ਡੇਰਿਆ ‘ਤੇ ‘ਡੋਰੇ’ ਪਾ ਰਹੇ ਹਨ ਨੇਤਾ, ਡੇਰਾ ਪ੍ਰੇਮੀਆਂ ਦੀਆਂ ਵੋਟਾਂ ‘ਕੈਸ਼’ ਕਰਨ ਦੀ ਫਿਰਾਕ ‘ਚ ਸਿਆਸੀ ਦਲ

265

ਚੰਡੀਗੜ੍ਹ :ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸ਼ਾਹੀ ਇਮਾਮ ਸੱਯਦ ਬੁਖਾਰੀ ਨਾਲ ਮੁਲਾਕਾਤ ਨੇ ਬੇਸ਼ੱਕ ਰਾਜਨੀਤਿਕ ਬਵਾਲ ਮਚਾ ਦਿੱਤਾ ਹੋਵੇ ਪਰ ਪੰਜਾਬ ਦੇ ਸਿਆਸੀ ਨੇਤਾਵਾਂ ਦੀਆਂ ਧਰਮ ਗੁਰੂਆਂ ਨਾਲ ਮੁਲਾਕਾਤਾਂ ਲਗਾਤਾਰ ਜਾਰੀ ਹਨ। ਇਸ ਨੂੰ ਵੋਟਾਂ ਦਾ ਧਰੁਵੀਕਰਨ ਕਹੀਏ ਜਾਂ ਕੁੱਝ ਹੋਰ ਪਰ ਸੱਚ ਤਾਂ ਇਹੀ ਹੈ ਕਿ ਸਿਆਸੀ ਦਲ ‘ਧਾਰਮਿਕ ਗੁਰੂਆਂ’ ਤੇ ‘ਡੇਰਿਆਂ’ ‘ਤੇ ਸੀਸ ਝੁਕਾ ਕੇ ਆਪਣੀ ਜਿੱਤ ਦਾ ਰਾਹ ਲੱਭ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਇਸ ਵਿਚ ਪਿੱਛੇ ਨਹੀਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀਂ ਜਲੰਧਰ ਦੇ ਨਜ਼ਦੀਕ ਡੇਰਾ ਬਾਬਾ ਲਾਲ ਨਾਥ ਜੀ ਦੇ ਦਰ ‘ਤੇ ਸੀਸ ਝੁਕਾਇਆ ਸੀ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਡੇਰਾ ਪਮੁੱਖ ਨਾਲ  ਕਰੀਬ 20 ਮਿੰਟ ਤੱਕ ਬੰਦ ਕਮਰੇ ਵਿਚ ਗੱਲਬਾਤ ਕੀਤੀ। ਹਾਲਾਂਕਿ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੁਲਾਕਾਤ ਨੂੰ ਆਮ ਮੁਲਾਕਾਤ ਕਿਹਾ ਸੀ ਪਰ ਜਲੰਧਰ ਸੰਸਦੀ ਖੇਤਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਮੌਜੂਦਗੀ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ। ਚਰਚਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਡੇਰਾ ਪ੍ਰਮੁੱਖ ਨਾਲ ਗੱਲਬਾਤ ਵਿਚ ਪਵਨ ਕੁਮਾਰ ਟੀਨੂੰ ਲਈ ਡੇਰਾ ਪ੍ਰੇਮੀਆਂ ਦਾ ਸਮਰਥਨ ਮੰਗਿਆ ਹੈ। ਇਸ ਕੜੀ ਵਿਚ ਪਿਛਲੇ ਦਿਨੀਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਵਿਚ ਭੁੱਚੋ ਕਲਾਂ ਵਿਚ ਡੇਰਾ ਬਾਬਾ ਰੂਮੀ ਵਾਲਾ ਦੇ ਸਾਹਮਣੇ ਮੱਥਾ ਟੇਕਿਆ। ਸੁਖਬੀਰ ਬਾਦਲ ਕਰੀਬ ਇਕ ਘੰਟੇ ਤੱਕ ਡੇਰੇ ਵਿਚ ਰਹੇ ਤੇ ਉਨ੍ਹਾਂ ਨੇ ਡੇਰਾ ਪ੍ਰਮੁੱਖ ਨਾਲ ਲੰਬੀ ਗੱਲਬਾਤ ਕੀਤੀ। ਪੰਜਾਬੀ ਗਾਇਕ ਹੰਸ ਰਾਜ ਹੰਸ ਨਾਲ ਡੇਰਾ ਪਹੁੰਚੇ ਸੁਖਬੀਰ ਸਿੰਘ ਬਾਦਲ ਦੇ ਇਸ ਦੌਰੇ ਨੂੰ ਲੈ ਕੇ ਚਰਚਾ ਰਹੀ ਕਿ ਇਸ ਦੌਰੇ ਦਾ ਮੁੱਖ ਮਕਸਦ ਡੇਰਾ ਪ੍ਰੇਮੀਆਂ ਤੋਂ ਬਠਿੰਡਾ ਸੰਸਦੀ ਖੇਤਰ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ‘ਸਮਰਥਨ’ ਮੰਗਣ ‘ਤੇ ਕੇਂਦਰਿਤ ਸੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਦੌਰੇ ਨੂੰ ਸਿਰਫ਼ ਬਾਬਾ ਜੀ ਦਾ ਆਸ਼ੀਰਵਾਦ ਲੈਣ ਤਕ ਸੀਮਤ ਕਿਹਾ ਸੀ।
ਇਸ ਤੋਂ ਪਹਿਲਾਂ ਵੀ ਇਨ੍ਹਾਂ ਲੋਕਸਭਾ ਚੋਣਾਂ ਵਿਚ ‘ਧਰਮ ਗੁਰੂਆਂ’ ਤੇ ‘ਡੇਰਿਆਂ’ ਨੂੰ ਲੈ ਕੇ ਮਾਹੌਲ ਗਰਮਾਉਂਦਾ ਰਿਹਾ ਹੈ। ਮਾਰਚ ਮਹੀਨੇ ਵਿਚ ਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਦਲ ਪਰਿਵਾਰ ਨੂੰ ‘ਡੇਰਾ ਸੱਚਾ ਸੌਦਾ’ ਤੋਂ ਦੂਰੀ ਬਣਾਈ ਰੱਖਣ ਦੀ ਚਿਤਾਵਨੀ ਦੇ ਕੇ ਮਾਹੌਲ ਗਰਮਾ ਦਿੱਤਾ ਸੀ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਜੇਕਰ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਡੇਰਾ ਸਿਰਸਾ ਦੇ ਦਰ ‘ਤੇ ਜਾਂਦਾ ਹੈ ਤਾਂ ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ‘ਡੇਰਾ ਸੱਚਾ ਸੌਦਾ’ ਦੇ ਪ੍ਰੇਮੀਆਂ ਦੀ ਪੰਜਾਬ ਵਿਚ ਬਹੁਤ ਜ਼ਿਆਦਾ ਗਿਣਤੀ ਹੈ, ਇਸ ਲਈ ਸਿਆਸੀ ਦਲ ਡੇਰਾ ਸਿਰਸਾ ਦੇ ਸਮਰਥਨ ਨੂੰ ਲੈ ਕੇ ਕਾਫ਼ੀ ਉਤਸੁਕ ਰਹਿੰਦੇ ਹਨ। 2007 ਵਿਚ ਡੇਰਾ ਸੱਚਾ ਸੌਦਾ ਹੀ ਸੀ, ਜਿਸ ਨੇ ਵਿਧਾਨਸਭਾ ਚੋਣਾਂ ਵਿਚ ਸਿੱਧਾ ਦਖਲ ਦੇ ਕੇ ਕਾਂਗਰਸ ਦੇ ਹੱਕ ਵਿਚ ਸਮਰਥਕਾਂ ਨੂੰ ਵੋਟਾਂ ਦੀ ਅਪੀਲ ਕੀਤੀ ਸੀ। ਇਸ ਦੇ ਕਾਰਨ ਹੀ ਅਕਾਲੀ ਦਲ ਨੂੰ ਮਾਲਵੇ ਵਿਚ ਕਰਾਰੀ ਹਾਰ ਮਿਲੀ ਸੀ। ਹਾਲਾਂਕਿ ਬਾਅਦ ਵਿਚ ਡੇਰਾ ਸੱਚਾ ਸੌਦਾ ਪ੍ਰਮੁੱਖ ਨੇ ਕਿਸੇ ਵੀ ਸਿਆਸੀ ਦਲ ਨੂੰ ਖੁੱਲ੍ਹੇ ਤੌਰ ‘ਤੇ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਪੰਜਾਬ ਵਿਚ ਹਨ ਸੈਂਕੜੇ ਡੇਰੇ 
ਪੰਜਾਬ ਰਾਜ ਵਿਚ ਡੇਰਾਵਾਦ ਦੇ ਪ੍ਰਤੀ ਲੋਕਾਂ ਵਿਚ ਗਹਿਰੀ ਆਸਥਾ ਹੈ। ਉਂਝ ਤਾਂ ਪੰਜਾਬ ‘ਚ ਡੇਰਿਆਂ ਦੀ ਗਿਣਤੀ ਸੈਂਕੜਿਆਂ ਵਿਚ ਹੈ ਪਰ ਪ੍ਰਮੁੱਖ ਡੇਰੇ ਸੀਮਤ ਹਨ। ਇਨ੍ਹਾਂ ਵਿਚ ਰਾਧਾ ਸੁਆਮੀ ਸਤਿਸੰਗ, ਨਿਰੰਕਾਰੀ, ਡੇਰਾ ਸੱਚ ਖੰਡ ਬੱਲਾਂ, ਡੇਰਾ ਸੱਚਾ ਸੌਦਾ, ਨਾਮਧਾਰੀ, ਡੇਰਾ ਬਾਬਾ ਰੂਮੀ ਵਾਲੇ, ਬਾਬਾ ਭਨਿਆਰਾਂਵਾਲਾ, ਡੇਰਾ ਹੰਸਾਲੀ ਵਾਲੇ, ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਰਗੇ ਪ੍ਰਮੁੱਖ ਡੇਰੇ ਸ਼ਾਮਲ ਹਨ। ਉੱਥੇ ਹੀ ਛੋਟੇ ਡੇਰੇ ਪੰਚਾਇਤਾਂ ਤੋਂ ਸ਼ਹਿਰਾਂ ਤਕ ਫੈਲੇ ਹੋਏ ਹਨ। ਸਿਆਸਤਦਾਨਾਂ ਵਲੋਂ ਡੇਰਿਆਂ ਵਿਚ ਸੀਸ ਝੁਕਾਉਣ ਦੀ ਪ੍ਰੰਪਰਾ ਕਾਫ਼ੀ ਦੇਰ ਤੋਂ ਚੱਲੀ ਆ ਰਹੀ ਹੈ। ਉਂਝ ਤਾਂ ਡੇਰਿਆਂ ਪ੍ਰਤੀ ਪੰਜਾਬ ਦੇ ਸਿਆਸਤਦਾਨਾਂ ਦੀ ਆਸਥਾ ਦੀ ਸ਼ੁਰੂਆਤ ਗਿਆਨ ਜੈਲ ਸਿੰਘ ਦੇ ਸਮੇਂ ਤੋਂ ਸ਼ੁਰੂ ਮੰਨੀ ਜਾਂਦੀ ਹੈ। ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨ ਜੈਲ ਸਿੰਘ ਨੇ 1972 ਵਿਚ ਮੁੱਖ ਮੰਤਰੀ ਬਣਨ ਤੋਂ ਬਾਅਦ ਸਿੱਖ ਰਾਜਨੀਤੀ ‘ਤੇ ਆਪਣਾ ਪ੍ਰਭਾਵ ਵਧਾਉਣ ਲਈ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਡੇਰਿਆਂ ਵਿਚ ਜਾਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਜਦੋਂ ਸਾਲ 1997 ਵਿਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ, ਉਹ ਵੀ ਡੇਰਿਆਂ ‘ਤੇ ਜਾਣ ਲੱਗੇ। 2002 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਗਿਆਨੀ ਜੈਲ ਸਿੰਘ ਦੀ ਨੀਤੀ ਨੂੰ ਜਾਰੀ ਰੱਖਦਿਆਂ ਡੇਰਿਆਂ ‘ਤੇ ਡੇਰਾ ਜਮਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕੈਪਟਨ ਨੇ ਪੰਥ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਜ਼ੋਰ ਦਾ ਝਟਕਾ ਦਿੰਦਿਆਂ ਮਾਲਵਾ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਮੰਨੇ ਜਾਣ ਵਾਲੇ ਡੇਰਾ ਸੱਚਾ ਸੌਦਾ ਦਾ ਸਮਰਥਨ ਹਾਸਲ ਕਰਕੇ ਮਾਲਵਾ ਵਿਚ ਅਕਾਲੀ ਦਲ ਦਾ ਸਮੀਕਰਨ ਵਿਗਾੜ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਵੀ ਝੁਕਾ ਚੁੱਕੇ ਹਨ ਸੀਸ 
ਕਾਂਗਰਸ ਦੇ ਸੀਨੀਅਰ ਨੇਤਾ ਤੇ ਅੰਮ੍ਰਿਤਸਰ ਸੰਸਦੀ ਖੇਤਰ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੀ ਡੇਰਾ ‘ਭਗਤੀ’ ਵਿਚ ਲੀਨ ਹਨ। ਅੰਮ੍ਰਿਤਸਰ ਵਿਚ ਪ੍ਰਚਾਰ ਤੋਂ ਪਹਿਲਾਂ ਉਨ੍ਹਾਂ ਨੇ ਵੀ ਭੁੱਚੋ ਕਲਾਂ ਸਥਿਤ ਡੇਰਾ ਬਾਬਾ ਰੂਮੀ ਵਾਲੇ ਦੇ ਦਰ ‘ਤੇ ਸੀਸ ਝੁਕਾਇਆ ਸੀ। ਇਸ ਦੌਰਾਨ ਕੈਪਟਨ ਨੇ ਡੇਰਾ ਪ੍ਰਮੁੱਖ ਨਾਲ ਬੰਦ ਕਮਰੇ ਵਿਚ ਕਾਫ਼ੀ ਦੇਰ ਤਕ ਗੱਲਬਾਤ ਕੀਤੀ ਸੀ। ਹਾਲਾਂਕਿ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੌਰੇ ਨੂੰ ਸਿਰਫ਼ ਡੇਰੇ ਪ੍ਰਤੀ ਆਪਣੀ ਸ਼ਰਧਾ ਹੀ ਦੱਸਿਆ ਸੀ।

ਰਾਮਚੰਦਰ ਦੀ ਦੁਹਾਈ ਦਿੱਤੀ ਰਾਮਦੇਵ ਨੇ 
ਸ੍ਰੀ ਆਨੰਦਪੁਰ ਸਾਹਿਬ ਸੰਸਦੀ ਖੇਤਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਫਾਇਦੇ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਉਨ੍ਹਾਂ ਨੇ ਆਪਣੇ ਖੇਤਰ ਵਿਚ ਪ੍ਰਚਾਰ ਲਈ  ਰਾਮਦੇਵ ਨੂੰ ਬੁਲਾਇਆ ਤੇ ਰਾਮਦੇਵ ਨੇ ਇੱਥੇ ਰਾਮ ਚੰਦਰ ਦਾ ਨਾਮ ‘ਜਪ’ ਦਿੱਤਾ। ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਉਮੀਦਵਾਰ ਅੰਬਿਕਾ ਸੋਨੀ ‘ਤੇ ਵਿਅੰਗ ਕਰਦਿਆਂ ਕਿਹਾ ਕਿ ਅੰਬਿਕਾ ਸੋਨੀ ਰਾਮ ਚੰਦਰ ਨੂੰ ਹੀ ਨਹੀਂ ਮੰਨਦੀ ਤਾਂ ਲੋਕਾਂ ਦਾ ਕੀ ਭਲਾ ਕਰੇਗੀ। ਉਨ੍ਹਾਂ ਕਿਹਾ ਕਿ ਸੋਨੀ ਨੇ ਰਾਮਸੇਤੂ ਮਾਮਲੇ ‘ਚ ਅਦਾਲਤ ਵਿਚ ਜੋ ਸਹੁੰ ਪੱਤਰ ਦਿੱਤਾ ਸੀ, ਉਸ ਵਿਚ ਕਿਹਾ ਸੀ ਕਿ ਰਾਮ ਨਾਮ ਦਾ ਕੋਈ ਵਿਅਕਤੀ ਹੀ ਨਹੀਂ ਹੈ।