Home News ਸਭ ਉਮੀਦਵਾਰਾਂ ਦੀ ਨਜ਼ਰ ਤਲਵੰਡੀ ਸਾਬੋ ਦਾ ਇਕ ਘਰ, ਜਿੱਥੇ ਹਨ 462 ਵੋਟਾਂ

ਸਭ ਉਮੀਦਵਾਰਾਂ ਦੀ ਨਜ਼ਰ ਤਲਵੰਡੀ ਸਾਬੋ ਦਾ ਇਕ ਘਰ, ਜਿੱਥੇ ਹਨ 462 ਵੋਟਾਂ

0
ਸਭ ਉਮੀਦਵਾਰਾਂ ਦੀ ਨਜ਼ਰ ਤਲਵੰਡੀ ਸਾਬੋ ਦਾ ਇਕ ਘਰ, ਜਿੱਥੇ ਹਨ 462 ਵੋਟਾਂ

ਬਠਿੰਡਾ/ਤਲਵੰਡੀ ਸਾਬੋ, 2 ਅਗਸਤ: ਤਲਵੰਡੀ ਸਾਬੋ ਵਿੱਚ ਇੱਕ ਅਜਿਹਾ ਘਰ ਹੈ ਜਿੱਥੇ 462 ਵੋਟਰ ਰਹਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਘਰ ਵਿੱਚ ਕੋਈ ਮਹਿਲਾ ਵੋਟਰ ਨਹੀਂ ਹੈ। ਸਾਰੇ ਵੋਟਰਾਂ ਦਾ ਇੱਕੋ ਪਿਤਾ ਹੈ। ਹੁਣ ਜ਼ਿਮਨੀ ਚੋਣ ਦਾ ਬਿਗਲ ਵੱਜਦਿਆਂ ਹੀ ਸਿਆਸੀ ਲੀਡਰਾਂ ਨੇ ਇਸ ਘਰ ਵੱਲ ਮੂੰਹ ਕਰ ਲਏ ਹਨ। ਇੱਕੋ ਘਰ ਵਿੱਚ ਛੋਟੇ ਪਿੰਡ ਜਿੰਨੀਆਂ ਵੋਟਾਂ ਹਨ, ਜਿਸ ਕਰਕੇ ਨੇਤਾ ਲੋਕ ਇਸ ਘਰ ਦੇ ਮੈਂਬਰਾਂ ਅੱਗੇ ਹੱਥ ਜੋੜ ਰਹੇ ਹਨ।

ਤਲਵੰਡੀ ਸਾਬੋ ਦੇ ਵਾਰਡ ਨੰਬਰ ਇੱਕ ਦੇ ਮਕਾਨ ਨੰਬਰ 29 ਵਿੱਚ ਇਹ ਵੋਟਰ ਰਹਿ ਰਹੇ ਹਨ। ਇਹ ਘਰ ਨਿਹੰਗ ਸਿੰਘਾਂ ਦੀ ਛਾਉਣੀ ਵਜੋਂ ਮਸ਼ਹੂਰ ਹੈ। ਸਾਰੇ ਨਿਹੰਗ ਸਿੰਘਾਂ ਨੇ ਆਪਣੇ ਪਿਤਾ ਦਾ ਨਾਮ ਸੰਤਾ ਸਿੰਘ ਲਿਖਵਾਇਆ ਹੋਇਆ ਹੈ। ਇਹ ਨਿਹੰਗ ਸਿੰਘ ਬੁੱਢਾ ਦਲ ਨਾਲ ਸਬੰਧਤ ਹਨ। ਇਸ ਮਕਾਨ ਵਿੱਚ ਹਰ ਉਮਰ ਦੇ ਵੋਟਰ ਹਨ। ਇਹ ਵੋਟਰ ਤਲਵੰਡੀ ਸਾਬੋ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਪੁਰਾਣੀ ਤਹਿਸੀਲ) ਵਿੱਚ ਬਣਨ ਵਾਲੇ ਪੋਲਿੰਗ ਸਟੇਸ਼ਨ ’ਤੇ ਆਪਣਾ ਵੋਟ ਪਾਉਣਗੇ।  ਜ਼ਿਮਨੀ ਚੋਣ ਵਿੱਚ ਐਤਕੀਂ ਟੱਕਰ ਸਖ਼ਤ ਹੋਣ ਕਰਕੇ ਇਨ੍ਹਾਂ ਨਿਹੰਗ ਸਿੰਘਾਂ ਦੀ ਵੁੱਕਤ ਬਹੁਤ ਵਧ ਗਈ ਹੈ। ਪਿਛਲੇ ਅਰਸੇ ਦੌਰਾਨ ਇਨ੍ਹਾਂ ਨਿਹੰਗ ਸਿੰਘਾਂ ਦੇ ਵੀ ਦੋ ਗਰੁੱਪ ਬਣ ਗਏ ਸਨ, ਜਿਸ ਕਰਕੇ ਬਹੁਤ ਘੱਟ ਸੰਭਾਵਨਾ ਹੈ ਕਿ ਕਿਸੇ ਇੱਕ ਸਿਆਸੀ ਦਲ ਦੇ ਹੱਕ ਵਿੱਚ ਇਹ ਸਾਰੇ ਵੋਟਰ ਭੁਗਤਣ। ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਨੂੰ ਫੋਨ ਕੀਤਾ ਪ੍ਰੰਤੂ ਉਨ੍ਹਾਂ ਫੋਨ ਚੁੱਕਿਆ ਨਹੀਂ। ਇਸ ਛਾਉਣੀ ਵਿੱਚ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 7 ਹੈ। ਸ਼ਮਸ਼ੇਰ ਸਿੰਘ ਮਕਾਨ ਵਿੱਚ ਰਹਿਣ ਵਾਲਾ ਸਭ ਤੋਂ ਵਡੇਰੀ ਉਮਰ ਦਾ ਬਜ਼ੁਰਗ ਹੈ। ਉਸ ਦੀ ਉਮਰ 88 ਸਾਲ ਹੈ। ‘ਛੋਟੀ’ ਉਮਰ ਦੇ ਵੋਟਰ 7 ਹਨ ਜਿਨ੍ਹਾਂ ਦੀ ਉਮਰ 27 ਸਾਲ ਹੈ। ਸਭ ਤੋਂ ਵੱਧ ਵੋਟਰ ਮੈਂਬਰ 68 ਸਾਲ ਦੀ ਉਮਰ ਦੇ ਹਨ। ਇਨ੍ਹਾਂ ਦੀ ਗਿਣਤੀ 29 ਬਣਦੀ ਹੈ। ਇਵੇਂ ਹੀ 48 ਸਾਲ ਦੀ ਉਮਰ ਦੇ 24 ਵੋਟਰ ਹਨ।

ਤਲਵੰਡੀ ਸਾਬੋ ਤੋਂ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਉਹ ਨਿਹੰਗ ਸਿੰਘਾਂ ਦੇ ਪਰਿਵਾਰ ਕੋਲ ਵੋਟ ਪਾਉਣ ਦੀ ਅਪੀਲ ਕਰਕੇ ਆਏ ਹਨ ਅਤੇ ਉਨ੍ਹਾਂ ਨੂੰ ਨਿਹੰਗ ਸਿੰਘਾਂ ਦੀ ਹਮਾਇਤ ਮਿਲਣ ਦੀ ਪੂਰਨ ਉਮੀਦ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਨਿਹੰਗ ਸਿੰਘਾਂ ਨਾਲ ਸੰਪਰਕ ਬਣਾ ਲਿਆ ਹੈ। ਤਲਵੰਡੀ ਸਾਬੋ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਵੋਟਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ।  ਜਦੋਂ ਲੋਕ ਸਭਾ ਚੋਣਾਂ ਸਨ ਤਾਂ ਉਦੋਂ ਇਸ ਵੱਡੇ ਪਰਿਵਾਰ ’ਤੇ ਇਤਰਾਜ਼ ਉੱਠੇ ਸਨ ਪ੍ਰੰਤੂ ਚੋਣ ਕਮਿਸ਼ਨ ਨੇ ਇਹ ਇਤਰਾਜ਼ ਰੱਦ ਕਰ ਦਿੱਤੇ ਸਨ ਕਿਉਂਕਿ ਧਾਰਮਿਕ ਰਵਾਇਤ ਦੇ ਤੌਰ ’ਤੇ ਸਭ ਇੱਕ ਮੁਖੀ ਨੂੰ ਪਿਤਾ ਦਾ ਦਰਜਾ ਦੇ ਸਕਦੇ ਹਨ ਅਤੇ ਪਿਤਾ ਵਜੋਂ ਵੋਟਰ ਸੂਚੀ ਵਿੱਚ ਨਾਮ ਲਿਖਵਾ ਸਕਦੇ ਹਨ। ਉਧਰ ਆਮ ਆਦਮੀ ਪਾਰਟੀ ਦੇ ਸਟੇਟ ਕਮੇਟੀ ਮੈਂਬਰ ਅੰਮ੍ਰਿਤ ਲਾਲ ਅਗਰਵਾਲ ਦਾ ਕਹਿਣਾ ਸੀ ਕਿ ਉਹ ਨਿਹੰਗ ਸਿੰਘਾਂ ਦੇ ਪਰਿਵਾਰ ਦਾ ਸਤਿਕਾਰ ਕਰਦੇ ਹਨ। ਉਹ ਇਸ ਪਰਿਵਾਰ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਉਣਗੇ ਅਤੇ ਵੋਟ ਪਾਉਣ ਦੀ ਅਪੀਲ ਕਰਨਗੇ।