁੱਖ ਦਾ ਸਾਹ ਆਇਆ ਕਿ ਜੇਲ੍ਹ ਵਿੱਚ ਇੱਕ ਹੋਰ ਸਿੱਖ ਗੱਲ ਕਰਨ ਨੂੰ ਮਿਲ ਗਿਆ ਹੈ । ਮੈਂ ਭੱਜ ਕੇ ਉਸ ਨਾਲ ਗੱਲ ਕਰਨ ਲਈ ਗਿਆ । ਜਦੋਂ ਗੁਰਦੀਪ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਤਾਂ ਮੈਂ ਇੱਕ ਦੋ ਲਫਜ਼ਾਂ ਨੂੰ ਛੱਡ ਕੇ ਸਮਝ ਨਾਂ ਸਕਿਆ ਕਿ ਉਹ ਕੀ ਕਹਿ ਰਿਹਾ ਹੈ । ਜਿੰਨਾ ਕੁ ਮੈਨੂੰ ਸਮਝ ਆਇਆ ਉਹ ਹਿੰਦੀ ਅਤੇ ਪੰਜਾਬੀ ਦਾ ਕੋਈ ਮਿਸ਼ਰਣ ਬੋਲ ਰਿਹਾ ਸੀ ਪਰ ਮੈਨੂੰ ਉਸ ਨਾਲ ਗੱਲ ਕਰਨ ਲਈ ਜੇਲ ਦੇ ਹੋਰ ਕੈਦੀਆਂ ਦੀ ਮਦਦ ਲੈਣੀ ਪਈ ਜੋ ਕਿ ਮਰਾਠੀ ਜਾਣਦੇ ਸਨ ।

ਮੈਂ ਇਹ ਜਾਣ ਕੇ ਨਿਰਾਸ਼ ਹੋ ਗਿਆ ਕਿ 10 ਸਾਲ ਬਿਦਰ ਜੇਲ੍ਹ ਵਿੱਚ ਰਹਿੰਦਿਆਂ ਉਸ ਨੂੰ ਆਪਣੀ ਮਾਂ ਬੋਲੀ ਭੁੱਲ ਗਈ ਸੀ ਤੇ ਉਹ ਆਪਣੀ ਬੋਲੀ ਵਿੱਚ ਮਰਾਠੀ ਵਰਤਣ ਲੱਗ ਪਿਆ ਸੀ, ਜੋ ਕਿ ਕਰਨਾਟਕਾ ਦੀ ਇੱਕ ਜ਼ਬਾਨ ਹੈ । ਗੁਰਦੀਪ ਸਿੰਘ ਨੇ ਟਰਾਂਸਲੇਟਰ ਰਾਹੀਂ ਮੈਨੂੰ ਸਮਝਾਇਆ ਕਿ ਬਿਦਰ ਵਿੱਚ ਉਸਦੇ ਨਾਲ ਕੋਈ ਪੰਜਾਬੀ ਜਾਂ ਹਿੰਦੀ ਬੋਲਣ ਵਾਲਾ ਕੈਦੀ ਨਹੀਂ ਸੀ ਇਸ ਲਈ ਉਹ ਰਵਾਂ ਪੰਜਾਬੀ ਬੋਲਣੀ ਭੁੱਲ ਗਿਆ ਹੈ ।

ਇਸ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ । ਮੈਂ ਗੁਰਦੀਪ ਸਿੰਘ ਬਾਰੇ ਹੋਰ ਜਾਨਣਾ ਚਾਹੁੰਦਾ ਸੀ ਇਸਲਈ ਮੈਂ ਉਸ ਨੂੰ ਆਪਣੀ ਗਾਥਾ ਸੁਨਾਉਣ ਲਈ ਕਿਹਾ ਕਿ ਕਿਸ ਤਰਾਂ ਉਸ ਨੇ 11 ਸਾਲ ਜੇਲ ਵਿੱਚ ਬਿਤਾਏ ਅਤੇ ਜਿਸ ਦਾ ਅਜੇ ਵੀ ਕੋਈ ਅੰਤ ਨਹੀਂ ਹੈ ।

ਬਿਦਰ ਵਿੱਚ ਯੂਨੀਵਰਿਸਟੀ ਦੇ ਸਿੱਖ ਵਿਦਿਆਰਥੀਆਂ ਦੀਆਂ ਹਤਿਆਵਾਂ

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਲਈ ਭਾਰਤ ਇੱਕ ਬਹੁਤ ਹੀ ਖਤਰਨਾਕ ਅਤੇ ਦੁਸ਼ਮਣੀ ਭਰਿਆ ਸੀ । 14 ਸਤੰਬਰ 1988 ਤੋਂ ਸ਼ੁਰੂ ਹੋ ਕੇ ਅਗਲੇ ਚਾਰ ਦਿਨਾਂ ਵਿੱਚ ਬਿਦਰ(ਕਰਨਾਟਕ) ਦੀ ਸਿੱਖ ਵਸੋਂ ਨੂੰ ਲੁੱਟ, ਅੱਗਜ਼ਨੀ ਤੇ ਕਤਲਾਂ ਦਾ ਸਾਹਮਣਾ ਕਰਨਾ ਪਿਆ । ਗੁਰੂ ਨਾਨਕ ਦੇਵ ਇੰਨਜੀਨੀਅਰਿੰਗ ਕਾਲਜ ਦੇ ਕਈ ਵਿਦਿਆਰਥੀ ਸਿੱਖ ਵਿਰੋਧੀ ਹਮਲਿਆਂ ਦੇ ਸ਼ਿਕਾਰ ਹੋਏ । ਇਹਨਾ ਹਮਲਿਆਂ ਨੇ ਸਿੱਖ ਜਗਤ ਵਿੱਚ ਡਰ ਅਤੇ ਘਬਰਾਹਟ ਦੀ ਲਹਿਰ ਫੈਲਾਅ ਦਿੱਤੀ ਕਿਉਂਕਿ ਸਾਰੇ ਦੇਸ਼ ਤੋਂ ਵਿਦਿਆਰਥੀ ਇੱਥੇ ਪੜ੍ਹਾਈ ਕਰਨ ਆਏ ਹੋਏ ਸਨ ।

ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (PHRO) ਹਮਲਿਆਂ ਤੋਂ 10 ਦਿਨ ਬਾਅਦ ਬਿਦਰ ਪਹੁੰਚੀ ਅਤੇ ਉਹਨਾਂ ਨੇ ਹਮਲਿਆਂ ਦੇ ਸ਼ਿਕਾਰ ਸਿੱਖਾਂ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ।ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਕਿ ਇਲਾਕੇ ਵਿੱਚ ਸਿੱਖਾਂ ਦੇ ਸਾਰੇ ਘਰ ਬਾਰ ਲੁੱਟ ਕੇ ਸਾੜੇ ਗਏ ਹਨ । ਗੁਰਦੁਆਰਿਆਂ ਤੇ ਹਮਲਾ ਕਰਕੇ ਬੇਅਦਬੀ ਕੀਤੀ ਗਈ ।ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ 5 ਸਿੱਖ ਵਿਦਿਆਰਥੀ ਅਤੇ ਫਾਰਮੇਸੀ ਕਾਲਜ ਦਾ ਇੱਕ ਵਿਦਿਆਰਥੀ ਬੜੀ ਬੇਰਹਿਮੀ ਨਾਲ ਕਤਲ ਕੀਤੇ ਗਏ ਤੇ ਸੈਂਕੜੇ ਜ਼ਖਮੀ ਹੋਏ ।

ਉਹ ਵਿਦਿਆਰਥੀ ਜਿਹਨਾਂ ਦੀਆਂ ਜਾਨਾਂ ਗਈਆਂ ਉਨ੍ਹਾਂ ਵਿੱਚੋਂ ਦੋ ਭਰਾ ਸਨ ਤੇ ਮਾਂ ਬਾਪ ਦੇ ਇਕਲੌਤੀ ਔਲਾਦ ਸਨ । ਇਹਨਾਂ ਹਮਲਿਆਂ ਦਾ ਸਿੱਖਾਂ ਉੱਤੇ ਡੂੰਘਾ ਅਸਰ ਹੋਇਆ ਅਤੇ ਪਰਿਵਾਰਾਂ ਦੀ ਵੇਦਨਾ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ।

PHRO ਵੱਲੋਂ ਜਿਹੜੀ ਚਿੰਤਾਜਨਕ ਗੱਲ ਨੋਟ ਕੀਤੀ ਗਈ ਉਹ ਇਹ ਸੀ ਕਿ ਉਹਨਾਂ 4 ਖੂਨੀ ਦਿਨਾਂ ਵਿੱਚ “ਜਲਦਬਾਜ਼ੀ ਦਾ ਅਭਾਵ” ਸੀ, ਸਿੱਖਾਂ ਦੇ ਚਿੰਨਾਂ ਦਾ ਅਪਮਾਨ ਅਤੇ ਸਿੱਖਾਂ ਨੂੰ ਨੁਕਸਾਨ ਪਹੁੰਚਾ ਕੇ ਬਿਦਰ ਵਿੱਚੋਂ ਕੱਢਣ ਦੀ ਨੀਅਤ ਸੀ । ਸਿੱਖ ਵਿਰੋਧੀ ਭੀੜ ਨੇ ਡਾਂਗਾਂ ਇੱਕੋ ਜਿਹੀਆਂ ਕੱਟੀਆਂ ਸਨ ਤੇ ਪੁਲਿਸ, ਪ੍ਰਸ਼ਾਸਨ ਅਤੇ ਮੀਡੀਆ ਆਪਣੀਆਂ ਅੱਖਾਂ ਪਰ੍ਹੇ ਕਰ ਕੇ ਇਸ ਕਤਲੇਆਮ ਵਿੱਚ ਉਹਨਾਂ ਦੇ ਨਾਲ ਸੀ ।

1990 ਵਿੱਚ ਗੁਰਦੀਪ ਸਿੰਘ ਨੂੰ ਬਿਦਰ ਅਤੇ ਦਿੱਲੀ ਅੰਦਰ ਬੰਬ ਧਮਾਕਿਆਂ ਵਿੱਚ ਫਸਾ ਕੇ ਇਲਜ਼ਾਮ ਲਗਾਇਆ ਗਿਆ ਕਿ ਇਹ ਧਮਾਕੇ ਸਿੱਖ ਕਤਲੇਆਮ ਦਾ ਬਦਲਾ ਲੈਣ ਲਈ ਕੀਤੇ ਗਏ ਹਨ । ਉਸ ਨੂੰ ਦੋ ਉਮਰ ਕੈਦਾਂ ਦੀ ਸਜ਼ਾ ਦਿੱਤੀ ਗਈ ਜਿਸ ਵਿੱਚੋਂ ਇੱਕ ਬਿਦਰ (ਕਰਨਾਟਕ) ਅਤੇ ਦੂਸਰੀ ਤਿਹਾੜ (ਦਿੱਲੀ) ਵਿੱਚ ਕੱਟਣੀ ਸੀ ।

PHRO ਦੀ ਬਿਦਰ ਅੰਦਰ ਹੋਏ ਸਿੱਖ ਵਿਰੋਧੀ ਹਮਲਿਆਂ ਦੀ ਪੂਰੀ ਰਿਪੋਰਟ ਪੜ੍ਹਨ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ

http://www.ihro.in/images/BIDAR.pdf

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥

ਮੁਕੱਦਮੇ ਦੌਰਾਨ ਗੁਰਦੀਪ ਸਿੰਘ ਦੇ ਪਰਿਵਾਰ ਵੱਲੋਂ ਉਸ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਮੁਕੱਦਮਾ ਬਦਲ ਲਵੇ ਤੇ ਮਾਫੀ ਮੰਗ ਲਵੇ । ਗੁਰਦੀਪ ਸਿੰਘ ਨੇ ਇਹ ਕਹਿ ਕੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਗੁਰੂ ਦਾ ਸਿੱਖ ਹਾਂ ਤੇ ਮੈਂ ਹਮੇਸ਼ਾ ਹੱਕ ਤੇ ਸੱਚ ਨਾਲ ਖੜਾਂਗਾ । ਮੈਂ ਕੁਝ ਗਲਤ ਨਹੀਂ ਕੀਤਾ ਫਿਰ ਮੈਂ ਮਾਫੀ ਦੀ ਭੀਖ ਕਿਉਂ ਮੰਗਾਂ । ਜਦੋਂ ਪਰਿਵਾਰ ਵਾਲਿਆਂ ਨੇ ਉਸ ਦੀ ਦ੍ਰਿੜਤਾ ਦੇਖੀ ਤਾਂ ਉਹਨਾਂ ਨੇ ਉਸ ਨਾਲੋਂ ਆਪਣੇ ਸਬੰਧ ਤੋੜਨ ਦੀ ਧਮਕੀ ਦਿੱਤੀ । ਜਦੋਂ ਗੁਰਦੀਪ ਸਿੰਘ ਨੂੰ ਸਜ਼ਾ ਹੋ ਗਈ ਤਾਂ ਉਸ ਦੇ ਪਰਿਵਾਰ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਬੇਦਖਲ ਕਰ ਦਿੱਤਾ ਅਤੇ ਕਿਹਾ ਕਿ ਕਾਨੂੰਨੀ ਤੌਰ ਤੇ ਉਹਨਾਂ ਦਾ ਗੁਰਦੀਪ ਸਿੰਘ ਨਾਲ ਕੋਈ ਸਬੰਧ ਨਹੀਂ ਹੈ । ਅਸੀਂ ਕਦੀ ਵੀ ਨਹੀਂ ਜਾਣ ਸਕਾਂਗੇ ਕਿ ਇਸ ਤਰਾਂ ਪਬਲਿਕ ਵਿੱਚ ਉਸਦੇ ਪਰਿਵਾਰ ਨੇ ਅਜਿਹਾ ਕਿਉਂ ਕੀਤਾ । ਇਸ ਲਈ ਅੱਜ ਤੱਕ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਵੀ ਉਸ ਨੂੰ ਮਿਲਣ ਲਈ ਨਹੀਂ ਆਇਆ, ਨਾ ਹੀ ਕਿਸੇ ਤਰਾਂ ਦਾ ਕੋਈ ਸਬੰਧ ਰੱਖਿਆਂ ਤੇ ਨਾਂ ਹੀ ਕੋਈ ਮਦਦ ਕੀਤੀ । ਸਿਰਫ ਉਸਦਾ ਇੱਕ ਪੁਰਾਣਾ ਬਚਪਨ ਦਾ ਮਿੱਤਰ ਹਰ ਹਫਤੇ ਪੰਜਾਬ ਤੋਂ ਦਿੱਲੀ ਦਾ ਸਫਰ ਕਰਕੇ ਉਸ ਦਾ ਹਾਲ ਚਾਲ ਪੁੱਛਣ ਲਈ ਆਉਂਦਾ ਹੈ ।

ਜੇਲ੍ਹ ਦੀ ਜ਼ਿੰਦਗੀ

ਗੁਰਦੀਪ ਸਿੰਘ ਦਾ ਆਪਣੇ ਜੇਲ ਜੀਵਨ ਦੀ ਸ਼ੁਰੂਆਤ ਬਾਰੇ ਕਹਿਣਾ ਹੈ ਕਿ ਇਹ ਇਸ ਤਰਾਂ ਸੀ ਕਿ ਜਿਵੇਂ “ ਤੁਹਾਨੂੰ ਕਿਸੇ ਅਜਿਹੇ ਅਣਜਾਣ ਟਾਪੂ ਤੇ ਛੱਡ ਦਿੱਤਾ ਗਿਆ ਹੋਵੇ ਜਿੱਥੇ ਕਿ ਤੁਸੀਂ ਸਾਰਿਆਂ ਚੋਂ ਅਲੱਗ ਕਿਸਮ ਦੇ ਇੱਕ ਹੀ ਇਨਸਾਨ ਹੋਵੋ”।

ਗੁਰਦੀਪ ਸਿੰਘ ਦੀ ਕੋਈ ਮਦਦ ਨਹੀਂ ਹੋਈ ਚਾਹੇ ਉਹ ਮਾਇਕ ਸੀ, ਸਰੀਰਕ ਸੀ ਜਾਂ ਭਾਵਨਾਤਮਿਕ ।ਜਿਸ ਤਰਾਂ ਦੇ ਦੁਖਾਂਤ ਵਿੱਚੋਂ ਗੁਰਦੀਪ ਸਿੰਘ ਨੂੰ ਲੰਘਣਾ ਪਿਆ ਦੁਨੀਆ ਤੇ ਚੰਦ ਇਨਸਾਨ ਹੀ ਅਜਿਹਾ ਸਹਿਣ ਕਰ ਸਕਦੇ ਹਨ । ਜਿਸ ਜੁਰਮ ਦੀ ਸਜ਼ਾ ਗੁਰਦੀਪ ਸਿੰਘ ਨੂੰ ਦਿੱਤੀ ਗਈ ਉਹ ਦੇਸ਼ ਵਿਰੋਧੀ ਗਤੀਵਿਧੀਆਂ ਦੇ ਅਧੀਨ ਆਉਂਦਾ ਹੈ । ਇਸ ਲਈ ਉਸ ਨੂੰ ਕੈਦੀਆਂ ਅਤੇ ਜੇਲ ਦੇ ਸਟਾਫ ਵੱਲੋਂ ਬੜੀ ਘਿਰਣਾ ਅਤੇ ਬੇਇਜ਼ਤ ਤਰੀਕੇ ਨਾਲ ਵਰਤਾਅ ਕੀਤਾ ਜਾਂਦਾ ਸੀ । ਉਸ ਨਾਲ ਇਹੋ ਜਿਹਾ ਵਰਤਾਅ ਕੀਤਾ ਜਾਂਦਾ ਸੀ ਕਿ ਕਈ ਦਿਨ ਅਜਿਹੇ ਵੀ ਆਏ ਜਦੋਂ ਗੁਰਦੀਪ ਸਿੰਘ ਨੂੰ ਲੱਗਾ ਕਿ ਇਹ ਅੱਜ ਉਸਦਾ ਆਖਰੀ ਦਿਨ ਹੋਵੇਗਾ ।

ਜਿੱਦਾਂ ਜਿੱਦਾਂ ਟਾਈਮ ਲੰਘਦਾ ਗਿਆ ਇਕਲਾਪਾ ਨਿਰਾਸ਼ਤਾ ਵਿੱਚ ਤਬਦੀਲ ਹੁੰਦਾ ਗਿਆ । ਗੁਰਦੀਪ ਸਿੰਘ ਨੇ ਰੋਂਦਿਆਂ ਬਲਬੀਰ ਸਿੰਘ ਨੂੰ ਦੱਸਿਆ ਕਿ ਇਹ ਜੇਲ ਦੀ ਜ਼ਿੰਦਗੀ ਨਹੀਂ ਸੀ ਜਿਹੜੀ ਕਿ ਵੱਡੀ ਬਿਪਤਾ ਸੀ ਬਲਕਿ ਰੋਜ਼ਮਰਾ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋ ਸਕਣੀਆਂ ਬਹੁਤ ਵੱਡੀ ਮੁਸੀਬਤ ਸੀ । ਇਹ ਜ਼ਰੂਰਤਾਂ ਬਹੁਤ ਹੀ ਮੁਢਲੀਆਂ ਸਨ ਜਿਵੇਂ ਕਿ ਸਾਫ ਕੱਪੜੇ, ਟੁਥਬਰੱਸ਼, ਸਾਬਣ, ਜੁੱਤੀਆਂ ਤੇ ਦਸਤਾਰ ਆਦਿਕ ।

“ਕਈ ਵਾਰੀ ਕੈਦੀ ਜਾਂ ਤਾਂ ਰਿਹਾਅ ਹੋ ਜਾਂਦੇ ਤੇ ਜਾਂ ਚੜ੍ਹਾਈ ਕਰ ਜਾਂਦੇ ਤਾਂ ਮੈ ਜੇਲ ਅਧਿਕਾਰੀਆਂ ਦੇ ਤਰਲੇ ਕਰਦਾ ਕਿ ਉਹ ਮੈਨੂੰ ਉਹਨਾਂ ਦਾ ਛੱਡਿਆ ਸਮਾਨ ਦੇ ਦੇਣ। ਇੱਕ ਸਮੇਂ ਤਾਂ ਮੇਰੇ ਕੱਪੜੇ ਇੰਨੇ ਫਟ ਗਏ ਸਨ ਕਿ ਮੈਨੂੰ ਇੱਕ ਅਜਿਹੇ ਵਿਅਕਤੀ ਦੇ ਕੱਪੜੇ ਪਾਉਣ ਲਈ ਮਜਬੂਰ ਹੋਣਾ ਪਿਆ ਜੋ ਮੇਰੇ ਨਾਲੋਂ ਇੱਕ ਫੁੱਟ ਛੋਟਾ ਸੀ । ਮੈਂ 6 ਫੁੱਟ ਦਾ ਹੋਣ ਕਰਕੇ ਤਕੜੇ ਕੱਦ ਕਾਠ ਦਾ ਸੀ ਇਸ ਲਈ ਪੈਂਟ ਦੇ ਬਟਨ ਬੰਦ ਨਹੀਂ ਸੀ ਹੁੰਦੇ ਤੇ ਪੌਂਚਾ ਗੋਡਿਆਂ ਤੱਕ ਆਉਂਦਾ ਸੀ । ਕਮੀਜ ਦੇ ਕੱਫ ਪਾੜ ਕੇ ਮਸਾਂ ਪਾਉਣੀ ਨਸੀਬ ਹੋਈ । ਮੇਰੇ ਅਜਿਹੇ ਕੱਪੜੇ ਦੇਖ ਕੇ ਕੈਦੀ ਭਾਵੇਂ ਹਸਦੇ ਸਨ ਪਰ ਮੈਂ ਇਹਨਾਂ ਕੱਪੜਿਆਂ ਨੂੰ ਬਹੁਤ ਧਿਆਨ ਨਾਲ ਸੰਭਾਲਦਾ ਸੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਕਦੋਂ ਕੋਈ ਹੋਰ ਕੈਦੀ ਰਿਹਾਅ ਹੋਏਗਾ ਜਾਂ ਚੜ੍ਹਾਈ ਕਰੇਗਾ । ਮੇਰੇ ਕੋਲ ਕੱਪੜੇ ਪ੍ਰਾਪਤ ਕਰਨ ਦਾ ਬੱਸ ਇਹੀ ਇੱਕੋ ਤਰੀਕਾ ਸੀ ।ਮੈਂ ਵਰਤੇ ਹੋਏ ਟੁੱਥਬਰੱਸ਼ ਇਕੱਠੇ ਕਰਕੇ ਆਪਣੀ ਵਰਤੋਂ ਲਈ ਰੱਖਦਾ ਸੀ ਜੋ ਦੂਸਰੇ ਕੈਦੀਆਂ ਵੱਲੋਂ ਸੁੱਟੇ ਜਾਂਦੇ ਸਨ । ਕਈ ਵਾਰੀ ਮੈਨੂੰ ਇੱਕ ਟੁਟੀ ਜੁੱਤੀ ਲੈਣ ਲਈ ਅਪਰਾਧੀਆਂ ਅਤੇ ਬਲਾਤਕਾਰੀਆਂ ਦੇ ਕੱਪੜੇ ਧੋਣੇ ਪੈਂਦੇ, ਜੇਲ ਦੀ ਸਫਾਈ ਕਰਨੀ ਪੈਂਦੀ ਤੇ ਜੂਠੇ ਭਾਡੇ ਮਾਂਜਣੇ ਪੈਂਦੇ । ਇਹੋ ਜਿਹੇ ਦਿਨ ਵੀ ਆਏ ਜਦੋਂ ਮੈਂ ਆਪਣੀ ਸਥਿਤੀ ਅਤੇ ਨਾਉਮੀਦੀ ਤੇ ਰੋਇਆ । ਮੈਂ ਸਚਮੁੱਚ ਹੀ ਇਕੱਲਾ ਮਹਿਸੂਸ ਕੀਤਾ ।”

ਬਿਦਰ ਜੇਲ ਵਿੱਚ ਹੁੰਦਿਆਂ ਕੁਝ ਸਮੇਂ ਬਾਅਦ 3 ਹੋਰ ਸਿੱਖ ਗੁਰਦੀਪ ਸਿੰਘ ਨਾਲ ਜੇਲ ਵਿੱਚ ਆਏ । ਬਲਰਾਜ ਸਿੰਘ, ਅਮਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਅੱਤਵਾਦ ਦਾ ਇਲਜ਼ਾਮ ਲਗਾ ਕੇ ਜੇਲ ਭੇਜੇ ਗਏ ਸਨ । ਇਹਨਾਂ ਸਿੰਘਾਂ ਨੂੰ ਵੀ ਬਿਦਰ ਦੀ ਸਖਤ ਜੇਲ ਵਿੱਚ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੋ ਗੁਰਦੀਪ ਸਿੰਘ ਨੇ ਦੇਖੀਆਂ ਸਨ । ਕੁਝ ਸਮੇਂ ਬਾਅਦ ਗੁਰਦੀਪ ਸਿੰਘ ਸਣੇ ਬਾਕੀ ਸਾਰੇ ਸਿੰਘਾਂ ਨੂੰ ਇੱਕ ਧਾਰਮਿਕ ਗਰੁੱਪ ਵੱਲੋਂ ਸੰਪਰਕ ਕੀਤਾ ਗਿਆ । ਉਹਨਾਂ ਨੂੰ ਕਿਹਾ ਗਿਆ ਕਿ ਅਗਰ ਉਹ ਆਪਣਾ ਧਰਮ ਬਦਲ ਲੈਣਗੇ ਤਾਂ ਉਹਨਾਂ ਦੇ ਵੱਡੇ ਫਿਰ ਉਹਨਾਂ ਦੀ ਜ਼ਿੰਦਗੀ ਜੇਲ ਵਿੱਚ ਸੌਖੀ ਬਣਾ ਦੇਣਗੇ । ਉਹਨਾਂ ਦੇ ਕੇਸਾਂ ਨੂੰ ਅਪੀਲ ਬੋਰਡ ਵਿੱਚ ਭੇਜਿਆ ਜਾਵੇਗਾ ਅਤੇ ਉਹਨਾਂ ਨੂੰ ਜਲਦ ਰਿਹਾਅ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ । ਗੁਰਦੀਪ ਸਿੰਘ ਨੂੰ ਇਹ ਸੁਣ ਕੇ ਕੋਈ ਅਚੰਭਾ ਨਹੀਂ ਹੋਇਆ ਕਿਉਂਕਿ ਉਸ ਨੂੰ ਪਹਿਲਾਂ ਵੀ ਇਹੋ ਜਿਹੀਆਂ ਪੇਸ਼ਕਸ਼ਾਂ ਮਿਲ ਚੁੱਕੀਆਂ ਸਨ । ਖਾਲਸੇ ਦੀ ਸੱਚੀ ਰੂਹ ਦੇ ਮਾਲਕ ਹੁੰਦਿਆਂ ਕੋਈ ਉਸ ਨੂੰ ਸਿੱਖੀ ਦੇ ਰਾਹ ਤੋਂ ਡੁਲਾ ਨਹੀਂ ਸੀ ਸਕਦਾ ।ਪਰ ਬਦਕਿਸਮਤੀ ਨਾਲ ਦੋ ਦੂਸਰੇ ਸਿੰਘ ਸਥਿਤੀ ਅਤੇ ਨਾਉਮੀਦੀ ਤੋਂ ਇੰਨੇ ਤੰਗ ਆ ਗਏ ਸਨ ਕਿ ਉਹਨਾਂ ਨੇ ਧਰਮ ਬਦਲਣਾ ਕਬੂਲ ਕਰ ਲਿਆ ।

ਆਪਣੇ ਸਿੱਖ ਭਰਾਵਾਂ ਦੀ ਇੰਨੀ ਮਾੜੀ ਹਾਲਾਤ ਸੁਣ ਕੇ ਭਾਈ ਬਲਬੀਰ ਸਿੰਘ ਇੰਨੇ ਬੈਚੈਨ ਹੋ ਗਏ ਕਿ ਕਿੰਨੇ ਦਿਨ ਉਹ ਸੌਂ ਨਾ ਸਕੇ । ਉਸ ਦਿਨ ਤੋਂ ਲੈ ਕੇ ਅੱਜ ਤੱਕ SOPW ਨੇ ਗੁਰਦੀਪ ਸਿੰਘ ਦੀ ਹਰ ਸੰਭਵ ਤਰੀਕੇ ਨਾਲ ਮਦਦ ਕੀਤੀ ਹੈ । ਵਕੀਲਾਂ ਦੇ ਖਰਚੇ ਤੋਂ ਲੈਕੇ ਸਾਬਣ ਤੇਲ, ਕੱਪੜਿਆਂ ਤੱਕ ਹਰ ਤਰਾਂ ਦੀ ਮਦਦ ਕੀਤੀ ਗਈ ਹੈ । ਅਸੀਂ ਉਸ ਨੂੰ ਸਰਦੀਆਂ ਵਿੱਚ ਗਰਮ ਕੰਬਲ ਅਤੇ ਗਰਮੀਆਂ ਵਿੱਚ ਕੱਪੜਿਆਂ ਦਾ ਬੰਦੋਬਸਤ ਕਰਦੇ ਹਾਂ । ਮਾਇਆ ਵੀ ਉਹਨਾਂ ਨੂੰ ਭੇਜੀ ਜਾਂਦੀ ਹੈ ਤਾਂ ਕਿ ਉਹ ਰੋਜ਼ਮਰਾ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਖਰੀਦ ਸਕਣ। ਪਰ ਸਭ ਤੋਂ ਜ਼ਿਆਦਾ ਅਸੀ ਉਸ ਨੂੰ ਇੱਕ ਆਵਾਜ਼ ਅਤੇ ਆਸ ਦਿੰਦੇ ਹਾਂ…….

ਹੁਣ ਦੇ ਹਾਲਾਤ

ਅੱਜ ਤੱਕ ਗੁਰਦੀਪ ਸਿੰਘ ਨੇ 11 ਸਾਲ ਬਿਦਰ ਜੇਲ, 9 ਸਾਲ ਤਿਹਾੜ ਜੇਲ ਵਿੱਚ ਕੱਟੇ ਹਨ ਅਤੇ 2010 ਤੋਂ ਉਹ ਕਰਨਾਟਕ ਦੀ ਗੁਲਬਾਰਾ ਜੇਲ ਵਿੱਚ ਕੈਦ ਹੈ ।ਇਸ ਸਾਰੀ ਕਹਾਣੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਘੱਟ ਹੀ ਕੋਈ ਜਾਣਦਾ ਹੋਵੇਗਾ ਗੁਰਦੀਪ ਸਿੰਘ ਖਹਿਰਾ ਦੀ ਕੋਈ ਹੋਂਦ ਹੈ । ਇਹ ਪਤਾ ਹੋਣਾ ਤਾਂ ਫਿਰ ਦੂਰ ਦੀ ਗੱਲ ਹੈ ਕਿ ਉਸ ਨੇ 23 ਸਾਲ ਇੱਕ ਇੱਕ ਦਿਨ ਕਰਕੇ ਕਿਸ ਤਰਾਂ ਬਿਤਾਏ…….

Source: Bhai Balbir Singh Bains (SOPW)

- Advertisement -
- Advertisement -

Latest News

Australia to hold Federal Elections on 3 May

Australians will go to the polls on May 3 for general elections with high costs of living and a...

More Articles Like This

- Advertisement -