ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਯਾਦਾ ਲਈ ਗੁਰਦੁਆਰਾ ਸਾਹਿਬ ਕੀਜ਼ਬਰੋ ਵਿਖੇ ਵਿਸ਼ੇਸ਼ ਪ੍ਰਾਜੈਕਟ ਦਾ ਉਦਘਾਟਨ

547
S Sukhbir SIngh delivering information about the project

ਮੈਲਬੋਰਨ (ਮਨਦੀਪ ਸਿੰਘ ਸੈਣੀ)-ਮੈਲਬੋਰਨ ਦੇ ਗੁਰਦੁਆਰਾ ਸਾਹਿਬ ਕੀਜ਼ਬਰੋ ਵਿਖੇ ਇਕੱਤਰ ਹੋਈਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ-ਮਰਿਆਦਾ ਦੀ ਬਰਕਰਾਰੀ ਲਈ ਵਿਕਸਤ ਕੀਤੀ ਗਈ ਵਿਧੀ ਅਤੇ ਸੰਬੰਧਿਤ ਰਿਕਾਰਡਾਂ ਦੇ ਕੰਪਿਊਟਰੀਕਰਨ ਸੰਬੰਧੀ ਪ੍ਰਾਜੈਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।

ਇਸ ਜਾਣਕਾਰੀ ਦਾ ਆਗ਼ਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੇ ਟੈਲੀਫ਼ੋਨ ਰਾਹੀਂ ਦਿੱਤੇ ਗਏ ਲਾਈਵ ਸੁਨੇਹੇ ਨਾਲ ਹੋਇਆ। ਸਿੰਘ ਸਾਹਿਬ ਨੇ ਇਸ ਪ੍ਰਾਜੈਕਟ ਦੀ ਭਰਪੂਰ ਹਮਾਇਤ ਕਰਦਿਆਂ ਦੱਸਿਆ ਕਿ ਉਹ ਇਸ ਪ੍ਰਾਜੈਕਟ ਸੰਬੰਧੀ ਜਲਦੀ ਹੀ ਮੈਲਬੋਰਨ ਆ ਕੇ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕਰਨਗੇ।

ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਵਿਧੀ ਨੂੰ ਲਾਗੂ ਕਰਨ ਨਾਲ ਗੁਰੂ ਸਾਹਿਬ ਜੀ ਦੇ ਹਰ ਸਰੂਪ ਦੀ ਇੱਕ ਵਿਲੱਖਣ ਪਛਾਣ ਹੋਵੇਗੀ। ਇਸ ਦੀ ਪਛਾਣ ਹਰ ਅੰਗ ‘ਤੇ ਬਣੇ ਹਾਸ਼ੀਏ ‘ਚ ਫ਼ੁੱਲਾਂ ਦੇ ਰੂਪ ‘ਚ ਹੋਵੇਗੀ। ਇਨ੍ਹਾਂ ਫ਼ੁੱਲਾਂ ਦੀ ਬਣਤਰ ਤੋਂ ਇਹ ਪਤਾ ਲਗਾਇਆ ਜਾ ਸਕੇਗਾ ਕਿ ਇਹ ਕਿੰਨਵਾਂ ਸਰੂਪ ਹੈ, ਕਦੋਂ ਪ੍ਰਕਾਸ਼ਨ ਹੋਇਆ ਅਤੇ ਕਿੱਥੋਂ ਪ੍ਰਕਾਸ਼ਨ ਹੋਇਆ। ਸ. ਸੁਖਬੀਰ ਸਿੰਘ ਨੇ ਇਹ ਵੀ ਦੱਸਿਆ ਇਸ ਵਿਲੱਖਣ ਪਛਾਣ ਨਾਲ ਸਰੂਪ ਪ੍ਰਾਪਤ ਕਰਤਾ ਅਤੇ ਉਸ ਵਿਸ਼ੇਸ਼ ਪਾਵਨ ਸਰੂਪ ਦਾ ਸਾਰਾ ਵੇਰਵਾ ਕੰਪਿਊਟਰ ‘ਚ ਸੰਭਾਲਿਆ ਜਾ ਸਕੇਗਾ। ਕੰਪਿਊਟਰੀਕਨ ਰਾਹੀਂ ਸਰੂਪ ਪ੍ਰਾਪਤ ਕਰਤਾ ਨਾਲ ਲਗਾਤਾਰ ਸੰਪਰਕ ਵੀ ਰੱਖਿਆ ਜਾ ਸਕੇਗਾ, ਜੋ ਕਿ ਬਿਲਕੁਲ ਆਟੋਮੈਟਿਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਵਿਧੀ ਸਰੂਪ ਪ੍ਰਾਪਤ ਕਰਤਾ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰੱਖੇਗੀ ਅਤੇ ਕਿਸੇ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਮਾੜੀ ਹਰਕਤ ਦਾ ਮੌਕਾ ਹੀ ਨਹੀਂ ਮਿਲ ਸਕੇਗਾ। ਸ. ਸੁਖਬੀਰ ਸਿੰਘ ਨੇ ਇਸ ਸੰਬੰਧ ਵਿੱਚ ਤਿਆਰ ਕੀਤੀ ਗਏ ਸਾਫਟਵੇਅਰ ਬਾਰੇ ਵੀ ਜਾਣਕਾਰੀ ਦਿੱਤੀ।

Read News in English: http://singhstation.net/2013/09/computerisation-project-of-guru-granth-sahib-jis-saroops-inaugrated-at-gurdwara-sahib-keysborough/

[divide]

Source: Jag Bani