ਭਾਈ ਗੁਰਦਾਸ ਪੰਜਾਬੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ

433

ਮੈਲਬੋਰਨ (ਮਨਦੀਪ ਸਿੰਘ ਸੈਣੀ)-ਮੈਲਬੋਰਨ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਵਲੋਂ ਚਲਾਏ ਜਾ ਰਹੇ ਭਾਈ ਗੁਰਦਾਸ ਪੰਜਾਬੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਬੀਤੇ ਐਤਵਾਰ ਕੀਤਾ ਗਿਆ।ਇਹ ਸਕੂਲ ਸੂਬੇ ਦੇ ਅਰਲੀ ਚਾਈਲਡਹੁੱਡ ਡਿਵੈਲਪਮੈਂਟ ਅਤੇ ਡਿਪਾਰਟਮੈਂਟ ਆਫ ਐਜੂਕੇਸ਼ਨ ਨਾਲ ਰਜਿਸਟਰਡ ਹੈ।

ਇਹ ਸਕੂਲ ਗੁਰਦੁਆਰਾ ਸਾਹਿਬ ਵਲੋਂ ਪਹਿਲਾਂ-ਪਹਿਲ ਇਕ ਕਮਰੇ ‘ਚ ਸ਼ੁਰੂ ਕੀਤਾ ਗਿਆ ਸੀ ਪਰ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਮੁੱਖ ਰੱਖਦਿਆਂ ਪਿਛਲੇ ਕੁਝ ਮਹੀਨਿਆਂ ਤੋਂ ਸਕੂਲ਼ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚਲ ਰਿਹਾ ਸੀ । ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦਿਆਂ ਸਕੂਲ਼ ‘ਚ ਜਮਾਤਾਂ ਲਈ ਕਮਰਿਆਂ ਤੋਂ ਇਲਾਵਾ ਵੱਡਾ ਹਾਲ ਵੀ ਬਣਾਇਆ ਗਿਆ ਹੈ, ਜਿਸ ਵਿੱਚ ਬੱਚਿਆਂ ਲਈ ਸਮੇਂ-ਸਮੇਂ ‘ਤੇ ਕਵਿਤਾ ਉਚਾਰਣ ਅਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਜਾ ਸਕਣਗੇ। ਇੱਥੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਬਿਨਾਂ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਵੀ ਜੋੜਿਆ ਜਾਂਦਾ ਹੈ ।

ਇਸ ਸਮੇਂ ਸਕੂਲ ‘ਚ 125 ਵਿਦਿਆਰਥੀਆਂ ਨੂੰ ਤਜ਼ਰਬੇਕਾਰ ਅਧਿਆਪਕ ਸਿੱਖਿਆ ਦੇ ਰਹੇ ਹਨ। ਸਕੂਲ ਦੇ ਇਕ ਅਧਿਆਪਕ ਰਾਜਵੀਰ ਸਿੰਘ ਦੇ ਅਨੁਸਾਰ ਸਕੂਲ਼ ਵਿੱਚ ਬੱਚਿਆਂ ਦੀਆਂ ਲੋੜਾਂ ਮੁਤਾਬਕ ਹਰ ਤਰਾਂ ਦੀਆਂ ਆਧੁਨਿਕ ਤਕਨੀਕਾਂ ਨਾਲ ਪੜ੍ਹਾਈ ਕਰਵਾਉਣ ਲਈ ਸਾਧਨ ਮੁਹੱਈਆ ਹਨ।ਇਸ ਮੌਕੇ ਗੁਰਦੁਆਰਾ ਸਾਹਿਬ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਰੇਵਾਲ, ਸਕੱਤਰ ਸ. ਗੁਰਦੀਪ ਸਿੰਘ ਮਠਾਰੂ, ਸ. ਸਤਨਾਮ ਸਿੰਘ ਪਾਬਲਾ, ਸ.ਜਸਵੀਰ ਸਿੰਘ ਉੱਪਲ ਅਤੇ ਹੋਰ ਕਮੇਟੀ ਮੈਂਬਰਾਂ ਤੋਂ ਇਲਾਵਾ ਮੈਲਬੋਰਨ ਦੀਆਂ ਕਈ ਸਖਸ਼ੀਅਤਾਂ ਹਾਜ਼ਰ ਸਨ।