ਅੰਮ੍ਰਿਤਸਰ, 7 ਨਵੰਬਰ : ਦਰਬਾਰ ਸਾਹਿਬ ਦੇ ਬਾਹਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਪ੍ਰਵੇਸ਼ ਦੁਆਰ ਪਲਾਜ਼ਾ ਦਾ ਉਪਰੀ ਹਿੱਸਾ, ਜਿਸਨੂੰ ਸਰਕਾਰ ਵੱਲੋਂ ਦੀਵਾਲੀ ਮੌਕੇ ਸੰਗਤ ਲਈ ਖੋਲ੍ਹਣ ਦੀ ਯੋਜਨਾ ਸੀ, ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਗਿਆ ਪਰ ਇਸ ਦਾ ਕੁਝ ਹਿੱਸਾ ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਵੱਡੀ ਰਾਹਤ ਮਿਲੀ ਹੈ। ਫਿਲਹਾਲ ਭਾਵੇਂ ਥੋੜ੍ਹਾ ਹਿੱਸਾ ਹੀ ਖੋਲ੍ਹਿਆ ਗਿਆ ਹੈ ਪਰ ਇਸ ਨੇ ਦਰਬਾਰ ਸਾਹਿਬ ਦੇ ਮੁੱਖ ਦੁਆਰ ਨੂੰ ਨਿਵੇਕਲੀ ਦਿੱਖ ਦਿੱਤੀ ਹੈ।
ਮਈ 2011 ਵਿੱਚ ਸ਼ੁਰੂ ਹੋਏ ਇਸ ਪ੍ਰਾਜੈਕਟ ਤਹਿਤ ਪਲਾਜ਼ਾ ਦੇ ਜ਼ਮੀਨਦੋਜ਼ ਹਿੱਸੇ ਦਾ ਕੰਮ ਤਾਂ ਪਹਿਲਾਂ ਵਾਂਗ ਹੀ ਜਾਰੀ ਹੈ ਪਰ ਇਸਦੇ ਉਪਰੀ ਹਿੱਸੇ ਦਾ ਲਗਭਗ 25 ਤੋਂ 40 ਫੀਸਦੀ ਹਿੱਸਾ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਦਰਬਾਰ ਸਾਹਿਬ ਦੇ ਮੁੱਖ ਦੁਆਰ ਨੂੰ ਖੁੱਲ੍ਹੀ ਦਿੱਖ ਪ੍ਰਦਾਨ ਹੋਈ ਹੈ। ਇਸ ਨਾਲ ਸ਼ਰਧਾਲੂਆਂ ਨੂੰ ਵੀ ਰਾਹਤ ਮਿਲੀ ਹੈ। ਖੋਲ੍ਹੇ ਗਏ ਇਸ ਹਿੱਸੇ ਵਿੱਚ ਵੱਡਾ ਜੋੜਾ ਘਰ ਅਤੇ ਗਠੜੀ ਘਰ ਸ਼ਾਮਲ ਹੈ। ਨਵੇਂ ਬਣੇ ਜੋੜਾ ਘਰ ਵਿੱਚ ਦਸ ਕਾਉੂਂਟਰ ਤਾਂ ਖੋਲ੍ਹ ਦਿੱਤੇ ਗਏ ਹਨ ਜਦਕਿ ਬਾਕੀ ਦਸ ਕਾਊਂਟਰਾਂ ’ਤੇ ਮੁਰੰਮਤ ਦਾ ਕੰਮ ਜਾਰੀ ਹੈ। ਇਸ ਨਵੇਂ ਖੋਲ੍ਹੇ ਗਏ ਹਿੱਸੇ ਵਿੱਚ ਕੁਝ ਸਜਾਵਟੀ ਬੂਟੇ ਲਾਏ ਗਏ ਹਨ, ਜਿਨ੍ਹਾਂ ਦੇ ਆਲੇ ਦੁਆਲੇ ਸੰਗਤ ਦੇ ਬੈਠਣ ਲਈ ਸੰਗਮਰਮਰ ਦੇ ਪੱਥਰ ਦੇ ਬੈਂਚ ਬਣੇ ਹੋਏ ਹਨ। ਖੋਲ੍ਹੇ ਗਏ ਇਸ ਹਿੱਸੇ ਦੇ ਕੁਝ ਖੇਤਰ ਵਿੱਚ ਅੰਤਿਮ ਛੋਹਾਂ ਦਾ ਕੰਮ ਜਾਰੀ ਹੈ। ਉਸਾਰੀ ਦਾ ਕੰਮ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਅਨੁਸਾਰ ਇੱਥੇ ਪਹਿਲਾਂ ਬਣਿਆ ਹੋਇਆ ਆਰਜ਼ੀ ਜੋੜਾ ਘਰ ਵੀ ਜਲਦੀ ਹਟਾ ਦਿੱਤਾ ਜਾਵੇਗਾ ਅਤੇ ਇਸ ਨਾਲ ਦਰਬਾਰ ਸਾਹਿਬ ਦੇ ਮੁੱਖ ਦੁਆਰ ਨੂੰ ਹੋਰ ਵੀ ਖੁੱਲ੍ਹੀ ਦਿੱਖ ਮਿਲੇਗੀ। ਉਨ੍ਹਾਂ ਦੱਸਿਆ ਕਿ ਉਪਰੀ ਹਿੱਸੇ ਨੂੰ ਪੂਰਾ ਖੋਲ੍ਹਣ ਲਈ ਹਾਲੇ ਛੇ ਮਹੀਨਿਆਂ ਦਾ ਸਮਾਂ ਹੋਰ ਲੱਗੇਗਾ ਜਦਕਿ ਜ਼ਮੀਨਦੋਜ਼ ਹਿੱਸੇ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਵਿੱਚ ਸਾਲ ਤੋਂ ਵਧੇਰੇ ਸਮਾਂ ਲੱਗੇਗਾ।
ਇਸ ਪ੍ਰਾਜੈਕਟ ਤਹਿਤ ਪਲਾਜ਼ਾ ਦੇ ਜ਼ਮੀਨਦੋਜ਼ ਹਿੱਸੇ ਵਿੱਚ ਹੀ ਸਾਰੀਆਂ ਸਹੂਲਤਾਂ ਲਈ ਉਸਾਰੀ ਜਾਰੀ ਹੈ, ਜਿਸ ਵਿੱਚ ਸੂਚਨਾ ਕੇਂਦਰ, ਵੀ.ਆਈ.ਪੀ. ਕੇਂਦਰ, ਬੈਂਕ, ਏ.ਟੀ.ਐਮ., ਹਵਾਈ ਜਹਾਜ਼ ਤੇ ਰੇਲਵੇ ਦਾ ਪੁੱਛਗਿੱਛ ਕੇਂਦਰ, ਬਹੁਮੰਤਵੀ ਹਾਲ, ਵੀ.ਆਈ.ਪੀ. ਲਈ ਸੁਰੱਖਿਆ ਖੇਤਰ, ਪਖਾਨੇ ਅਤੇ ਹੋਰ ਸਹੂਲਤਾਂ ਸ਼ਾਮਲ ਹੈ। ਇਸ ਪਲਾਜ਼ਾ ਵਿੱਚ ਅਹਿਮ ਸ਼ਖ਼ਸੀਅਤਾਂ ਦੀ ਆਮਦ ਲਈ ਵੱਖਰਾ ਵਿਸ਼ੇਸ਼ ਰਾਹ ਬਣਾਇਆ ਗਿਆ ਹੈ ਜਦਕਿ ਆਮ ਸੰਗਤ ਲਈ ਵੱਖਰਾ ਰਾਹ ਹੋਵੇਗਾ ਤਾਂ ਜੋ ਅਤਿ ਅਹਿਮ ਵਿਅਕਤੀਆਂ ਦੀ ਸੁਰੱਖਿਆ ਕਰਕੇ ਆਮ ਸੰਗਤ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ। ਪਲਾਜ਼ਾ ਵਿੱਚ ਆਡੀਟੋਰੀਅਮ ਵੀ ਬਣਾਉਣ ਦੀ ਯੋਜਨਾ ਹੈ, ਜਿਸ ਵਿੱਚ 100 ਤੋਂ 150 ਵਿਅਕਤੀ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਵਿੱਚ ਸ਼ਰਧਾਲੂਆਂ ਨੂੰ ਸਿੱਖ ਧਰਮ ਅਤੇ ਦਰਬਾਰ ਸਾਹਿਬ ਦੇ ਇਤਿਹਾਸ ਬਾਰੇ ਮਲਟੀਮੀਡੀਆ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੀਡੀਆ ਕਾਨਫਰੰਸ ਲਈ ਵੀ ਵੱਖਰਾ ਹਾਲ ਹੋਵੇਗਾ।