ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜ. ਸਕੱਤਰ ਨੇ ਕੀਤੀ ਆਤਮ-ਹੱਤਿਆ

252

ਫਗਵਾੜਾ :  ਸ਼੍ਰੋਮਣੀ ਅਕਾਲੀ ਦਲ (ਬ)  ਦੇ ਜ਼ਿਲਾ ਕਪੂਰਥਲਾ ਦੇ ਜਨਰਲ ਸਕੱਤਰ ਬੂਟਾ ਸਿੰਘ ਪੁੱਤਰ ਮਹਿੰਗਾ ਰਾਮ ਵਾਸੀ ਪਿੰਡ ਮਾਨਾਂਵਾਲੀ ਤਹਿਸੀਲ ਫਗਵਾੜਾ ਦੀ ਭੇਦਭਰੀ ਹਾਲਤ ‘ਚ ਕਥਿਤ ਤੌਰ ‘ਤੇ ਸਲਫਾਸ ਦੀਆਂ ਗੋਲੀਆਂ ਨਿਗਲਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਭਾਰਤੀ ਫੌਜ ‘ਚ ਬਤੌਰ ਸੂਬੇਦਾਰ ਦੇ ਆਹੁੱਦੇ ਤੋਂ ਰਿਟਾਇਰ ਹੋਇਆ ਸੀ ਅਤੇ ਪਿੰਡ ਮਾਨਾਂਵਾਲੀ ‘ਚ ਨੰਬਰਦਾਰ ਹੋਣ ਦੇ ਇਲਾਵਾ ਸ਼੍ਰੋਅਦ (ਬ) ਦੇ ਸਰਕਲ ਅਠੌਲੀ (ਫਗਵਾੜਾ) ਦਾ ਇੰਚਾਰਜ ਵੀ ਸੀ।

ਥਾਣਾ ਸਦਰ ਦੇ ਪੁਲਸ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਲਿਖਿਆ ਸੀ, ਜਿਸ ਮੁਤਬਕ ਉਸ ਨੇ ਆਪਣੇ 4 ਕਰੀਬੀ ਸਾਥੀਆਂ, ਜੋ ਉਸ ਦੇ ਦੋਸਤ ਸਨ, ਨੂੰ 15 ਲੱਖ ਰੁਪਏ ਉਧਾਰ ਦੇ ਤੌਰ ‘ਤੇ ਦਿੱਤੇ ਹੋਏ ਹਨ ਪਰ ਹੁਣ ਜਦੋਂ ਉਹ ਆਪਣੇ ਰੁਪਏ ਉਕਤ ਦੋਸਤਾਂ ਤੋਂ ਮੰਗਦਾ ਹੈ ਤਾਂ ਸਾਰੇ ਉਸ ਨੂੰ ਵੱਖ-ਵੱਖ ਤਰ੍ਹਾਂ ਦੇ ਬਹਾਨੇ ਲਗਾ ਕੇ ਟਾਲ-ਮਟੋਲ ਕਰ ਰਹੇ ਹਨ। ਇਸ ਹੀ ਤੋਂ ਦੁਖੀ ਹੋ ਕੇ ਉਹ ਆਤਮ-ਹੱਤਿਆ ਕਰਕੇ ਆਪਣੀ ਜੀਵਨ ਲੀਲਾ ਦਾ ਅੰਤ ਕਰਨ ਜਾ ਰਿਹਾ ਹੈ।

ਦੇਰ ਰਾਤ ਉਕਤ ਮਾਮਲੇ ਨੂੰ ਲੈ ਕੇ ਪੁਲਸ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਦਰਜ ਨਹੀਂ ਕੀਤਾ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ।  ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਫਗਵਾੜਾ ਦੇ ਸਾਬਕਾ ਚੇਅਰਮੈਨ ਸਰਬਣ ਸਿੰਘ ਕੁਲਾਰ ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਸ਼੍ਰੋਅਦ (ਬ) ਦਾ ਜ਼ਿਲਾ ਜਨਰਲ ਸਕੱਤਰ ਵੀ ਸੀ ਅਤੇ ਸਰਕਲ ਅਠੌਲੀ ਫਗਵਾੜਾ ਲਈ ਅਕਾਲੀ ਦਲ (ਬ) ਦਾ ਇੰਚਾਰਜ ਸੀ।